ਮੁਲਾਜ਼ਮ ਭੜਕੇ, ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

Tuesday, Mar 27, 2018 - 07:08 AM (IST)

ਮੁਲਾਜ਼ਮ ਭੜਕੇ, ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਅੰਮ੍ਰਿਤਸਰ,   (ਦਲਜੀਤ)-  ਲੁਧਿਆਣਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੱਢ ਰਹੇ ਸਾਂਝਾ ਅਧਿਆਪਕ ਮੋਰਚੇ ਦੇ ਮੁਲਾਜ਼ਮਾਂ ਉਪਰ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਲਾਠੀਚਾਰਜ ਕਰਵਾਉਣ ਉਪਰੰਤ ਅੱਜ ਹਾਈਵੇ ਜਾਮ ਕਰਨ ਦੇ ਦੋਸ਼ ਵਿਚ 8 ਹਜ਼ਾਰ ਪ੍ਰਦਰਸ਼ਨਕਾਰੀਆਂ ਖਿਲਾਫ ਦੋ ਮਾਮਲੇ ਦਰਜ ਕੀਤੇ ਗਏ ਹਨ। ਪਰਚਾ ਦਰਜ ਕਰਨ ਤੋਂ ਬਾਅਦ ਪੰਜਾਬ ਦਾ ਮੁਲਾਜ਼ਮ ਵਰਗ ਭੜਕ ਉੱਠਿਆ ਹੈ। ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਅੱਜ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦੀ ਕਾਰਗੁਜ਼ਾਰੀ ਦੀ ਰੱਜ ਕੇ ਨਿੰਦਾ ਕੀਤੀ। 
ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਤਾਲਮੇਲ ਕਮੇਟੀ ਪੈਰਾ-ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੇ ਕਨਵੀਨਰ ਪ੍ਰੇਮ ਚੰਦ, ਗੁਰਦੀਪ ਸਿੰਘ, ਸਵਿੰਦਰ ਭੱਟੀ, ਜਤਿਨ ਸ਼ਰਮਾ, ਸੁਖਵਿੰਦਰ ਸਿੰਘ, ਨਰਿੰਦਰ ਬੁੱਟਰ, ਮਨਜੀਤ ਕੌਰ ਢਿੱਲੋਂ, ਨਰਿੰਦਰ ਸਿੰਘ, ਰਵੀ ਕੁਮਾਰ, ਬਲਵਿੰਦਰ ਸਿੰਘ, ਰਾਮ ਕਲਫ, ਅਮਰਪਾਲ ਆਦਿ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਜੇਕਰ ਸਰਕਾਰ ਦਾ ਰਵੱਈਆ ਮੁਲਾਜ਼ਮਾਂ ਪ੍ਰਤੀ ਠੀਕ ਨਾ ਹੋਇਆ ਤਾਂ ਸਮੁੱਚੇ ਪੰਜਾਬ ਦੇ ਮੁਲਾਜ਼ਮ ਆਉਣ ਵਾਲੇ ਸਮੇਂ 'ਚ ਸਰਕਾਰ ਖਿਲਾਫ ਸੰਘਰਸ਼ ਤਿੱਖੇ ਕਰਨ ਲਈ ਮਜਬੂਰ ਹੋਣਗੇ, ਜਿਸ ਦਾ ਸਿੱਟਾ ਆਉਣ ਵਾਲੇ ਸਮੇਂ ਵਿਚ ਪਾਰਲੀਮੈਂਟ ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ।  ਯੂਨੀਅਨ ਦੇ ਪ੍ਰਧਾਨ ਅਮਨ ਸ਼ਰਮਾ ਸਟੇਟ ਐਵਾਰਡੀ ਨੇ ਦੱਸਿਆ ਕਿ ਕੱਲ ਦੀ ਲੁਧਿਆਣਾ ਰੋਸ ਰੈਲੀ ਵਿਚ ਅਧਿਆਪਕਾਂ ਦਾ ਠਾਠਾਂ ਮਾਰਦਾ ਇਤਿਹਾਸਕ ਇਕੱਠ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਿੱਖਿਆ ਅਤੇ ਅਧਿਆਪਕ ਮਾਰੂ ਨੀਤੀ ਵਿਰੁੱਧ ਸਪੱਸ਼ਟ ਫਤਵਾ ਹੈ। ਇਹ ਭਾਰੀ ਇਕੱਠ ਅਧਿਆਪਕਾਂ ਵਿਚ ਫੈਲੀ ਅਸੰਤੁਸ਼ਟੀ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਵਿਸ਼ਵਾਸ 'ਚ ਲਏ ਬਿਨਾਂ ਅਤੇ ਡਰਾ-ਧਮਕਾ ਕੇ ਸਿੱਖਿਆ ਸੁਧਾਰ ਸੰਭਵ ਨਹੀਂ ਹੈ। 
ਇਸ ਮੌਕੇ ਅਮਨ ਸ਼ਰਮਾ ਨੇ ਚਿਤਾਵਨੀ ਦਿੱਤੀ ਕਿ ਜੇਕਰ 2 ਅਪ੍ਰੈਲ ਨੂੰ ਸਾਂਝਾ ਅਧਿਆਪਕ ਮੋਰਚਾ ਦੀ ਮੁੱਖ ਮੰਤਰੀ ਨਾਲ ਨਿਯਤ ਮੀਟਿੰਗ ਦੇ ਸਾਰਥਕ ਸਿੱਟੇ ਨਾ ਨਿਕਲੇ ਤਾਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਲੁਧਿਆਣੇ ਨਾਲੋਂ ਵੀ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਪ੍ਰਧਾਨ ਅਸ਼ਵਨੀ ਅਵਸਥੀ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਆਗੂ ਬਲਕਾਰ ਸਿੰਘ ਵਲਟੋਹਾ, ਪੰਜਾਬ ਸੁਬਾਰਡੀਨੇਟ ਫੈੱਡਰੇਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਬਾਜਵਾ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ, ਸਤਬੀਰ ਸਿੰਘ ਬੋਪਾਰਾਏ, ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਪ੍ਰਭਜਿੰਦਰ ਸਿੰਘ, ਵਿਨੋਦ ਕਾਲੀਆ ਆਦਿ ਦੀ ਅਗਵਾਈ ਵਿਚ ਮੁਲਾਜ਼ਮਾਂ ਨੇ ਵੱਖ-ਵੱਖ ਥਾਈਂ ਇਕੱਠ ਕਰ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਲਾਠੀਚਾਰਜ ਤੇ ਅਧਿਆਪਕਾਂ 'ਤੇ ਦਰਜ ਕੀਤੇ ਮਾਮਲਿਆਂ ਦੀ ਨਿੰਦਾ ਕੀਤੀ। 


Related News