ਮਹਿੰਗਾ ਤੇਲ ਕਿਸਾਨੀ ਤੇ ਆਮ ਖਪਤਕਾਰਾਂ ਦਾ ਕੱਢਣ ਲੱਗਾ ਧੂੰਆਂ

04/11/2018 2:06:14 PM


ਜ਼ੀਰਾ (ਅਕਾਲੀਆਂਵਾਲਾ) - ਦੇਸ਼ 'ਚ ਹਾੜ੍ਹੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਅਤੇ ਤੇਲ ਦੀ ਖਪਤ ਵਧੇਗੀ ਪਰ ਕੇਂਦਰ ਸਰਕਾਰ ਇਸ ਦੀਆਂ ਆਸਮਾਨੀ ਚੜ੍ਹ ਰਹੀਆਂ ਕੀਮਤਾਂ ਨੂੰ ਥੱਲੇ ਲਿਆਉਣ ਲਈ ਕੋਈ ਵੀ ਕਦਮ ਨਹੀਂ ਚੁੱਕ ਰਹੀ, ਜਿਸ ਕਾਰਨ ਕਿਸਾਨੀ ਸਮੇਤ ਦੇਸ਼ ਦਾ ਆਮ ਨਾਗਰਿਕ ਵੀ ਇਸ ਮਹਿੰਗਾਈ ਦੀ ਚੱਕੀ ਵਿਚ ਪਿਸ ਰਿਹਾ ਹੈ। ਇਸ ਸਬੰਧੀ ਲੋਕਾਂ ਨਾਲ ਵਿਚਾਰ-ਚਰਚਾ ਕੀਤੀ ਗਈ, ਜਿਨ੍ਹਾਂ ਨੇ ਤੇਲ ਦੀਆਂ ਕੀਮਤਾਂ ਨੂੰ ਆਮ ਆਦਮੀ 'ਤੇ ਬੋਝ ਦੱਸਿਆ। 

ਇਸ ਮੌਕੇ ਸਾਬਕਾ ਮੀਤ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਤੇਲ ਦੀਆਂ ਕੀਮਤਾਂ ਤਾਂ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਪਿਛਲੇ ਚਾਰ ਸਾਲਾਂ ਦੌਰਾਨ ਮੋਦੀ ਸਰਕਾਰ ਨੇ ਤੇਲ ਦੀਆਂ ਕੀਮਤਾਂ ਘੱਟ ਕਰਨ ਲਈ ਕੋਈ ਵੀ ਵਿਉਂਤਬੰਦੀ ਨਹੀਂ ਕੀਤੀ, ਜਿਸ ਕਾਰਨ ਲੋਕ ਮਹਿੰਗੇ ਮੁੱਲ ਦਾ ਤੇਲ ਖਰੀਦਣ ਲਈ ਮਜ਼ਬੂਰ ਹਨ। 
ਇਸ ਮੌਕੇ ਬਲਕਾਰ ਸਿੰਘ ਸਰਾਂ ਵਕੀਲਾਂਵਾਲਾ ਨੇ ਕਿਹਾ ਕਿ ਦੇਸ਼ ਦੀ ਕਿਸਾਨੀ ਪਹਿਲਾਂ ਹੀ ਸੰਕਟ ਦੇ ਦੌਰ 'ਚੋਂ ਗੁਜ਼ਰ ਰਹੀ ਹੈ। ਖੇਤੀ ਖੇਤਰ ਲਈ ਡੀਜ਼ਲ ਦਾ ਉਪਯੋਗ ਵਧੇਰੇ ਹੁੰਦਾ ਹੈ ਪਰ ਇਸ ਦੀਆਂ ਵਧ ਰਹੀਆਂ ਕੀਮਤਾਂ ਕਿਸਾਨੀ ਲਾਗਤ ਖਰਚਿਆਂ ਵਿਚ ਵਾਧਾ ਕਰ ਰਹੀਆਂ ਹਨ। ਸਰਕਾਰ ਇਸ ਨੂੰ ਤੁਰੰਤ ਘੱਟ ਕਰੇ।

ਦਲਵਿੰਦਰ ਸਿੰਘ ਗੋਸ਼ਾ ਮਰੂੜ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਪਹਿਲਾਂ ਵਾਂਗ ਹੋਣੀਆਂ ਚਾਹੀਦੀਆਂ ਹਨ। ਹਰ ਰੋਜ਼ ਕੀਮਤਾਂ ਵਧਾਉਣ-ਘਟਾਉਣ ਦੀ ਨੀਤੀ ਨਾਲ ਖਪਤਕਾਰ ਉਲਝਣ ਵਿਚ ਪੈ ਜਾਂਦੇ ਹਨ। ਇਸ ਲਈ ਹਰ ਰੋਜ਼ ਦੀਆਂ ਕੀਮਤਾਂ ਵਾਲੀ ਨੀਤੀ ਵਿਚ ਬਦਲਾਅ ਕਰਨਾ ਚਾਹੀਦਾ ਹੈ। 
ਨੌਜਵਾਨ ਆਗੂ ਜਸਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਖਪਤਕਾਰਾਂ ਦੀਆਂ ਜੇਬਾਂ ਨੂੰ ਇਕ ਨਾਜਾਇਜ਼ ਢੰਗ ਨਾਲ ਕੇਂਦਰ ਸਰਕਾਰ ਕੁਤਰ ਰਹੀ ਹੈ, ਜਿਸ ਤੇਲ ਨਾਲ ਆਮ ਜਨ ਜੀਵਨ ਚੱਲਦਾ ਹੈ, ਅੱਜ ਮਹਿੰਗੇ ਤੇਲ ਕਾਰਨ ਰੁਕ ਰਿਹਾ ਹੈ। ਸਰਕਾਰ ਨੇ ਅਜੇ ਤੱਕ ਇਸ ਪ੍ਰਤੀ ਕੋਈ ਚਿੰਤਾ ਨਹੀਂ ਜਤਾਈ, ਜਦਕਿ ਜਨਤਾ ਇਸ ਮਸਲੇ ਸਬੰਧੀ ਚਿੰਤਤ ਹੈ। 


Related News