PSEB 12ਵੀਂ ਦੇ ਨਤੀਜੇ ''ਚ ਸੂਬੇ ਭਰ ’ਚ 11ਵੇਂ ਸਥਾਨ ’ਤੇ ਜਲੰਧਰ, ਲਿਪਿਕਾ ਨੇ ਪਹਿਲਾ ਸਥਾਨ ਕੀਤਾ ਹਾਸਲ

Wednesday, May 01, 2024 - 05:06 PM (IST)

PSEB 12ਵੀਂ ਦੇ ਨਤੀਜੇ ''ਚ ਸੂਬੇ ਭਰ ’ਚ 11ਵੇਂ ਸਥਾਨ ’ਤੇ ਜਲੰਧਰ, ਲਿਪਿਕਾ ਨੇ ਪਹਿਲਾ ਸਥਾਨ ਕੀਤਾ ਹਾਸਲ

ਜਲੰਧਰ (ਸੁਮਿਤ ਦੁੱਗਲ)–ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਮਾਰਚ ਮਹੀਨੇ ਲਈ ਗਈ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਮੰਗਲਵਾਰ ਐਲਾਨ ਦਿੱਤਾ ਗਿਆ। ਬੋਰਡ ਵੱਲੋਂ ਐਲਾਨੀ ਗਈ ਮੈਰਿਟ ਸੂਚੀ ਵਿਚ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਤ 18 ਵਿਦਿਆਰਥੀ ਆਪਣਾ ਸਥਾਨ ਬਣਾਉਣ ਵਿਚ ਸਫ਼ਲ ਰਹੇ। ਇਨ੍ਹਾਂ ਵਿਚ 5 ਲੜਕੇ ਅਤੇ 13 ਕੁੜੀਆਂ ਸ਼ਾਮਲ ਹਨ। ਜ਼ਿਲ੍ਹੇ ਦਾ ਓਵਰਆਲ ਨਤੀਜਾ 92.98 ਫ਼ੀਸਦੀ ਰਿਹਾ। ਜ਼ਿਲ੍ਹੇ ਭਰ ਦੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਸਬੰਧਤ ਸਕੂਲਾਂ ਦੇ 20 ਹਜ਼ਾਰ 227 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਵਿਚ ਹਿੱਸਾ ਲਿਆ। ਇਨ੍ਹਾਂ ਵਿਚੋਂ 18 ਹਜ਼ਾਰ 807 ਵਿਦਿਆਰਥੀ ਪਾਸ ਹੋਏ।

ਜੇਕਰ ਪਾਸ ਫ਼ੀਸਦੀ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਭਰ ਵਿਚੋਂ ਜਲੰਧਰ ਜ਼ਿਲ੍ਹੇ ਦਾ 11ਵਾਂ ਸਥਾਨ ਰਿਹਾ, ਸਭ ਤੋਂ ਉੱਪਰ ਜ਼ਿਲ੍ਹਾ ਅੰਮ੍ਰਿਤਸਰ ਰਿਹਾ, ਜਦਕਿ ਹੇਠਲੇ ਸਥਾਨ ’ਤੇ ਜ਼ਿਲ੍ਹਾ ਮੁਕਤਸਰ ਸਾਹਿਬ ਰਿਹਾ। ਇਸ ਦੇ ਨਾਲ ਹੀ ਜੇਕਰ ਮੈਰਿਟ ਪੁਜ਼ੀਸ਼ਨ ਮੁਤਾਬਕ ਗੱਲ ਕੀਤੀ ਜਾਵੇ ਤਾਂ ਸੂਬੇ ਭਰ ਵਿਚੋਂ ਜਲੰਧਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। 320 ਵਿਦਿਆਰਥੀਆਂ ਦੀ ਮੈਰਿਟ ਵਿਚ ਜਲੰਧਰ ਦੇ 18 ਵਿਦਿਆਰਥੀ ਮੈਰਿਟ ਵਿਚ ਆਏ, ਉਥੇ ਹੀ ਮੈਰਿਟ ਪੁਜ਼ੀਸ਼ਨਜ਼ ਮੁਤਾਬਕ ਜਲੰਧਰ ਪਹਿਲੇ ਸਥਾਨ ’ਤੇ ਰਿਹਾ, ਜਦਕਿ ਪਠਾਨਕੋਟ ਸਭ ਤੋਂ ਹੇਠਲੇ ਸਥਾਨ ’ਤੇ ਰਿਹਾ ਅਤੇ ਪਠਾਨਕੋਟ ਦੀ ਇਕ ਵੀ ਮੈਰਿਟ ਨਹੀਂ ਆਈ।

ਬੋਰਡ ਵੱਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਮੁਤਾਬਕ ਜਲੰਧਰ ਜ਼ਿਲ੍ਹੇ ਵਿਚ ਐੱਸ. ਪੀ. ਪ੍ਰਾਈਮ ਪਬਲਿਕ ਸਕੂਲ ਦੀ ਕਾਮਰਸ ਸਟ੍ਰੀਮ ਦੀ ਵਿਦਿਆਰਥਣ ਲਿਪਿਕਾ ਨੇ 493/500 ਅੰਕ ਲੈ ਕੇ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਡੀ. ਏ. ਵੀ. ਕਾਲਜੀਏਟ ਸਕੂਲ ਦੇ ਵਿਦਿਆਰਥੀ ਰਿਸ਼ਭ ਸ਼ਰਮਾ ਨੇ 491/500 ਅੰਕ ਲੈ ਕੇ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਮੈਰੀਟੋਰੀਅਸ ਸਕੂਲ ਦੀ ਵਿਦਿਆਰਥਣ ਅਨੂ ਭਾਟੀਆ ਅਤੇ ਜਾਨ੍ਹਵੀ ਅਤੇ ਐੱਸ. ਪੀ. ਪ੍ਰਾਈਮ ਪਬਲਿਕ ਸਕੂਲ ਦੀ ਵਿਦਿਆਰਥਣ ਮਾਨਵੀ ਰਾਏ ਨੇ 490/500 ਅੰਕ ਲੈ ਕੇ ਸਾਂਝੇ ਰੂਪ ਨਾਲ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਸਭ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਤ 13 ਹੋਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂ ਸੁਰੱਖਿਅਤ ਕੀਤਾ।

ਪੀ. ਸੀ. ਐੱਸ. ਅਧਿਕਾਰੀ ਬਣਨਾ ਚਾਹੁੰਦੀ ਹੈ ਲਿਪਿਕਾ
ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਲਿਪਿਕਾ ਨੇ ਕਿਹਾ ਕਿ ਉਹ ਅੱਗੇ ਚੱਲ ਕੇ ਬੀ. ਕਾਮ. ਐੱਲ. ਐੱਲ. ਬੀ. ਵਿਚ ਐਡਮਿਸ਼ਨ ਲਵੇਗੀ ਅਤੇ ਪੀ. ਸੀ. ਐੱਸ. ਦਾ ਐਗਜ਼ਾਮ ਵੀ ਕਲੀਅਰ ਕਰਨਾ ਚਾਹੁੰਦੀ ਹੈ। ਲਿਪਿਕਾ ਦਾ ਕਹਿਣਾ ਸੀ ਕਿ ਉਹ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਦੀ ਅਤੇ ਇਹ ਸਮਾਂ ਉਹ ਆਪਣੀ ਪੜ੍ਹਾਈ ’ਤੇ ਲਾਉਂਦੀ ਹੈ। ਲਿਪਿਕਾ ਨੇ ਕਿਹਾ ਕਿ ਉਹ 10ਵੀਂ ਜਮਾਤ ਵਿਚ 2 ਅੰਕਾਂ ਨਾਲ ਹੀ ਮੈਰਿਟ ਵਿਚ ਸਥਾਨ ਹਾਸਲ ਕਰਨ ਤੋਂ ਰਹਿ ਗਈ ਸੀ। ਇਸ ਵਾਰ ਸਾਰੀ ਕਮੀ ਦੂਰ ਕਰਦਿਆਂ ਜ਼ਿਲੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰ ਲਿਆ। ਲਿਪਿਕਾ ਦੇ ਪਿਤਾ ਕ੍ਰਿਸ਼ਨ ਗੋਪਾਲ ਮਾਰਕੀਟਿੰਗ ਮੈਨੇਜਰ ਹਨ, ਜਦੋਂ ਕਿ ਮਾਤਾ ਪੂਨਮ ਅਧਿਆਪਕਾ ਹੈ।

ਇਹ ਵੀ ਪੜ੍ਹੋ- ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ 24 ਸਾਲਾ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

PunjabKesari

ਅਧਿਆਪਕਾ ਬਣਨਾ ਚਾਹੁੰਦੀ ਹੈ ਅਨੂ ਭਾਟੀਆ
ਜ਼ਿਲ੍ਹੇ ਵਿਚੋਂ ਤੀਜਾ ਸਥਾਨ ਹਾਸਲ ਕਰਨ ਵਾਲੀ ਮੈਰੀਟੋਰੀਅਸ ਸਕੂਲ ਦੀ ਵਿਦਿਆਰਥਣ ਅਨੂ ਭਾਟੀਆ ਦਾ ਕਹਿਣਾ ਹੈ ਕਿ ਉਹ ਅੱਗੇ ਚੱਲ ਕੇ ਅਧਿਆਪਕਾ ਬਣਨਾ ਚਾਹੁੰਦੀ ਹੈ। ਅਨੂ ਨੇ ਕਿਹਾ ਕਿ ਸਾਇੰਸ ਉਸ ਦਾ ਮਨਪਸੰਦ ਵਿਸ਼ਾ ਹੈ ਅਤੇ ਉਹ ਅੱਗੇ ਬੀ. ਐੱਸ. ਸੀ. ਵਿਚ ਐਡਮਿਸ਼ਨ ਲਵੇਗੀ। ਉਸ ਨੇ ਦੱਸਿਆ ਕਿ ਸਕੂਲ ਦੇ ਹੋਸਟਲ ਵਿਚ ਰਹਿਣ ਕਾਰਨ ਉਹ ਮੋਬਾਈਲ ਅਤੇ ਟੀ. ਵੀ. ਤੋਂ ਦੂਰ ਰਹੀ ਅਤੇ ਸਾਰਾ ਧਿਆਨ ਪੜ੍ਹਾਈ ’ਤੇ ਕੇਂਦਰਿਤ ਕੀਤਾ, ਜਿਸ ਦਾ ਉਸਨੂੰ ਲਾਭ ਮਿਲਿਆ। ਉਸਨੇ ਬਾਕੀ ਬੱਚਿਆਂ ਨੂੰ ਵੀ ਸੁਨੇਹਾ ਦਿੱਤਾ ਕਿ ਮੋਬਾਈਲ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਇਹ ਜ਼ਿਆਦਾ ਵਧੀਆ ਰਹੇਗਾ। ਅਨੂ ਦੇ ਪਿਤਾ ਪਵਨ ਕੁਮਾਰ ਆਰਮੀ ਵਿਚ ਹਨ, ਜਦਕਿ ਮਾਤਾ ਸਰਬਜੀਤ ਕੌਰ ਘਰੇਲੂ ਔਰਤ ਹੈ।

PunjabKesari

ਮਿਹਨਤ ’ਤੇ ਸੀ ਭਰੋਸਾ, ਫਲ ਮਿਲਿਆ : ਮਾਨਵੀ ਰਾਏ
ਜ਼ਿਲ੍ਹੇ ਵਿਚ ਤੀਜਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਮਾਨਵੀ ਰਾਏ ਨੇ ਕਿਹਾ ਕਿ ਉਸਨੂੰ ਆਪਣੀ ਮਿਹਨਤ ’ਤੇ ਭਰੋਸਾ ਸੀ ਅਤੇ ਉਸ ਦਾ ਫਲ ਵੀ ਉਸ ਨੂੰ ਮਿਲ ਗਿਆ। ਮਾਨਵੀ ਨੇ ਕਿਹਾ ਕਿ ਉਹ ਅੱਗੇ ਜਾ ਕੇ ਐੱਚ. ਆਰ. ਫਾਈਨਾਂਸ ਦੀ ਫੀਲਡ ਵਿਚ ਕੰਮ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਹ ਰਾਤ ਦੇ ਸਮੇਂ ਦੇਰ ਤਕ ਪੜ੍ਹਾਈ ਕਰਦੀ ਸੀ ਕਿਉਂਕਿ ਰਾਤ ਨੂੰ ਰੌਲਾ ਘੱਟ ਹੁੰਦਾ ਸੀ ਅਤੇ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨ ਵਿਚ ਮਦਦ ਮਿਲਦੀ ਸੀ। ਮਾਨਵੀ ਦੇ ਪਿਤਾ ਮਨਦੀਪ ਰਾਏ ਸੈਲੂਨ ਚਲਾਉਂਦੇ ਹਨ, ਜਦੋਂ ਕਿ ਮਾਤਾ ਨਿਸ਼ਾ ਰਾਏ ਘਰੇਲੂ ਔਰਤ ਹੈ। ਉਨ੍ਹਾਂ ਵੀ ਆਪਣੀ ਬੱਚੀ ਦੀ ਸਫਲਤਾ ’ਤੇ ਖ਼ੁਸ਼ੀ ਪ੍ਰਗਟਾਈ।

ਇਹ ਵੀ ਪੜ੍ਹੋ- ਪੰਜਾਬ ਦੇ ਨੌਜਵਾਨ ਨੇ ਨਿਊਜ਼ੀਲੈਂਡ 'ਚ ਗੱਡੇ ਝੰਡੇ, ਪੁਲਸ ਮਹਿਕਮੇ 'ਚ ਹਾਸਲ ਕੀਤਾ ਇਹ ਵੱਡਾ ਮੁਕਾਮ

PunjabKesari

ਕੰਪਿਊਟਰ ਇੰਜੀਨੀਅਰ ਵਿਚ ਕਰੀਅਰ ਬਣਾਉਣਾ ਚਾਹੁੰਦੀ ਹੈ ਜਾਨ੍ਹਵੀ
ਜ਼ਿਲ੍ਹੇ ਦੀ ਮੈਰਿਟ ਸੂਚੀ ਵਿਚ ਤੀਜਾ ਸਥਾਨ ਬਣਾਉਣ ਵਾਲੀ ਜਾਨ੍ਹਵੀ ਅੱਗੇ ਚੱਲ ਕੇ ਕੰਪਿਊਟਰ ਇੰਜੀਨੀਅਰਿੰਗ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਜਾਨ੍ਹਵੀ ਦੇ ਪਿਤਾ ਰਾਕੇਸ਼ ਕੁਮਾਰ ਪੇਸ਼ੇ ਤੋਂ ਡਰਾਈਵਰ ਹਨ ਅਤੇ ਮਾਤਾ ਸਪਨਾ ਦੇਵੀ ਹਾਊਸ ਵਾਈਫ ਹੈ। ਜਾਨ੍ਹਵੀ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਪੂਰਾ ਸਾਲ ਪੜ੍ਹਾਈ ’ਤੇ ਧਿਆਨ ਦੇਣ, ਨਾ ਕਿ ਸਾਲ ਦੀ ਆਖਿਰ ’ਚ ਆ ਕੇ ਸਟਰੈੱਸ ਲੈਣ। ਜਾਨ੍ਹਵੀ ਦੇ ਮਾਤਾ-ਪਿਤਾ ਨੇ ਵੀ ਉਸ ਦੀ ਸਫ਼ਲਤਾ ’ਤੇ ਖ਼ੁਸ਼ੀ ਪ੍ਰਗਟ ਕੀਤੀ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ 2024 ਦੀ ਹੁਣ ਤਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ, ਕੈਨੇਡਾ ਸਣੇ 5 ਦੇਸ਼ਾਂ 'ਚ ਫੈਲਿਆ ਨੈੱਟਵਰਕ

12ਵੀਂ ਜਮਾਤ ਦੀ ਜ਼ਿਲ੍ਹਾ ਮੈਰਿਟ ਸੂਚੀ
ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ 12ਵੀਂ ਜਮਾਤ ਦੀ ਐਲਾਨੀ ਗਈ 320 ਵਿਦਿਆਰਥੀਆਂ ਵਾਲੀ ਮੈਰਿਟ ਸੂਚੀ ਵਿਚ ਜਲੰਧਰ ਦੇ 18 ਵਿਦਿਆਰਥੀਆਂ ਨੇ ਸਥਾਨ ਬਣਾਇਆ। ਜ਼ਿਲੇ ਦੀ ਮੈਰਿਟ ਸੂਚੀ ਇਸ ਤਰ੍ਹਾਂ ਹੈ :
(1) ਲਿਪਿਕਾ, ਐੱਸ. ਪੀ. ਪ੍ਰਾਈਮ ਪਬਲਿਕ ਸਕੂਲ ਜਲੰਧਰ 493/500
(2) ਰਿਸ਼ਭ ਸ਼ਰਮਾ, ਡੀ. ਏ. ਵੀ. ਕਾਲਜੀਏਟ ਸਕੂਲ ਜਲੰਧਰ 491/500
(3) ਅਨੂ ਭਾਟੀਆ, ਮੈਰੀਟੋਰੀਅਸ ਸਕੂਲ ਜਲੰਧਰ 490/500
(4) ਜਾਨ੍ਹਵੀ, ਮੈਰੀਟੋਰੀਅਸ ਸਕੂਲ ਜਲੰਧਰ 490/500
(5) ਮਾਨਵੀ ਰਾਏ, ਐੱਸ. ਪੀ. ਪ੍ਰਾਈਮ ਪਬਲਿਕ ਸਕੂਲ ਜਲੰਧਰ 490/500
(6) ਤਮੰਨਾ ਲਤਾ ਲਾਲ, ਐੱਚ. ਐੱਮ. ਵੀ. ਕਾਲਜੀਏਟ ਸਕੂਲ 489/500
(7) ਆਰਤੀ, ਮੈਰੀਟੋਰੀਅਸ ਸਕੂਲ ਜਲੰਧਰ 489/500
(8) ਸਾਗਰ, ਮੈਰੀਟੋਰੀਅਸ ਸਕੂਲ ਜਲੰਧਰ 489/500
(9) ਗੌਤਮ, ਮੈਰੀਟੋਰੀਅਸ ਸਕੂਲ ਜਲੰਧਰ 489/500
(10) ਪ੍ਰਿਯਲ, ਮੈਰੀਟੋਰੀਅਸ ਸਕੂਲ ਜਲੰਧਰ 489/500
(11) ਆਲੋਕ, ਮੈਰੀਟੋਰੀਅਸ ਸਕੂਲ ਜਲੰਧਰ 488/500
(12) ਕੰਚਨ, ਸਰਕਾਰੀ ਕੰਨਿਆ ਸਕੂਲ ਫਿਲੌਰ 488/500
(13) ਪ੍ਰਿਯਾ, ਸ਼ਹੀਦ ਭਾਈ ਤਾਰਾ ਸਿੰਘ ਮੈਮੋਰੀਅਲ ਸਕੂਲ ਜਲੰਧਰ 488/500
(14) ਕੋਮਲਪ੍ਰੀਤ, ਟੈਗੋਰ ਮਾਡਲ ਸਕੂਲ ਨਕੋਦਰ 488/500
(15) ਗਗਨਦੀਪ, ਮੈਰੀਟੋਰੀਅਸ ਸਕੂਲ ਜਲੰਧਰ 487/500
(16) ਸੁਨੈਨਾ, ਮੈਰੀਟੋਰੀਅਸ ਸਕੂਲ ਜਲੰਧਰ 487/500
(17) ਪਲਕ, ਐੱਚ. ਐੱਮ. ਵੀ. ਕਾਲਜੀਏਟ ਸਕੂਲ 487/500
(18) ਭੂਮਿਕਾ, ਐੱਸ. ਡੀ. ਪਬਲਿਕ ਸਕੂਲ ਅੱਪਰਾ ਜਲੰਧਰ 487/500

ਵਧੀਆ ਨਤੀਜੇ ਲਈ ਅਧਿਆਪਕ ਅਤੇ ਪ੍ਰਿੰਸੀਪਲ ਵਧਾਈ ਦੇ ਪਾਤਰ: ਡੀ. ਈ. ਓ.
12ਵੀਂ ਜਮਾਤ ਦੇ ਨਤੀਜੇ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਜ਼ਿਲਾ ਸਿੱਖਿਆ ਅਧਿਕਾਰੀ ਸੁਰੇਸ਼ ਕੁਮਾਰ ਅਤੇ ਉਪ ਜ਼ਿਲਾ ਸਿੱਖਿਆ ਅਧਿਕਾਰੀ ਰਾਜੀਵ ਜੋਸ਼ੀ ਨੇ ਕਿਹਾ ਕਿ ਇਹ ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਇਸ ਦੇ ਲਈ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਜਿਹੜੇ ਬੱਚੇ ਮੈਰਿਟ ਲਿਸਟ ਵਿਚ ਆਏ ਹਨ, ਉਨ੍ਹਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ।

ਇਹ ਵੀ ਪੜ੍ਹੋ- ਹਾਜੀਪੁਰ 'ਚ ਭਿਆਨਕ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ, ਧੜ ਨਾਲੋਂ ਵੱਖ ਹੋਈ ਗਰਦਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


 


author

shivani attri

Content Editor

Related News