ਸਾਵਧਾਨ : ਨਕਲੀ ਦੇਸੀ ਘਿਉ ਵੇਚਣ ’ਤੇ ਹੋ ਸਕਦੈ 10 ਲੱਖ ਰੁਪਏ ਤੱਕ ਦਾ ਜੁਰਮਾਨਾ

Thursday, Aug 30, 2018 - 02:34 AM (IST)

ਸਾਵਧਾਨ : ਨਕਲੀ ਦੇਸੀ ਘਿਉ ਵੇਚਣ ’ਤੇ ਹੋ ਸਕਦੈ 10 ਲੱਖ ਰੁਪਏ ਤੱਕ ਦਾ ਜੁਰਮਾਨਾ

ਨਵਾਂਸ਼ਹਿਰ,   (ਤ੍ਰਿਪਾਠੀ, ਮਨੋਰੰਜਨ)- ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਨਕਲੀ ਅਤੇ ਮਿਲਾਵਟੀ ਦੇਸੀ ਘਿਉ ਵੇਚਣ ਵਾਲਿਅਾਂ ਵਿਰੁੱਧ ਚੈਕਿੰਗ ਮੁਹਿੰਮ ਵੱਡੇ ਪੱਧਰ ’ਤੇ ਸ਼ੁਰੂ ਕਰਦੇ ਹੋਏ ਛਾਪੇਮਾਰੀ  ਕੀਤੀ ਜਾਵੇਗੀ। 
ਇਹ ਜਾਣਕਾਰੀ ਦਿੰਦਿਆਂ ਮਨੋਜ ਖੋਸਲਾ ਸਹਾਇਕ ਕਮਿਸ਼ਨਰ (ਫੂਡ) ਨੇ ਦੁਕਾਨਦਾਰਾਂ ਨਾਲ ਇਸ ਸਬੰਧੀ ਰੱਖੀ ਮੀਟਿੰਗ ’ਚ ਦੱਸਿਆ ਕਿ  ਸਾਡੇ ਧਾਰਮਕ ਸਮਾਗਮਾਂ ਵਾਸਤੇ, ਬੀਮਾਰੀ ਲਈ ਅਤੇ ਇੱਥੋਂ ਤੱਕ ਕਿ ਬੱਚੇ ਦੇ ਪੈਦਾ ਹੋਣ ’ਤੇ ਤਾਕਤ ਲਈ ਵਰਤੇ ਜਾਣ ਵਾਲੇ ਦੇਸੀ ਘਿਉ ਵਿਚ ਵੀ ਮਿਲਾਵਟ ਹੈ, ਜੋ ਕਿ ਬਹੁਤ ਹੀ ਘਟੀਆ ਅਤੇ ਨਿੰਦਣਯੋਗ ਗੱਲ ਹੈ। ਕੁਝ ਦੁਕਾਨਦਾਰ ਭੋਲੇ-ਭਾਲੇ ਲੋਕਾਂ ਨੂੰ ਨਕਲੀ  ਤੇ ਮਿਲਾਵਟੀ ਦੇਸੀ ਘਿਉ  ਗੁੰਮਰਾਹ ਕਰ ਕੇ ਉੱਚੇ ਰੇਟਾਂ ’ਤੇ ਵੇਚ ਰਹੇ ਹਨ, ਜਦ ਕਿ ਕੁਝ ਬ੍ਰਾਂਡਾਂ ਵਿਚ ਦੇਸੀ ਘਿਉ ਨਾਂ ਦੀ ਚੀਜ਼ ਹੀ ਨਹੀਂ ਹੈ। ਕੇਵਲ ਗਾਹਕਾਂ ਨੂੰ ਭਰਮਾਉਣ ਦੇ ਮੰਤਵ ਨਾਲ  ਵਧੀਆ ਲੇਬਲ ਲਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 
ਉਨ੍ਹਾਂ  ਕਿਹਾ ਕਿ ਜੇਕਰ ਸ਼ੱਕ ਹੋਵੇ ਕਿ ਘਿਉ ਨਕਲੀ ਹੈ ਤਾਂ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਜਨਵਰੀ 2018 ਤੋਂ ਲੈ ਕੇ ਜੁਲਾਈ 2018 ਤੱਕ ਜ਼ਿਲੇ ਦੇ ਵੱਖ-ਵੱਖ ਕਸਬਿਆਂ ਤੋਂ ਵੱਖ-ਵੱਖ ਬ੍ਰਾਂਡ ਦੇ ਦੇਸੀ ਘਿਉ ਦੇ 21 ਸੈਂਪਲ ਭਰੇ ਗਏ। ਜਿਨ੍ਹਾਂ ਵਿਚੋਂ 10 ਸੈਂਪਲ ਮਿਲਾਵਟੀ, ਸਬਸਟੈਂਡਰਡ ਪਾਏ ਗਏ।  ਫੂਡ ਸੇਫਟੀ ਅਫਸਰ  ਰਾਖੀ ਵਿਨਾਇਕ ਅਤੇ ਸੰਗੀਤਾ ਸਹਿਦੇਵ ਨੇ ਦੱਸਿਆ ਕਿ ਨਕਲੀ ਦੇਸੀ ਘਿਉ ਵੇਚਣ ਦੇ ਦੋਸ਼ ਅਧੀਨ ਅਦਾਲਤ ਵੱਲੋਂ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਦੁਕਾਨਦਾਰ ਦਾ ਲਾਇਸੈਂਸ ਵੀ ਕੈਂਸਲ ਹੋ ਸਕਦਾ ਹੈ।
 


Related News