ਬਿਜਲੀ ਮੁਲਾਜ਼ਮਾਂ ਨੇ ਕੀਤਾ ਭਿੱਖੀਵਿੰਡ ਡਵੀਜ਼ਨ ਦਾ ਕੰਮਕਾਜ ਬੰਦ

12/29/2017 7:30:48 AM

ਖਾਲੜਾ/ਭਿੱਖੀਵਿੰਡ,  (ਭਾਟੀਆ, ਬਖਤਾਵਰ, ਰਾਜੀਵ)-  ਪਿਛਲੇ ਦਿਨੀਂ ਪਿੰਡ ਰਾਜੋਕੇ ਦੀਆਂ ਔਰਤਾਂ ਵੱਲੋਂ ਬਿਜਲੀ ਬੋਰਡ ਦੇ ਐੱਸ. ਡੀ. ਓ. ਕਮਲ ਕੁਮਾਰ ਵੱਲੋਂ ਉਨ੍ਹਾਂ ਨਾਲ ਘਰ 'ਚ ਦਾਖਲ ਹੋ ਕੇ ਛੇੜਛਾੜ ਕਰਨ ਦਾ ਮਾਮਲਾ ਗੁੰਝਲਦਾਰ ਬਣਦਾ ਜਾ ਰਿਹਾ ਹੈ। ਜਿੱਥੇ ਇਕ ਪਾਸੇ ਉਨ੍ਹਾਂ ਔਰਤਾਂ ਵੱਲੋਂ ਆਪਣੇ ਨਾਲ ਹੋਈ ਧੱਕੇਸ਼ਾਹੀ ਸਬੰਧੀ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਉਥੇ ਹੀ ਬਿਜਲੀ ਵਿਭਾਗ ਦੇ ਮੁਲਾਜ਼ਮ ਇਕਜੁੱਟ ਹੋ ਕੇ ਐੱਸ. ਡੀ. ਓ. ਦੇ ਹੱਕ 'ਚ ਮੈਦਾਨ 'ਚ ਨਿਤਰ ਆਏ ਹਨ। 
ਬਿਜਲੀ ਮੁਲਾਜ਼ਮ ਐੱਸ. ਡੀ. ਓ. ਨੂੰ ਨਿਰਦੋਸ਼ ਦੱਸਦਿਆਂ ਉਲਟਾ ਸ਼ਿਕਾਇਤਕਰਤਾ ਔਰਤਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਅੱਜ ਡਵੀਜ਼ਨ ਭਿੱਖੀਵਿੰਡ ਅਧੀਨ ਆਉਂਦੀਆਂ ਸਾਰੀਆਂ ਸਬ-ਡਵੀਜ਼ਨਾਂ ਦੇ ਦਫਤਰਾਂ 'ਚ ਕੰਮਕਾਜ ਬੰਦ ਰੱਖਿਆ ਗਿਆ। ਇਸ ਦੌਰਾਨ ਸੈਂਕੜਿਆਂ ਦੀ ਗਿਣਤੀ 'ਚ ਭਿੱਖੀਵਿੰਡ ਡਵੀਜ਼ਨ, ਖਾਲੜਾ ਸਬ-ਡਵੀਜ਼ਨ, ਅਮਰਕੋਟ ਸਬ-ਡਵੀਜ਼ਨ, ਖੇਮਕਰਨ ਸਬ-ਡਵੀਜ਼ਨ ਦੇ ਬਿਜਲੀ ਮੁਲਾਜ਼ਮਾਂ ਨੇ ਪੁਲਸ ਥਾਣਾ ਖਾਲੜਾ ਦੇ ਗੇਟ ਅੱਗੇ ਇਕੱਤਰ ਹੋ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬਿਜਲੀ ਮੁਲਾਜ਼ਮਾਂ ਦਾ ਇਕ ਵਫਦ ਐਕਸੀਅਨ ਮਨੋਹਰ ਸਿੰਘ, ਐੱਸ. ਡੀ. ਓ. ਬੂਟਾ ਰਾਮ, ਐੱਸ. ਡੀ. ਓ. ਜਸਪਾਲ ਸਿੰਘ ਤੇ ਮੁਲਾਜ਼ਮ ਆਗੂ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ ਦੀ ਅਗਵਾਈ 'ਚ ਥਾਣਾ ਮੁਖੀ ਖਾਲੜਾ ਗੁਰਚਰਨ ਸਿੰਘ ਨੂੰ ਮਿਲਿਆ। 


Related News