ਕੇਂਦਰੀ ਜੇਲ੍ਹ ’ਚ ਕੱਪੜੇ ਦੇਣ ਆਏ ਹਵਾਲਾਤੀ ਦਾ ਭਰਾ ਦੇ ਗਿਆ ਨਸ਼ੀਲਾ ਪਦਾਰਥ

Thursday, Jul 03, 2025 - 05:29 PM (IST)

ਕੇਂਦਰੀ ਜੇਲ੍ਹ ’ਚ ਕੱਪੜੇ ਦੇਣ ਆਏ ਹਵਾਲਾਤੀ ਦਾ ਭਰਾ ਦੇ ਗਿਆ ਨਸ਼ੀਲਾ ਪਦਾਰਥ

ਫਿਰੋਜ਼ਪੁਰ (ਪਰਮਜੀਤ ਸੋਢੀ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਹਵਾਲਾਤੀ ਨੂੰ ਕੱਪੜੇ ਦੇ ਕੇ ਗਏ ਉਸ ਦੇ ਭਰਾ ਵੱਲੋਂ ਕਮੀਜ਼ ਦੇ ਕਾਲਰ ਵਿਚੋਂ 12 ਗ੍ਰਾਮ ਬਰਾਊਨ ਰੰਗ ਦਾ ਨਸ਼ੀਲਾ ਹੈਰੋਇਨ ਵਰਗਾ ਪਾਊਡਰ ਬਰਾਮਦ ਹੋਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਇਕ ਹਵਾਲਾਤੀ ਅਤੇ ਉਸ ਦੇ ਭਰਾ ਖਿਲਾਫ 42 ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਕ ਪੱਤਰ ਨੰਬਰ 4480 ਮਿਤੀ 2 ਜੂਨ 2025 ਵੱਲੋਂ ਤਰਸੇਮ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਮੌਸੂਲ ਹੋਇਆ ਕਿ ਮਿਤੀ 2 ਜੁਲਾਈ 2025 ਨੂੰ ਹਵਾਲਾਤੀ ਲਖਵਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ (ਪੀਆਈਡੀ ਨੰਬਰ 487780) ਬਾਹਰੋਂ ਆਏ ਕੱਪੜੇ ਕਮੀਜ ਦੇ ਕਾਲਰ ਵਿਚ ਮੋਮੀ ਲਿਫਾਫੇ ਵਿਚ ਲਿਪੇਟਿਆ ਹੋਇਆ ਤਕਰੀਬਨ 12 ਗ੍ਰਾਮ ਬਰਾਊਨ ਰੰਗ ਦਾ ਨਸ਼ੀਲਾ ਹੈਰੋਇਨ ਵਰਗਾ ਪਾਊਡਰ ਬਰਾਮਦ ਹੋਇਆ ਹੈ। 

ਜਾਂਚਕਰਤਾ ਨੇ ਦੱਸਿਆ ਕਿ ਇਹ ਨਸ਼ੀਲਾ ਪਦਾਰਥ ਹਵਾਲਾਤੀ ਨੂੰ ਕੱਪੜੇ ਦੇਣ ਆਏ ਉਸ ਦੇ ਭਰਾ ਕੁਲਦੀਪ ਸਿੰਘ ਨੇ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਹਵਾਲਾਤੀ ਅਤੇ ਉਸ ਦੇ ਭਰਾ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News