CBI ਅਫ਼ਸਰ ਬਣ ਗ੍ਰਿਫ਼ਤਾਰੀ ਦੀ ਡਰ ਦਿਖਾ ਕੇ 14 ਲੱਖ ਰੁਪਏ ਠੱਗੇ
Monday, Dec 29, 2025 - 01:37 PM (IST)
ਬਠਿੰਡਾ (ਸੁਖਵਿੰਦਰ) : ਬਠਿੰਡਾ ਦੇ ਇਕ ਵਿਅਕਤੀ ਨੂੰ ਸੀ. ਬੀ. ਆਈ. ਅਫ਼ਸਰ ਬਣ ਕੇ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ 24 ਲੱਖ ਰੁਪਏ ਦੀ ਠੱਗੀ ਮਾਰੀ। ਬਠਿੰਡਾ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਨੇ ਸਾਈਬਰ ਕ੍ਰਾਈਮ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ’ਚ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਇਕ ਅਣਜਾਣ ਔਰਤ ਨੇ ਉਸਨੂੰ ਫੋਨ ਕਰ ਕੇ ਦੱਸਿਆ ਕਿ ਉਸਦੇ ਨੰਬਰ ਤੋਂ ਕੁੱਝ ਲੋਕਾਂ ਨੂੰ ਅਣਉਚਿਤ ਸੁਨੇਹੇ ਭੇਜੇ ਜਾ ਰਹੇ ਹਨ। ਫਿਰ ਉਨ੍ਹਾਂ ਨੇ ਉਸ ਨੂੰ ਇਕ ਨਕਲੀ ਸਾਈਬਰ ਸੈੱਲ ਅਧਿਕਾਰੀ ਵਿਜੇ ਕੁਮਾਰ ਨਾਲ ਜੋੜਿਆ, ਜਿਸਨੇ ਉਸ ਨੂੰ ਹੋਰ ਡਰਾਇਆ।
ਨਕਲੀ ਅਧਿਕਾਰੀ ਨੇ ਉਸ ਨੂੰ ਦੱਸਿਆ ਕਿ ਉਸਦੇ ਨੰਬਰ ’ਤੇ 24 ਪੁਲਸ ਕੇਸ ਦਰਜ ਹਨ। ਇਸ ਤੋਂ ਇਲਾਵਾ ਇਕ ਹੋਰ ਔਰਤ ਜੋ ਕਿ ਸੀ. ਬੀ. ਆਈ. ਅਧਿਕਾਰੀ ਬਣ ਕੇ ਪੇਸ਼ ਹੋਈ, ਨੇ ਉਸ ਨਾਲ ਗੱਲ ਕੀਤੀ ਅਤੇ ਉਸ ਨੂੰ ਦੱਸਿਆ ਕਿ ਸੁਪਰੀਮ ਕੋਰਟ ਨੇ ਉਸਦੇ ਖ਼ਿਲਾਫ਼ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਕਰ ਦਿੱਤਾ ਹੈ ਅਤੇ ਉਸ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਉਸਨੇ ਕਿਹਾ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਉਸਨੇ ਵਿਅਕਤੀਆਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਫਿਰ ਉਸ ਨੂੰ ਉਨ੍ਹਾਂ ਵੱਲੋਂ ਪ੍ਰਦਾਨ ਕੀਤੇ ਗਏ ਬੈਂਕ ਖ਼ਾਤੇ ਵਿਚ 24 ਲੱਖ ਰੁਪਏ ਜਮ੍ਹਾਂ ਕਰਨ ਲਈ ਕਿਹਾ। ਉਹ ਡਰ ਦੇ ਮਾਰੇ 24 ਲੱਖ ਰੁਪਏ ਜਮ੍ਹਾਂ ਕਰਨ ਲਈ ਸਹਿਮਤ ਹੋ ਗਿਆ। ਬਾਅਦ ’ਚ ਮੁਲਜ਼ਮ ਹੋਰ ਪੈਸੇ ਦੀ ਮੰਗ ਕਰਨ ਲੱਗ ਪਿਆ, ਜਿਸ ਕਾਰਨ ਉਹ ਪਰੇਸ਼ਾਨ ਹੋ ਗਿਆ। ਫਿਰ ਉਸਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
