ਫਰਜ਼ੀ ਫੇਸਬੁੱਕ ਆਈ. ਡੀ. ਬਣਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ
Saturday, Jan 27, 2018 - 12:06 PM (IST)

ਫ਼ਰੀਦਕੋਟ (ਹਾਲੀ) - ਸਰਕਾਰੀ ਬ੍ਰਜਿੰਦਰਾ ਕਾਲਜ 'ਚ ਪੜ੍ਹਦੀਆਂ ਤਿੰਨ ਵਿਦਿਆਰਥਣਾਂ ਦੀ ਕੁਝ ਸ਼ਰਾਰਤੀ ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਫਰਜ਼ੀ ਫੇਸਬੁੱਕ ਆਈ. ਡੀ. ਬਣਾ ਕੇ ਪ੍ਰੋਫਾਈਲ 'ਤੇ ਉਨ੍ਹਾਂ ਦੀਆਂ ਫੋਟੋਆਂ ਵੀ ਲਾ ਦਿੱਤੀਆਂ ਗਈਆਂ।
ਪੀੜਤ ਵਿਦਿਆਰਥਣਾਂ ਨੇ ਇਸ ਸਬੰਧੀ ਜ਼ਿਲਾ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਪੁਲਸ ਵਿਭਾਗ ਹੁਣ ਇਸ ਮਾਮਲੇ ਦੀ ਪੜਤਾਲ ਕਰ ਰਿਹਾ ਹੈ। ਪੀੜਤਾਂ ਨੇ ਇੱਥੇ ਦੱਸਿਆ ਕਿ 20 ਦਸੰਬਰ ਨੂੰ ਉਨ੍ਹਾਂ ਦੇ ਨਾਂ 'ਤੇ ਕਿਸੇ ਵਿਅਕਤੀ ਵੱਲੋਂ ਫਰਜ਼ੀ ਫੇਸਬੁੱਕ ਆਈ. ਡੀ. ਬਣਾਈ ਗਈ ਹੈ ਅਤੇ ਇਸ 'ਤੇ ਉਨ੍ਹਾਂ ਦੀਆਂ ਫੋਟੋਆਂ ਵੀ ਲਾਈਆਂ ਗਈਆਂ ਹਨ, ਜਦਕਿ ਉਨ੍ਹਾਂ ਦਾ ਇਸ ਫੇਸਬੁੱਕ ਅਕਾਊਂਟ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ 2 ਜਨਵਰੀ ਨੂੰ ਪੁਲਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਨੇ 20 ਦਿਨ ਬੀਤਣ ਤੋਂ ਬਾਅਦ ਵੀ ਇਸ ਮਾਮਲੇ ਦੀ ਅਸਲੀਅਤ ਸਾਹਮਣੇ ਨਹੀਂ ਲਿਆਂਦੀ। ਅੱਜ ਪੀੜਤ ਵਿਦਿਆਰਥਣਾਂ ਦੁਬਾਰਾ ਫਿਰ ਪੁਲਸ ਮੁਖੀ ਸਾਹਮਣੇ ਪੇਸ਼ ਹੋਈਆਂ।
ਜ਼ਿਲਾ ਪੁਲਸ ਮੁਖੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਜਲਦ ਪੜਤਾਲ ਕਰ ਕੇ ਦੋਸ਼ੀਆਂ ਦੀ ਸ਼ਨਾਖਤ ਕਰ ਲਈ ਜਾਵੇਗੀ। ਕੁਝ ਦਿਨ ਪਹਿਲਾਂ ਇੱਥੋਂ ਦੇ ਇਕ ਨਿੱਜੀ ਸਕੂਲ ਦੀ ਅਧਿਆਪਕਾ ਦੀ ਵੀ ਫਰਜ਼ੀ ਫੇਸਬੁੱਕ ਆਈ. ਡੀ. ਬਣਾ ਕੇ ਉਸ 'ਤੇ ਇਤਰਾਜ਼ਯੋਗ ਸਮੱਗਰੀ ਪਾ ਦਿੱਤੀ ਸੀ। ਪੁਲਸ ਨੇ ਇਸ ਮਾਮਲੇ 'ਚ ਇਕ ਦੋਸ਼ੀ ਦੀ ਸ਼ਨਾਖਤ ਵੀ ਕਰ ਲਈ ਹੈ।
ਪੀ. ਐੱਸ. ਯੂ. ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਤਿੰਨ ਵਿਦਿਆਰਥਣਾਂ ਦੀ ਫਰਜ਼ੀ ਫੇਸਬੁੱਕ ਆਈ. ਡੀ. ਬਣਾਈ ਗਈ ਹੈ, ਉਹ ਪੇਂਡੂ ਦਲਿਤ ਪਰਿਵਾਰ ਨਾਲ ਸਬੰਧਤ ਹਨ। ਉਕਤ ਵਿਦਿਆਰਥਣਾਂ ਵਿਦਿਆਰਥੀਆਂ ਦੇ ਹੱਕਾਂ ਲਈ ਵੀ ਆਵਾਜ਼ ਉਠਾਉਂਦੀਆਂ ਰਹਿੰਦੀਆਂ ਹਨ, ਜੇਕਰ ਵਿਦਿਆਰਥਣਾਂ ਦੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਨਾ ਹੋਈ ਤਾਂ ਉਹ ਉਨ੍ਹਾਂ ਨੂੰ ਨਾਲ ਲੈ ਕੇ ਪੁਲਸ ਖਿਲਾਫ਼ ਧਰਨੇ 'ਤੇ ਬੈਠ ਜਾਣਗੇ।