ਧਰਨਾ ਛੱਡ ਡਿਊਟੀ ’ਤੇ ਪੁੱਜੇ ਕੰਡਕਟਰ ਨਾਲ ਸਾਥੀ ਮੁਲਾਜ਼ਮਾਂ ਨੇ ਕੀਤੀ ਧੱਕੇਸ਼ਾਹੀ, ਪਹਿਨਾਈਆਂ ਚੂੜੀਆਂ
Monday, Sep 13, 2021 - 10:50 PM (IST)
ਮੋਗਾ, ਫਰੀਦਕੋਟ(ਗੋਪੀ ਰਾਊਕੇ,ਰਾਜਨ)- ਇਕ ਪਾਸੇ ਜਿੱਥੇ ਆਪਣੀਆਂ ਮੰਗਾ ਮੰਨਵਾਉਣ ਲਈ ਕੱਚੇ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਮੁਲਾਜ਼ਮਾਂ ਵੱਲੋਂ ਲੜੀਵਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਉੱਥੇ ਅੱਜ ਮੋਗਾ ਦੇ ਬੱਸ ਅੱਡੇ ’ਤੇ ਸੰਘਰਸ਼ ਛੱਡ ਕੇ ਡਿਊਟੀ ’ਤੇ ਪੁੱਜੇ ਕੰਡਕਟਰ ਨਾਲ ਸਾਥੀ ਮੁਲਾਜ਼ਮਾਂ ਨੇ ਕਥਿਤ ਤੌਰ ’ਤੇ ਧੱਕੇਸ਼ਾਹੀ ਕਰਦੇ ਹੋਏ ਕੰਡਕਟਰ ਨੂੰ ਚੂੜੀਆਂ ਪਹਿਨਾਈਆਂ ਅਤੇ ਸਿਰ ’ਤੇ ਚੁੰਨੀ ਦਿੱਤੀ। ਇਕੱਤਰ ਜਾਣਕਾਰੀ ਅਨੁਸਾਰ ਫਰੀਦਕੋਟ ਡਿਪੂ ਦਾ ਇਹ ਮੁਲਾਜ਼ਮ ਜਿਉਂ ਹੀ ਬੱਸ ਲੈ ਕੇ ਮੋਗਾ ਦੇ ਬੱਸ ਅੱਡੇ ’ਤੇ ਸਵਾਰੀਆਂ ਉਤਾਰਨ ਲੱਗਾ ਤਾਂ ਬੱਸ ਅੱਡੇ ਅੰਦਰ ਬੈਠੇ ਮੁਲਾਜ਼ਮ ਇਕ ਦਮ ਭੜਕ ਪਏ ਤੇ ਉਨ੍ਹਾਂ ਕੰਡਕਟਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ- ਅੰਮਿ੍ਰਤਸਰ ਪੁਲਸ ਵੱਲੋਂ ਨਸ਼ਾ ਤਸਕਰੀ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼, ਇਕ ਕਾਬੂ
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਕੰਡਕਟਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਰੱਖੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਅਜਿਹਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਜਦੋਂ ਕਿ ਫਰੀਦਕੋਟ ਡਿਪੂ ਦੇ ਕੰਡਕਟਰ ਦਾ ਕਹਿਣਾ ਹੈ ਕਿ ਉਹ ਵੀ ਸੰਘਰਸ਼ ਵਿਚ ਪਹਿਲਾਂ ਸ਼ਾਮਲ ਰਿਹਾ ਹੈ ਪ੍ਰੰਤੂ ਕੁੱਝ ਪਰਿਵਾਰਕ ਮਜਬੂਰੀਆਂ ਕਰ ਕੇ ਉਸਨੂੰ ਨੌਕਰੀ ’ਤੇ ਆਉਣਾ ਪਿਆ ਹੈ। ਪ੍ਰੰਤੂ ਜੋ ਸਾਥੀ ਮੁਲਾਜ਼ਮਾਂ ਨੇ ਕੀਤਾ ਹੈ, ਇਹ ਠੀਕ ਨਹੀਂ ਹੈ ਅਤੇ ਇਸ ਕਾਰਣ ਮੈਂ ਡੂੰਘੀ ਮਾਨਸਿਕ ਪੀੜਾ ਵਿਚੋਂ ਨਿਕਲ ਰਿਹਾ ਹਾਂ।