ਜਾਅਲੀ ਸਰਟੀਫਿਕੇਟ ਪੇਸ਼ ਕਰ ਕੇ ਮ੍ਰਿਤਕ ਦੇ ਮਿਊਚਲ ਫੰਡ ਅਕਾਊਂਟ ’ਚੋਂ ਕਢਵਾਈ 49 ਲੱਖ ਦੀ ਨਕਦੀ
Wednesday, Jun 22, 2022 - 12:12 PM (IST)
ਲੁਧਿਆਣਾ (ਤਰੁਣ) : ਵਿਅਕਤੀ ਦੀ ਮੌਤ ਤੋਂ ਬਾਅਦ ਜਾਅਲੀ ਸਰਟੀਫਿਕੇਟ ਪੇਸ਼ ਕਰ ਕੇ ਮ੍ਰਿਤਕ ਦੇ ਸ਼ੇਅਰ ਮਾਰਕਿਟ ਮਿਊਚਲ ਫੰਡ ਅਕਾਊਂਟ ’ਚੋਂ ਲਗਭਗ 49 ਲੱਖ ਰੁਪਏ ਦੀ ਨਕਦੀ ਕੱਢਵਾ ਲਈ ਗਈ। ਇਸ ਗੱਲ ਦਾ ਪਤਾ ਕੰਪਨੀ ਦੇ ਨੁਮਾਇੰਦੇ ਨੂੰ ਲੱਗਾ ਤਾਂ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੂੰ ਸ਼ਿਕਾੲਤ ਦਿੱਤੀ, ਜਿਸ ਤੋਂ ਬਾਅਦ ਨੇ ਜਾਂਚ-ਪੜਤਾਲ ਕਰ ਕੇ ਧੋਖਾਦੇਹੀ ਕਰਨ ਦੇ ਦੋਸ਼ ’ਚ ਸ਼ੀਸ਼ਪਾਲ ਦੇ ਬਿਆਨ ’ਤੇ ਸੰਦੀਪ ਸਿੰਘ ਨਿਵਾਸੀ ਭਾਈ ਰਣਧੀਰ ਸਿੰਘ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕੈਫਿਨ ਟੈਕਨਾਲੋਜੀ ਲਿਮਟਿਡ ਦੇ ਨੁਮਾਇੰਦੇ ਸ਼ੀਸ਼ਪਾਲ ਨੇ ਦੱਸਿਆ ਕਿ ਫਿਰੋਜ਼ਗਾਂਧੀ ਮਾਰਕਿਟ ਸਥਿਤ ਉਨ੍ਹਾਂ ਦੀ ਕੰਪਨੀ ਹੈ।
ਉਨ੍ਹਾਂ ਦੀ ਕੰਪਨੀ ’ਚ ਲੋਕ ਮਿਊਚਲ ਫੰਡ ਅਤੇ ਹੋਰ ਸ਼ੇਅਰ ’ਚ ਪੈਸੇ ਇਨਵੈਸਟ ਕਰਦੇ ਹਨ। ਮੁਲਜ਼ਮ ਸੰਦੀਪ ਉਨ੍ਹਾਂ ਦੀ ਕੰਪਨੀ ਵਿਚ ਨੌਕਰੀ ਕਰਦਾ ਹੈ। ਮੁਲਜ਼ਮ ਨੇ ਕੰਪਨੀ ਦੇ ਅਕਾਊਂਟ ਹੋਲਡਰ ਦੀ ਮੌਤ ਤੋਂ ਬਾਅਦ ਉਸ ਦਾ ਜਾਅਲੀ ਸਰਟੀਫਿਕੇਟ ਪੇਸ਼ ਕਰ ਕੇ ਅਕਾਊਂਟ ’ਚੋਂ ਲਗਭਗ 48.98 ਲੱਖ ਦੀ ਨਕਦੀ ਕੱਢਵਾ ਲਈ। ਮੁਲਜ਼ਮ ਨੇ ਸਾਜ਼ਿਸ਼ ਤਹਿਤ ਧੋਖਾਦੇਹੀ ਕਰ ਕੇ ਉਕਤ ਵਿਅਕਤੀ ਸਮੇਤ ਰਿਸ਼ਤੇਦਾਰਾਂ ਦੇ ਨਾਲ ਠੱਗੀ ਕੀਤੀ ਹੈ। ਸੂਤਰਾਂ ਅਨੁਸਾਰ ਇਸ ਠੱਗੀ ’ਚ ਹੋਰ ਮੁਲਜ਼ਮਾਂ ਦੀ ਸ਼ਮੂਲੀਅਤ ਵੀ ਸਾਹਮਣੇ ਆ ਰਹੀ ਹੈ। ਫਿਲਹਾਲ ਪੁਲਸ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਾਕਾ ਪੁਲਸ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।