6 ਮਹੀਨਿਆਂ ਤਕ ਸਾਹਮਣੇ ਆਉਣਗੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਮੁਕਤ ਬਣਾਉਣ ਦੀਆਂ ਯੋਜਨਾਵਾਂ ਦੇ ਨਤੀਜੇ

06/13/2018 6:10:13 AM

ਲੁਧਿਆਣਾ(ਹਿਤੇਸ਼)-ਵਾਤਾਵਰਣ ਮੰਤਰੀ ਓ. ਪੀ. ਸੋਨੀ ਨੇ ਦਾਅਵਾ ਕੀਤਾ ਹੈ ਕਿ ਬੁੱਢੇ ਨਾਲੇ ਨੂੰ ਪ੍ਰਦਸ਼ਣ ਮੁਕਤ ਬਣਾਉਣ ਪ੍ਰਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਫੀ ਗੰਭੀਰਤਾ ਦਿਖਾਈ ਜਾ ਰਹੀ ਹੈ ਅਤੇ ਇਸ ਦੇ ਨਤੀਜੇ 6 ਮਹੀਨਿਆਂ ਅੰਦਰ ਨਜ਼ਰ ਆਉਣ ਲੱਗ ਪੈਣਗੇ। ਸੋਨੀ ਇਥੇ ਮੰਗਲਵਾਰ ਨੂੰ ਸਰਕਟ ਹਾਊਸ 'ਚ ਸਬੰਧਿਤ ਵਿਭਾਗਾਂ ਦੇ ਅਫਸਰਾਂ ਨਾਲ ਮੀਟਿੰਗ ਕਰਨ ਤੋਂ ਇਲਾਵਾ ਬੁੱਢੇ ਨਾਲੇ ਦਾ ਦੌਰਾ ਕਰਨ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਬੁੱਢੇ ਨਾਲੇ ਵਿਚ ਪ੍ਰਦੂਸ਼ਣ ਫੈਲਾਉਣ ਨਾਲ ਜੁੜੇ ਪਹਿਲੂਆਂ ਦੀ ਸਟੱਡੀ ਕੀਤੀ ਜਾ ਰਹੀ ਹੈ, ਉਸ ਦੇ ਆਧਾਰ 'ਤੇ ਸਮੱਸਿਆ ਨੂੰ ਹੱਲ ਕਰਨ ਦੀਆਂ ਯੋਜਨਾਵਾਂ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ, ਜਿਸ ਤਹਿਤ ਸੀਵਰੇਜ ਟਰੀਟਮੈਂਟ ਪਲਾਟਾਂ ਦੀ ਵਰਕਿੰਗ ਵਿਚ ਸੁਧਾਰ ਕਰਨ 'ਤੇ ਖਾਸ ਧਿਆਨ ਦਿੱਤਾ ਜਾਵੇਗਾ। 
ਇਸ ਲਈ ਜ਼ਰੂਰੀ ਫੰਡ ਦੀ ਕਮੀ ਨਾ ਆਉਣ ਦੇਣ ਦਾ ਦਾਅਵਾ ਵੀ ਸੋਨੀ ਨੇ ਸੀ. ਐੱਮ. ਦੇ ਹਵਾਲੇ ਨਾਲ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿਧਾਇਕ ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਸੰਜੇ ਤਲਵਾੜ, ਕੁਲਦੀਪ ਸਿੰਘ, ਮੇਅਰ ਬਲਕਾਰ ਸੰਧੂ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ, ਡੀ. ਸੀ. ਪ੍ਰਦੀਪ ਅਗਰਵਾਲ ਆਦਿ ਮੌਜੂਦ ਰਹੇ।
ਪ੍ਰਦੂਸ਼ਣ ਫੈਲਾਉਣ ਵਾਲਿਆਂ ਦਾ ਸਾਥ ਦੇਣ ਦੇ ਦੋਸ਼ੀ ਅਫਸਰਾਂ 'ਤੇ ਹੋਵੇਗਾ ਐਕਸ਼ਨ
ਵਾਤਾਵਰਣ ਮੰਤਰੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫਸਰਾਂ ਨੂੰ ਹੁਕਮ ਦਿੱਤੇ ਕਿ ਡਾਇੰਗ ਯੂਨਿਟਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਜਾਵੇ। ਜਿਨ੍ਹਾਂ ਅੰਦਰ ਪਾਣੀ ਨੂੰ ਟਰੀਟਮੈਂਟ ਕਰਨ ਦੇ ਪਲਾਂਟ ਨਹੀਂ ਲੱਗੇ ਹਨ, ਉਨ੍ਹਾਂ ਵਿਚ ਇਹ ਯੂਨਿਟ ਲਾਏ ਜਾਣ ਅਤੇ ਜਿਨ੍ਹਾਂ ਡਾਇੰਗਾਂ ਅੰਦਰ ਪਹਿਲਾਂ ਤੋਂ ਪਲਾਂਟ ਲੱਗੇ ਹੋਏ ਹਨ, ਨੂੰ ਸਹੀ ਤਰੀਕੇ ਨਾਲ ਚਲਾਉਣਾ ਯਕੀਨੀ ਬਣਾਇਆ ਜਾਵੇ। ਜਿਸ ਮੁਹਿੰਮ 'ਚ ਤੇਲ ਦੇ ਤੌਰ 'ਤੇ ਪਲਾਸਟਿਕ ਜਾਂ ਰਬੜ ਸਾੜਨ ਵਾਲੇ ਯੂਨਿਟ ਦੀ ਚੈਕਿੰਗ ਵੀ ਕੀਤੀ ਜਾਵੇਗੀ। ਮੰਤਰੀ ਸੋਨੀ ਨੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਦਾ ਸਾਥ ਦੇਣ ਦੇ ਜ਼ਿੰਮੇਦਾਰ ਪਾਏ ਗਏ ਅਫਸਰਾਂ ਨੂੰ ਟਰਾਂਸਫਰ ਕਰਨ ਤੋਂ ਇਲਾਵਾ ਐਕਸ਼ਨ ਲੈਣ ਦੀ ਵਾਰਨਿੰਗ ਵੀ ਦਿੱਤੀ ਹੈ।
ਸੀ. ਈ. ਟੀ. ਪੀ. ਦੇ ਨਿਰਮਾਣ ਦੀ ਆੜ 'ਚ ਹੋਏ ਮਾਈਨਿੰਗ ਘਪਲੇ ਦੀ ਜਾਂਚ ਲਈ ਬਣਾਈ ਕਮੇਟੀ
ਮੰਤਰੀ ਸੋਨੀ ਨੇ ਕਿਹਾ ਕਿ ਉਦਯੋਗਾਂ ਲਈ ਵੱਖਰੇ ਤੌਰ 'ਤੇ ਸੀ. ਈ. ਟੀ. ਪੀ. ਦਾ ਨਿਰਮਾਣ ਪੂਰਾ ਕਰਵਾਉਣ ਨੂੰ ਪੰਜਾਬ ਸਰਕਾਰ ਵਚਨਬੱਧ ਹੈ, ਜਿਸ ਤਹਿਤ ਰਾਜ ਸਰਕਾਰ ਨੇ ਆਪਣੇ ਹਿੱਸੇ ਦਾ ਫੰਡ ਜਾਰੀ ਕਰ ਦਿੱਤਾ ਹੈ ਅਤੇ ਕੇਂਦਰ ਦੀ ਮਦਦ ਦੀ ਉਡੀਕ ਹੈ। ਜਿਥੋਂ ਤੱਕ ਸੀ. ਈ. ਟੀ. ਪੀ. ਦੇ ਨਿਰਮਾਣ ਦੇ ਬਹਾਨੇ ਮਾਈਨਿੰਗ ਘਪਲੇ ਹੋਣ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਹਨ, ਉਸ ਦੀ ਜਾਂਚ ਲਈ ਸੋਨੀ ਨੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ।
ਈ. ਟੀ. ਪੀ. ਚਲਾਉਣ ਲਈ ਡਾਇੰਗ ਉਦਯੋਗਪਤੀਆਂ ਨੂੰ ਮਿਲਿਆ ਦੋ ਮਹੀਨੇ ਦਾ ਸਮਾਂ
ਬੁੱਢੇ ਨਾਲੇ 'ਚ ਪ੍ਰਦੂਸ਼ਣ ਲਈ ਨਗਰ ਨਿਗਮ ਵੱਲੋਂ ਸਿੱਧੇ ਤੌਰ 'ਤੇ ਪਾਈਆਂ ਜਾ ਰਹੀ ਸੀਵਰੇਜ ਦੀਆਂ ਲਾਈਨਾਂ ਤੋਂ ਇਲਾਵਾ ਡਾਇੰਗਾਂ ਨੂੰ ਵੀ ਜ਼ਿੰਮੇਵਾਰ ਦੱਸਿਆ ਜਾਂਦਾ ਹੈ, ਜਿਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਵੀ ਮੰਤਰੀ ਸੋਨੀ ਨੇ ਲੰਬੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਵੀ ਕੀਮਤ 'ਤੇ ਉਦਯੋਗਾਂ ਨੂੰ ਬੰਦ ਕਰਨ ਦੇ ਹੱਕ ਵਿਚ ਨਹੀਂ ਹੈ ਪਰ ਅਜਿਹਾ ਵੀ ਨਹੀਂ ਸਵੀਕਾਰ ਕੀਤਾ ਜਾ ਸਕਦਾ ਕਿ ਇਨ੍ਹਾਂ ਉਦਯੋਗਾਂ ਦੀ ਵਜ੍ਹਾ ਨਾਲ ਪ੍ਰਦੂਸ਼ਿਤ ਹੋ ਰਹੇ ਬੁੱਢੇ ਨਾਲੇ ਦਾ ਪਾਣੀ ਮਾਲਵਾ ਤੋਂ ਲੈ ਕੇ ਰਾਜਸਥਾਨ ਤਕ ਲੋਕ ਬੀਮਾਰੀਆਂ ਦੀ ਲਪੇਟ ਵਿਚ ਆਉਣ। ਕਿਉਂਕਿ ਟਰੀਟਮੈਂਟ ਪਲਾਂਟ 'ਤੇ ਪਹੁੰਚੇ ਰਹੇ ਪਾਣੀ ਵਿਚ ਕੈਮੀਕਲ ਮੌਜੂਦ ਹੋਣ ਨਾਲ ਸਾਫ ਹੋ ਗਿਆ ਹੈ ਕਿ ਇਹ ਪਾਣੀ ਡਾਇੰਗ ਯੂਨਿਟਾਂ ਵੱਲੋਂ ਸਾਫ ਕੀਤੇ ਬਿਨਾਂ ਸੀਵਰੇਜ ਵਿਚ ਛੱਡਿਆ ਜਾ ਰਿਹਾ ਹੈ। ਇਸ ਦੇ ਸੁਧਾਰ ਲਈ ਮੰਤਰੀਨੇ ਡਾਇੰਗ ਮਾਲਕਾਂ ਨੂੰ ਦੋ ਮਹੀਨੇ ਦਾ ਸਮਾਂ ਦਿੱਤਾ ਹੈ।


Related News