ਇੰਗਲੈਂਡ ਗਈ ਮੁਸਕਾਨ ਡੰਕੀ ਲਾ ਅਮਰੀਕਾ ਪਹੁੰਚਦਿਆਂ ਹੀ ਫੜੀ ਗਈ, ਨਹੀਂ ਪਤਾ ਸੀ ਕਿ ਇੰਝ ਟੁੱਟਣਗੇ ਸੁਫ਼ਨੇ
Thursday, Feb 06, 2025 - 12:13 PM (IST)
ਜਗਰਾਓਂ : ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਮੁਲਕ ’ਚੋਂ ਬਾਹਰ ਕੱਢਣ ਦੇ ਫ਼ੈਸਲੇ ਤਹਿਤ ਅੱਜ 30 ਪੰਜਾਬੀਆਂ ਸਮੇਤ ਭਾਰਤ ਦੇ 104 ਪਰਵਾਸੀ ਇੱਥੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੇ। ਇਨ੍ਹਾਂ ਵਿਚ ਸਾਲ ਪਹਿਲਾਂ ਜਗਰਾਓਂ ਤੋਂ ਪੜ੍ਹਾਈ ਕਰਨ ਲਈ ਇੰਗਲੈਂਡ ਗਈ 21 ਸਾਲਾਂ ਦੀ ਮੁਸਕਾਨ ਵੀ ਸ਼ਾਮਲ ਸੀ, ਜੋ 10 ਦਿਨ ਪਹਿਲਾਂ ਹੀ ਡੰਕੀ ਲਗਾ ਕੇ ਅਮਰੀਕਾ ਪਹੁੰਚੀ ਸੀ ਅਤੇ ਉਸ ਸਮੇਂ ਉਥੋਂ ਦੀ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਇਸ ਮਗਰੋਂ ਅਮਰੀਕਾ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰ ਕੇ ਫ਼ੌਜੀ ਜਹਾਜ਼ ਰਾਹੀਂ ਵਾਪਸ ਭੇਜ ਦਿੱਤਾ। ਪਿਤਾ ਨੂੰ ਵੀ ਧੀ ਦੇ ਡਿਪੋਰਟ ਹੋਣ ਬਾਰੇ ਦੁਪਹਿਰ ਤੱਕ ਕੋਈ ਜਾਣਕਾਰੀ ਨਹੀਂ ਸੀ, ਸ਼ਾਮ 5 ਵਜੇ ਪਹਿਲਾਂ ਰਿਸ਼ਤੇਦਾਰਾਂ ਨੇ ਅਤੇ ਫਿਰ ਅੰਮ੍ਰਿਤਸਰ ਤੋਂ ਉਸ ਦੀ ਧੀ ਨੇ ਇਸ ਬਾਰੇ ਉਸ ਨੂੰ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਪੰਜਾਬ ਭਰ ਵਿਚ ਸ਼ੁਰੂ ਹੋਏ ਐਕਸ਼ਨ
ਜਾਣਕਾਰੀ ਮੁਤਾਬਕ ਜਗਰਾਓਂ ਦੇ ਪ੍ਰਤਾਪ ਨਗਰ ਮੁਹੱਲਾ ਦੇ ਨਿਵਾਸੀ ਜਗਦੀਸ਼ ਕੁਮਾਰ ਢਾਬਾ ਚਲਾਉਂਦੇ ਹਨ। ਉਨ੍ਹਾਂ ਮੁਤਾਬਕ 13 ਮਹੀਨੇ ਪਹਿਲਾਂ ਉਨ੍ਹਾਂ ਨੇ ਧੀ ਨੂੰ ਪੜ੍ਹਾਈ ਲਈ ਇੰਗਲੈਂਡ ਭੇਜਿਆ ਸੀ। ਮਹੀਨਾ ਪਹਿਲਾਂ ਧੀ ਨੇ ਆਪਣੇ ਗਰੁੱਪ ਨਾਲ ਡੰਕੀ ਲਗਾ ਕੇ ਅਮਰੀਕਾ ਜਾਣ ਦਾ ਫੈਸਲਾ ਲਿਆ। ਬੀਤੀ 25 ਜਨਵਰੀ ਨੂੰ ਉਹ ਅਮਰੀਕਾ ਬਾਰਡਰ ’ਤੇ ਪਹੁੰਚੀ ਤਾਂ ਨਾਲ ਹੀ ਹਿਰਾਸਤ ਵਿਚ ਲੈ ਲਈ ਗਈ, ਜਿਸ ਨੂੰ ਹੋਰਨਾਂ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਨਾਲ ਡਿਪੋਰਟ ਕੀਤਾ ਗਿਆ ਹੈ। ਜਗਦੀਸ਼ ਕੁਮਾਰ ਮੁਤਾਬਕ ਧੀ ਦਾ ਫੋਨ 25 ਜਨਵਰੀ ਤੋਂ ਬੰਦ ਆ ਰਿਹਾ ਸੀ। ਬੁੱਧਵਾਰ ਦੁਪਹਿਰ ਤਕ ਮੁਸਕਾਨ ਨਾਲ ਉਨ੍ਹਾਂ ਦਾ ਸੰਪਰਕ ਨਹੀਂ ਹੋ ਰਿਹਾ ਸੀ। ਉਨ੍ਹਾਂ ਨੂੰ ਇਸ ਗੱਲ ਦੀ ਭੋਰਾ ਵੀ ਸੂਚਨਾ ਨਹੀਂ ਸੀ ਕਿ ਅਮਰੀਕਾ ਵੱਲੋਂ ਡਿਪੋਰਟ ਕੀਤੇ ਪਰਵਾਸੀਆਂ ਵਿਚ ਉਨ੍ਹਾਂ ਦੀ ਧੀ ਵੀ ਸ਼ਾਮਲ ਹੈ। ਸ਼ਾਮ 4 ਵਜੇ ਦੇ ਕਰੀਬ ਇਕ ਰਿਸ਼ਤੇਦਾਰ ਨੇ ਖ਼ਬਰਾਂ ਸੁਣ ਕੇ ਫੋਨ ਕੀਤਾ ਸੀ।
ਇਹ ਵੀ ਪੜ੍ਹੋ : ਬਸੰਤ ਮੌਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲਾ SHO ਆਇਆ ਮੀਡੀਆ ਸਾਹਮਣੇ, ਦੱਸੀ ਸੱਚਾਈ
ਫੋਨ ਆਉਣ ’ਤੇ ਵੀ ਉਹ ਅੰਮ੍ਰਿਤਸਰ ਹਵਾਈ ਅੱਡੇ ਨਹੀਂ ਗਏ ਸਨ ਕਿਉਂਕਿ ਉਨ੍ਹਾਂ ਨੂੰ ਸਰਕਾਰੀ ਤੌਰ ’ਤੇ ਸੂਚਨਾ ਨਹੀਂ ਮਿਲੀ ਸੀ, ਫਿਰ ਸ਼ਾਮ 5 ਵਜੇ ਉਨ੍ਹਾਂ ਦੀ ਧੀ ਦਾ ਫੋਨ ਆਇਆ ਤੇ ਉਸ ਨੇ ਖ਼ੁਦ ਦੱਸਿਆ ਕਿ ਉਹ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜ ਚੁੱਕੀ ਹੈ। ਜਗਦੀਸ਼ ਕੁਮਾਰ ਨੇ ਦੱਸਿਆ ਕਿ ਇਕ ਸਾਲ ਤੇ ਇਕ ਮਹੀਨਾ ਪਹਿਲਾਂ ਉਨ੍ਹਾਂ ਨੇ 18 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਧੀ ਨੂੰ ਸੁਨਹਿਰੇ ਭਵਿੱਖ ਲਈ ਇੰਗਲੈਂਡ ਪੜ੍ਹਾਈ ਕਰਨ ਭੇਜਿਆ ਸੀ। ਜਿਵੇਂ-ਤਿਵੇਂ ਉਹ ਇਹ ਕਰਜ਼ਾ ਉਤਾਰ ਵੀ ਰਹੇ ਸਨ ਪਰ ਧੀ ਨੂੰ ਡਿਪੋਰਟ ਕਰਨ ’ਤੇ ਸਾਰੇ ਸੁਫ਼ਨੇ ਚਕਨਾਚੂਰ ਹੋ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀ ਧਿਆਨ ਦੇਣ, ਸੂਬੇ ਦੇ ਪੈਟਰੋਲ ਪੰਪਾਂ ਨੂੰ ਲੈ ਕੇ ਆਈ ਵੱਡੀ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e