1984 ਕਰੋੜ ‘ਰਿਜ਼ਰਵ ਪ੍ਰਾਈਸ’, 70 ਗਰੁੱਪਾਂ ਦੇ 2220 ਠੇਕਿਆਂ ਲਈ ਇਕ ਦਿਨ ਪਹਿਲਾਂ ਭਰਨੇ ਸ਼ੁਰੂ ਹੋਏ ‘ਟੈਂਡਰ’

06/22/2022 11:29:28 AM

ਜਲੰਧਰ (ਪੁਨੀਤ)–ਸ਼ਰਾਬ ਦੇ ਠੇਕਿਆਂ ਨੂੰ ਮਹਿਕਮੇ ਵੱਲੋਂ ਇਸ ਵਾਰ ਟੈਂਡਰਾਂ ਜ਼ਰੀਏ ਅਲਾਟ ਕੀਤਾ ਜਾ ਰਿਹਾ ਹੈ। ਜ਼ੋਨ ਬਣਾ ਕੇ ਪੰਜਾਬ ਨੂੰ 3 ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਜਲੰਧਰ ਜ਼ੋਨ ਵਿਚ ਟੈਂਡਰ ਲਾਉਣ ਦੀ ਪ੍ਰਕਿਰਿਆ 23 ਜੂਨ ਤੋਂ ਸ਼ੁਰੂ ਕੀਤੀ ਜਾਣੀ ਸੀ ਪਰ ਮਹਿਕਮੇ ਵੱਲੋਂ ਇਸ ਵਿਚ ਬਦਲਾਅ ਕਰਦਿਆਂ 22 ਜੂਨ ਤੋਂ ਟੈਂਡਰ ਮੰਗੇ ਗਏ ਹਨ, ਜਿਸ ਤਹਿਤ ਕੱਲ੍ਹ ਤੋਂ ਟੈਂਡਰ ਭਰਨੇ ਸ਼ੁਰੂ ਹੋ ਜਾਣਗੇ। ਟੈਂਡਰ ਲਾਉਣ ਦੀ ਪ੍ਰਕਿਰਿਆ ਵਿਚ ਤੀਜੇ ਨੰਬਰ ’ਤੇ ਰੱਖੇ ਗਏ ਜਲੰਧਰ ਜ਼ੋਨ ਅਧੀਨ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਗਵਾੜਾ, ਅੰਮ੍ਰਿਤਸਰ, ਤਰਨਤਾਰਨ, ਐੱਸ. ਬੀ. ਐੱਸ. ਨਗਰ (ਨਵਾਂਸ਼ਹਿਰ), ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਆਉਂਦੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ 70 ਗਰੁੱਪ ਬਣਾਏ ਗਏ, ਜਿਸ ਅਧੀਨ ਸ਼ਰਾਬ ਦੇ ਕੁੱਲ 2220 ਠੇਕੇ ਹੋਣਗੇ। ਇਨ੍ਹਾਂ ਲਈ ਰਿਜ਼ਰਵ ਪ੍ਰਾਈਸ 1984 ਕਰੋੜ ਰੁਪਏ ਰੱਖੀ ਗਈ। ਹਰੇਕ ਜ਼ਿਲ੍ਹੇ ਵਿਚ ਵਿਭਾਗ ਵੱਲੋਂ ਠੇਕਿਆਂ ਦੇ ਗਰੁੱਪ ਬਣਾਏ ਗਏ ਹਨ। ਇਕ ਗਰੁੱਪ ਵਿਚ 17 ਤੋਂ ਲੈ ਕੇ 104 ਤੱਕ ਠੇਕੇ ਸ਼ਾਮਲ ਹਨ। 22 ਜੂਨ ਨੂੰ ਟੈਂਡਰ ਲਾਉਣ ਦੀ ਸ਼ੁਰੂਆਤ ਹੋਵੇਗੀ ਅਤੇ ਬਿਨੈਕਾਰ 25 ਜੂਨ ਨੂੰ ਸ਼ਾਮ 6.55 ਵਜੇ ਤੱਕ ਟੈਂਡਰ ਭਰ ਸਕਦੇ ਹਨ। ਇਸ ਉਪਰੰਤ ਮਹਿਕਮੇ ਵੱਲੋਂ ਗਰੁੱਪ ਅਲਾਟ ਕੀਤੇ ਜਾਣਗੇ।

PunjabKesari

ਮਹਿਕਮੇ ਵੱਲੋਂ ਬੱਸ ਅੱਡੇ ਨੇੜੇ ਸਥਿਤ ਦਫ਼ਤਰ ਵਿਚ ਖੋਲ੍ਹੇ ਗਏ ਫੈਸਿਲੀਟੇਸ਼ਨ ਸੈਂਟਰ ਵਿਚ ਦਰਜਨਾਂ ਨਵੇਂ ਬਿਨੈਕਾਰ ਅਧਿਕਾਰੀਆਂ ਕੋਲ ਜ਼ਰੂਰੀ ਜਾਣਕਾਰੀ ਲੈਂਦੇ ਦੇਖੇ ਗਏ। ਮਹਿਕਮੇ ਨੇ ਦਫ਼ਤਰ ਵਿਚ ਵੱਖ-ਵੱਖ ਥਾਵਾਂ ’ਤੇ ਫੈਸਿਲੀਟੇਸ਼ਨ ਸੈਂਟਰ ਦੇ ਸਬੰਧ ਵਿਚ ਪੋਸਟਰ ਲਾਏ ਹਨ, ਜਿਸ ਵਿਚ ਠੇਕਿਆਂ ਦੀ ਜਾਣਕਾਰੀ ਅਤੇ ਅਧਿਕਾਰੀਆਂ ਦੇ ਫੋਨ ਨੰਬਰ ਮੁਹੱਈਆ ਕਰਵਾਏ ਗਏ ਤਾਂ ਕਿ ਜਿਹੜੇ ਲੋਕ ਖ਼ੁਦ ਨਹੀਂ ਆ ਸਕਦੇ ਉਹ ਫੋਨ ’ਤੇ ਗੱਲ ਕਰ ਸਕਣ। ਐਕਸਾਈਜ਼ ਦਫ਼ਤਰ ਤੋਂ ‘ਜਗ ਬਾਣੀ’ ਨੂੰ ਜਿਹੜੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ, ਉਸ ਦੇ ਮੁਤਾਬਕ ਗਰੁੱਪਾਂ ਦੇ ਹਿਸਾਬ ਨਾਲ ਠੇਕੇ ਨਿਰਧਾਰਿਤ ਕੀਤੇ ਗਏ ਹਨ। ਇਸ ਵਿਚ ਜਲੰਧਰ ਜ਼ਿਲ੍ਹੇ ਵਿਚ ਕੁੱਲ 20 ਜ਼ੋਨ ਬਣਾਏ ਗਏ ਹਨ। ਇਨ੍ਹਾਂ ਵਿਚ ਨਗਰ ਨਿਗਮ ਦੀ ਹੱਦ ਅੰਦਰ 13 ਗਰੁੱਪ, ਜਦੋਂ ਕਿ ਦਿਹਾਤੀ ਇਲਾਕਿਆਂ ਵਿਚ 7 ਗਰੁੱਪ ਕੰਮ ਕਰਨਗੇ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਭਲਕੇ 12 ਵਜੇ ਤੋਂ ਅਣਮਿੱਥੇ ਸਮੇਂ ਤੱਕ ਬੱਸਾਂ ਦਾ ਰਹੇਗਾ ਚੱਕਾ ਜਾਮ, ਜਾਣੋ ਵਜ੍ਹਾ

ਜ਼ਿਲ੍ਹੇ ਵਿਚ ਬਣਾਏ ਗਏ ਇਨ੍ਹਾਂ 20 ਗਰੁੱਪਾਂ ਵਿਚ 640 ਠੇਕੇ ਹੋਣਗੇ, ਜਿਨ੍ਹਾਂ ਦੀ ਰਿਜ਼ਰਵ ਪ੍ਰਾਈਸ 565 ਕਰੋੜ ਰੱਖੀ ਗਈ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ 12 ਗਰੁੱਪਾਂ ਵਿਚ 281 ਠੇਕੇ ਤੇ ਰਿਜ਼ਰਵ ਪ੍ਰਾਈਸ 366 ਕਰੋੜ, ਕਪੂਰਥਲਾ ਦੇ 7 ਗਰੁੱਪਾਂ ਵਿਚ 252 ਠੇਕੇ ਤੇ ਰਿਜ਼ਰਵ ਪ੍ਰਾਈਸ 189 ਕਰੋੜ, ਅੰਮ੍ਰਿਤਸਰ ਦੇ 12 ਗਰੁੱਪਾਂ ਦੇ 380 ਠੇਕਿਆਂ ਦੀ ਰਿਜ਼ਰਵ ਪ੍ਰਾਈਸ 327 ਕਰੋੜ, ਤਰਨਤਾਰਨ ਦੇ 2 ਗਰੁੱਪਾਂ ਵਿਚ 152 ਠੇਕੇ ਅਤੇ ਰਿਜ਼ਰਵ ਪ੍ਰਾਈਸ 54 ਕਰੋੜ ਹੋਵੇਗੀ। ਗੁਰਦਾਸਪੁਰ ਦੇ 7 ਗਰੁੱਪ 253 ਠੇਕੇ ਤੇ ਰਿਜ਼ਰਵ ਪ੍ਰਾਈਸ 196 ਕਰੋੜ, ਪਠਾਨਕੋਟ ਦੇ 116 ਠੇਕੇ ਤੇ ਰਿਜ਼ਰਵ ਪ੍ਰਾਈਸ 141 ਕਰੋੜ ਰਹੇਗੀ, ਜਦੋਂ ਕਿ ਇਨ੍ਹਾਂ ਠੇਕਿਆਂ ਦੇ 5 ਗਰੁੱਪ ਬਣਾਏ ਗਏ ਹਨ। ਇਕ ਦਿਲਚਸਪ ਅੰਕੜਾ ਐੱਸ. ਬੀ. ਐੱਸ. ਨਗਰ (ਨਵਾਂਸ਼ਹਿਰ) ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚ 5 ਗਰੁੱਪ ਬਣਾਏ ਗਏ। ਇਨ੍ਹਾਂ ਪੰਜ ਗਰੁੱਪਾਂ ਵਿਚ ਠੇਕੇ 146 ਰਹਿਣਗੇ ਤੇ ਰਿਜ਼ਰਵ ਪ੍ਰਾਈਸ ਵੀ 146 ਕਰੋੜ ਹੀ ਰਹੇਗੀ, ਜਿਸ ਤਹਿਤ ਹਰੇਕ ਠੇਕੇ ਲਈ ਬਿਨੈਕਾਰ ਇਕ ਕਰੋੜ ਦੀ ਰਾਸ਼ੀ ਤੋਂ ਸ਼ੁਰੂ ਹੋਵੇਗਾ। ਪਾਲਿਸੀ ਇਸ ਵਾਰ 3 ਮਹੀਨੇ ਦੇਰੀ ਨਾਲ ਆਈ ਹੈ, ਜਿਸ ਕਾਰਨ ਇਸ ਪਾਲਿਸੀ ਦੀ ਮਿਆਦ 9 ਮਹੀਨੇ ਰਹੇਗੀ। ਮਹਿਕਮੇ ਨੇ 25 ਤੋਂ 31 ਕਰੋੜ ਰੁਪਏ ਤੱਕ ਗਰੁੱਪ ਦਾ ਰੇਟ ਨਿਰਧਾਰਿਤ ਕੀਤਾ ਹੈ। ਇਸ ਲੜੀ ਵਿਚ ਜ਼ੋਨ ਅਧੀਨ ਸਭ ਤੋਂ ਸਸਤਾ ਗਰੁੱਪ ਫਗਵਾੜਾ 3 ਰਹੇਗਾ, ਜਿਸ ਅਧੀਨ 23 ਠੇਕੇ ਹੋਣਗੇ ਅਤੇ ਰਿਜ਼ਰਵ ਪ੍ਰਾਈਸ 25.60 ਕਰੋੜ ਰਹੇਗੀ। ਸਭ ਤੋਂ ਮਹਿੰਗਾ ਆਦਮਪੁਰ ਦਾ ਗਰੁੱਪ ਰਹੇਗਾ, ਜਿਸ ਦੀ ਰਿਜ਼ਰਵ ਪ੍ਰਾਈਸ 31.59 ਕਰੋੜ ਰੱਖੀ ਗਈ ਹੈ ਅਤੇ ਇਸ ਵਿਚ 57 ਠੇਕੇ ਹੋਣਗੇ।

ਇਹ ਵੀ ਪੜ੍ਹੋ: ਕੈਬਨਿਟ ਵੱਲੋਂ ਪਾਸ ਪੰਜਾਬ ਲੋਕ ਆਯੁਕਤ ਬਿੱਲ ਦੇ ਇਸ ਵਾਰ ਵੀ ਵਿਧਾਨ ਸਭਾ ’ਚ ਆਉਣ ਦੀ ਸੰਭਾਵਨਾ ਘੱਟ

PunjabKesari

ਸ਼ਹਿਰ ’ਚ ਮਾਡਲ ਟਾਊਨ ਸਭ ਤੋਂ ‘ਮਹਿੰਗਾ’, ਇਕ ਗਰੁੱਪ ਵਿਚ 17 ਤੋਂ 27 ਤੱਕ ਠੇਕੇ
ਮਹਿਕਮੇ  ਵੱਲੋਂ ਨਵੀਂ ਪਾਲਿਸੀ ਤਹਿਤ ਗਰੁੱਪਾਂ ਵਿਚ ਬੈਲੇਂਸ ਬਣਾਇਆ ਗਿਆ ਹੈ ਤਾਂ ਕਿ ਸਾਰੇ ਗਰੁੱਪਾਂ ਵਿਚ ਵਿਕਰੀ ਉਪਰੰਤ ਕਿਸੇ ਨੂੰ ਘਾਟਾ ਨਾ ਪਵੇ। ਇਸ ਲੜੀ ਵਿਚ ਨਿਗਮ ਦੀ ਹੱਦ ਦੇ ਅੰਦਰ 13 ਗਰੁੱਪ ਕੰਮ ਕਰਨਗੇ, ਜਿਸ ਵਿਚ ਮਾਡਲ ਟਾਊਨ ਗਰੁੱਪ 30.18 ਕਰੋੜ ਦੀ ਰਿਜ਼ਰਵ ਪ੍ਰਾਈਸ ਨਾਲ ਸਭ ਤੋਂ ਮਹਿੰਗਾ ਗਰੁੱਪ ਹੋਵੇਗਾ, ਜਦਕਿ ਦੂਜੇ ਨੰਬਰ ’ਤੇ ਲੰਮਾ ਪਿੰਡ ਰਹੇਗਾ, ਜਿਸ ਦੀ ਰਿਜ਼ਰਵ ਪ੍ਰਾਈਸ 29.86 ਕਰੋੜ ਰੱਖੀ ਗਈ ਹੈ। ਗਰੁੱਪਾਂ ਦੇ ਹਿਸਾਬ ਨਾਲ ਵਿਭਾਗ ਵੱਲੋਂ ਠੇਕਿਆਂ ਦੀ ਗਿਣਤੀ ਵਿਚ ਵੀ ਬੈਲੇਂਸ ਬਣਾਇਆ ਗਿਆ ਹੈ। ਜਿਸ ਗਰੁੱਪ ਅਧੀਨ ਵਿਕਰੀ ਜ਼ਿਆਦਾ ਹੋਵੇਗੀ, ਉਸ ਵਿਚ ਠੇਕੇ ਘੱਟ ਹੋਣਗੇ। ਉਥੇ ਹੀ ਜਿਥੇ ਵਿਕਰੀ ਵਿਚ ਕਮੀ ਦਾ ਅੰਦਾਜ਼ਾ ਹੈ, ਉਥੇ ਗਰੁੱਪਾਂ ਵਿਚ ਠੇਕਿਆਂ ਦੀ ਗਿਣਤੀ ਜ਼ਿਆਦਾ ਰੱਖੀ ਗਈ ਹੈ। ਇਸੇ ਤਰ੍ਹਾਂ ਮਾਡਲ ਟਾਊਨ ਗਰੁੱਪ ਵਿਚ 17 ਠੇਕੇ ਹੋਣਗੇ, ਜਦੋਂ ਕਿ ਲੰਮਾ ਪਿੰਡ 20 ਠੇਕੇ ਰੱਖੇ ਗਏ ਹਨ, ਜਦੋਂ ਕਿ ਪਰਾਗਪੁਰ ਦੀ ਰਿਜ਼ਰਵ ਪ੍ਰਾਈਸ 28.05 ਕਰੋੜ ਰਹੇਗੀ, ਜਦੋਂ ਕਿ ਇਸ ਵਿਚ ਸਭ ਤੋਂ ਵੱਧ 27 ਠੇਕੇ ਹੋਣਗੇ। ਇਸੇ ਤਰ੍ਹਾਂ ਰਾਮਾ ਮੰਡੀ ਗਰੁੱਪ ਵਿਚ 22 ਠੇਕੇ ਹੋਣਗੇ ਅਤੇ ਰਿਜ਼ਰਵ ਪ੍ਰਾਈਸ 27.03 ਕਰੋੜ ਰਹੇਗੀ। ਸੋਢਲ ਚੌਕ ਵਿਚ 19 ਠੇਕੇ ਤੇ ਰਿਜ਼ਰਵ ਪ੍ਰਾਈਸ 28.32 ਕਰੋੜ, ਰੇਲਵੇ ਸਟੇਸ਼ਨ 21 ਠੇਕੇ ਤੇ ਰਿਜ਼ਰਵ ਪ੍ਰਾਈਸ 28.55 ਕਰੋੜ, ਜੋਤੀ ਚੌਕ 21 ਠੇਕੇ ਤੇ ਰਿਜ਼ਰਵ ਪ੍ਰਾਈਸ 29.23 ਕਰੋੜ ਰਹੇਗੀ। ਜਲੰਧਰ ਵੈਸਟ-ਏ ਦਾ ਬੱਸ ਸਟੈਂਡ 17 ਠੇਕੇ ਤੇ ਰਿਜ਼ਰਵ ਪ੍ਰਾਈਸ 28.60 ਕਰੋੜ, ਮਾਡਲ ਟਾਊਨ 17 ਠੇਕੇ ਤੇ ਰਿਜ਼ਰਵ ਪ੍ਰਾਈਸ 30.18 ਕਰੋੜ, ਮਾਡਲ ਹਾਊਸ 26 ਠੇਕੇ ਤੇ ਰਿਜ਼ਰਵ ਪ੍ਰਾਈਸ 28.23 ਕਰੋੜ ਰਹੇਗੀ। ਜਲੰਧਰ ਵੈਸਟ-ਬੀ ਦੇ ਅਵਤਾਰ ਨਗਰ ਦੇ 30 ਠੇਕੇ ਤੇ ਰਿਜ਼ਰਵ ਪ੍ਰਾਈਸ 28.02 ਕਰੋੜ, ਲੈਦਰ ਕੰਪਲੈਕਸ 25 ਠੇਕੇ ਅਤੇ ਰਿਜ਼ਰਵ ਪ੍ਰਾਈਸ 28.63 ਕਰੋੜ ਅਤੇ ਮਕਸੂਦਾਂ ਦੇ 20 ਠੇਕੇ ਅਤੇ ਰਿਜ਼ਰਵ ਪ੍ਰਾਈਸ 28.14 ਕਰੋੜ ਰਹੇਗੀ।

ਇਹ ਵੀ ਪੜ੍ਹੋ: ਜਲੰਧਰ: ਹੋਟਲ ’ਚ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਮੌਕੇ ’ਤੇ ਪੁੱਜੀ ਪਤਨੀ ਨੇ ਰੰਗੇ ਹੱਥੀਂ ਕੀਤਾ ਕਾਬੂ

ਜ਼ਿਲ੍ਹੇ ਦੇ ਦਿਹਾਤੀ ਇਲਾਕੇ ’ਚ 7 ਗਰੁੱਪਾਂ ਦੀ ਰਿਜ਼ਰਵ ਪ੍ਰਾਈਸ 194 ਕਰੋੜ
ਉਥੇ ਹੀ, ਦਿਹਾਤੀ ਦੇ 358 ਠੇਕਿਆਂ ਵਿਚ 7 ਗਰੁੱਪਾਂ ਦੀ ਰਿਜ਼ਰਵ ਪ੍ਰਾਈਸ 194.60 ਕਰੋੜ ਬਣੇਗੀ। ਇਸ ਗਰੁੱਪ ਵਿਚ ਜਲੰਧਰ ਈਸਟ ਦੇ ਗੋਰਾਇਆ ਵਾਲੇ ਗਰੁੱਪ ਵਿਚ 41 ਠੇਕੇ ਤੇ ਰਿਜ਼ਰਵ ਪ੍ਰਾਈਸ 27.17 ਕਰੋੜ, ਫਿਲੌਰ ਗਰੁੱਪ ਦੇ 36 ਠੇਕੇ ਤੇ ਰਿਜ਼ਰਵ ਪ੍ਰਾਈਸ 26.71 ਕਰੋੜ, ਜਲੰਧਰ ਵੈਸਟ-2 ਦੇ ਨਕੋਦਰ ਵਿਚ 47 ਠੇਕੇ ਅਤੇ ਰਿਜ਼ਰਵ ਪ੍ਰਾਈਸ 27.45 ਕਰੋੜ, ਸ਼ਾਹਕੋਟ ਦੇ 64 ਠੇਕੇ ਤੇ ਰਿਜ਼ਰਵ ਪ੍ਰਾਈਸ 25.17 ਕਰੋੜ, ਨੂਰਮਹਿਲ ਦੇ 56 ਠੇਕੇ ਤੇ ਰਿਜ਼ਰਵ ਪ੍ਰਾਈਸ 24.86 ਕਰੋੜ, ਆਦਮਪੁਰ ਦੇ 57 ਠੇਕੇ ਅਤੇ ਰਿਜ਼ਰਵ ਪ੍ਰਾਈਸ 31.59 ਕਰੋੜ ਰਹੇਗੀ। 7ਵੇਂ ਗਰੁੱਪ ਭੋਗਪੁਰ ਵਿਚ 57 ਠੇਕਿਆਂ ਦੀ ਰਿਜ਼ਰਵ ਪ੍ਰਾਈਸ 31.65 ਕਰੋੜ ਰੱਖੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿਹਾਤੀ ਦੇ ਗਰੁੱਪ ਲੈਣ ਲਈ ਨਵੇਂ ਬਿਨੈਕਰਤਾਵਾਂ ਨੇ ਗਰੁੱਪਾਂ ਬਾਰੇ ਜਾਣਕਾਰੀ ਲਈ ਹੈ। ਆਉਣ ਵਾਲੇ ਦਿਨਾਂ ਵਿਚ ਲੋਕਾਂ ਦੀ ਜਾਣਕਾਰੀ ਲਈ ਮਹਿਕਮੇ ਵੱਲੋਂ ਕਈ ਹੋਰ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਹਮੀਰਾ ਨੇੜੇ ਵਾਪਰਿਆ ਭਿਆਨਕ ਹਾਦਸਾ, ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News