NIC ਵੱਲੋਂ ਸੰਚਾਲਿਤ ‘ਸਾਰਥੀ’ਪੋਰਟਲ ਬੰਦ ਹੋਣ ਨਾਲ RTO ਦਾ ਕੰਮਕਾਜ ਹੋਇਆ ਠੱਪ, ਜਨਤਾ ਹੋਈ ਪ੍ਰੇਸ਼ਾਨ
Friday, May 17, 2024 - 11:28 AM (IST)
ਜਲੰਧਰ (ਚੋਪੜਾ)–ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨ. ਆਈ. ਸੀ.) ਵੱਲੋਂ ਸੰਚਾਲਿਤ ‘ਸਾਰਥੀ’ ਪੋਰਟਲ ਦਾ ਸਰਵਰ ਇਕ ਵਾਰ ਫਿਰ ਤੋਂ ਬੰਦ ਹੋਣ ਨਾਲ ਜਲੰਧਰ ਹੀ ਨਹੀਂ, ਸਗੋਂ ਦੇਸ਼ ਭਰ ਵਿਚ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਕੰਮਕਾਜ ਅੱਜ ਪੂਰੀ ਤਰ੍ਹਾਂ ਨਾਲ ਬੰਦ ਰਿਹਾ। ਦੂਜੇ ਪਾਸੇ ਇਸ ਪੋਰਟਲ ਦੇ ਬੰਦ ਰਹਿਣ ਨਾਲ ਰਿਜਨਲ ਟਰਾਂਸਪੋਰਟ ਅਫਸਰ (ਆਰ. ਟੀ. ਓ.) ਦਫ਼ਤਰਾਂ ਦਾ ਕੰਮਕਾਜ ਅੱਜ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਰਿਹਾ। ਆਰ. ਟੀ. ਓ. ਦਫ਼ਤਰ ਵਿਚ ਅੱਜ ਨਵੇਂ ਵਾਹਨ ਲਾਇਸੈਂਸ, ਲਾਇਸੈਂਸ ਦਾ ਨਵੀਨੀਕਰਨ, ਡੁਪਲੀਕੇਟ ਲਾਇਸੈਂਸ ਅਤੇ ਵਾਹਨ ਟਰਾਂਸਫ਼ਰ ਦੇ ਕੰਮ ਵੀ ਪੂਰੀ ਤਰ੍ਹਾਂ ਨਾਲ ਬੰਦ ਰਹੇ। ਦੂਜੇ ਪਾਸੇ ਲੋਕਾਂ ਨੂੰ ਵਾਹਨ ਦੀ ਰਜਿਸਟ੍ਰੇਸ਼ਨ ਕਰਵਾਉਣ ਵਿਚ ਦਿੱਕਤਾਂ ਆ ਰਹੀਆਂ ਹਨ, ਇਸ ਕਾਰਨ ਨਵੇਂ ਵਾਹਨ ਖ੍ਰੀਦਣ ਅਤੇ ਵੇਚਣ ਵਾਲਿਆਂ ਦੇ ਕਾਰੋਬਾਰ ’ਤੇ ਵੀ ਉਲਟ ਅਸਰ ਪਿਆ ਹੈ। ‘ਸਾਰਥੀ’ ਪੋਰਟਲ ਬੰਦ ਹੋਣ ਨਾਲ ਲੋਕਾਂ ਨੂੰ ਆਰ. ਟੀ. ਓ. ਦਫ਼ਤਰ ਤੋਂ ਮਾਯੂਸ ਹੋ ਕੇ ਵਾਪਸ ਮੁੜਨਾ ਪਿਆ।
ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਆਰ. ਟੀ. ਓ. ਅਧੀਨ ਆਉਂਦੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ, ਨਜ਼ਦੀਕ ਬੱਸ ਸਟੈਂਡ ’ਤੇ ਵਿਖਾਈ ਦਿੱਤੀ, ਜਿੱਥੇ ਸਵੇਰ ਤੋਂ ਹੀ ਡਰਾਈਵਿੰਗ ਲਾਇਸੈਂਸ, ਲਰਨਿੰਗ ਲਾਇਸੈਂਸ, ਇੰਟਰਨੈਸ਼ਨਲ ਲਾਇਸੈਂਸ, ਲਾਇਸੈਂਸ ਰੀਨਿਊਲ ਆਦਿ ਕੰਮਾਂ ਸਬੰਧੀ ਬਿਨੈਕਾਰਾਂ ਦੀ ਭੀੜ ਲੱਗ ਗਈ ਪਰ ਪੋਰਟਲ ਬੰਦ ਰਹਿਣ ਕਾਰਨ ਸੈਂਟਰ ਦਾ ਕੰਮਕਾਜ ਸ਼ੁਰੂ ਨਹੀਂ ਹੋ ਸਕਿਆ। ਆਨਲਾਈਨ ਐਪੁਆਇੰਟਮੈਂਟ ਸਬੰਧੀ ਮਿਲੀ ਨਿਰਧਾਰਿਤ ਤਰੀਕ ਨੂੰ ਲਾਇਸੈਂਸ ਬਣਵਾਉਣ ਆਏ ਲੋਕ ਘੰਟਿਆਂਬੱਧੀ ਪੋਰਟਲ ਦੇ ਸ਼ੁਰੂ ਹੋਣ ਦੀ ਉਡੀਕ ਕਰਦੇ ਰਹੇ ਕਿਉਂਕਿ ਐੱਨ. ਆਈ. ਸੀ. ਵੱਲੋਂ ਪਹਿਲਾਂ ਪੋਰਟਲ ’ਤੇ ਮੈਸੇਜ ਲਿਖਿਆ ਗਿਆ ਕਿ ਪੋਰਟਲ 10.30 ਵਜੇ ਚਾਲੂ ਹੋਵੇਗਾ ਅਤੇ ਬਾਅਦ ਵਿਚ ਸਮਾਂ ਵਧਾ ਕੇ 11.30 ਅਤੇ ਬਾਅਦ ਵਿਚ 1.30 ਵਜੇ ਤਕ ਕਰ ਦਿੱਤਾ ਗਿਆ ਪਰ 1.30 ਵਜੇ ਐੱਨ. ਆਈ. ਸੀ. ਵੱਲੋਂ ਸੂਚਨਾ ਜਾਰੀ ਕੀਤੀ ਗਈ ਕਿ ਪੋਰਟਲ ਨੂੰ ਅਪਡੇਟ ਕਰਨ ਕਾਰਨ ਇਹ ਸ਼ਨੀਵਾਰ ਨੂੰ ਚਾਲੂ ਹੋਵੇਗਾ।
ਇਹ ਵੀ ਪੜ੍ਹੋ- ‘ਪੰਜਾਬ ਬਚਾਓ’ ਯਾਤਰਾ ਦੌਰਾਨ ਸੁਖਬੀਰ ਬਾਦਲ ਨੇ ਟਰੈਕਟਰ ’ਤੇ ਲਵਾ ਲਈ ਛੱਤਰੀ ਤਾਂ ਕਿ ਗਰਮੀ ਨਾ ਲੱਗੇ: ਭਗਵੰਤ ਮਾਨ
ਇਸ ਤੋਂ ਬਾਅਦ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਦੇ ਕਰਮਚਾਰੀਆਂ ਨੇ ਪੋਰਟਲ ਬੰਦ ਹੋਣ ਕਾਰਨ ਲਾਇਸੈਂਸ ਬਣਾਉਣ ਸਬੰਧੀ ਟੈਸਟ ਅਤੇ ਹੋਰ ਕੰਮ ਬੰਦ ਰਹਿਣ ਦਾ ਨੋਟਿਸ ਗੇਟ ’ਤੇ ਲਾ ਦਿੱਤਾ ਗਿਆ ਪਰ ਸੈਂਟਰ ਦਾ ਕੋਈ ਵੀ ਕਰਮਚਾਰੀ ਬਿਨੈਕਾਰਾਂ ਨੂੰ ਜਾਣਕਾਰੀ ਦੇਣ ਵਿਚ ਅਸਮਰੱਥ ਰਿਹਾ ਕਿ ਉਨ੍ਹਾਂ ਵੱਲੋਂ ਲਈ ਗਈ ਆਨਲਾਈਨ ਐਪੁਆਇੰਟਮੈਂਟ ਦਾ ਆਖਿਰ ਕੀ ਹੋਵੇਗਾ, ਉਨ੍ਹਾਂ ਨੂੰ ਅਗਲੀ ਤਰੀਕ ਮਿਲੇਗੀ ਜਾਂ ਉਨ੍ਹਾਂ ਨੂੰ ਆਪਣਾ ਲਾਇਸੈਂਸ ਬਣਵਾਉਣ ਲਈ ਇਕ ਵਾਰ ਫਿਰ ਤੋਂ ਐਪੁਆਇੰਟਮੈਂਟ ਲੈਣ ਦੀ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ।
ਜੋ ਵੀ ਹੋਵੇ ਪੋਰਟਲ ਬੰਦ ਰਹਿਣ ਨਾਲ ਭਿਆਨਕ ਗਰਮੀ ਦੇ ਬਾਵਜੂਦ ਅੱਜ ਲਾਇਸੈਂਸ ਬਣਵਾਉਣ ਲਈ ਆਉਣ ਵਾਲੇ ਬਿਨੈਕਾਰ ਸਾਰਾ ਦਿਨ ਪ੍ਰੇਸ਼ਾਨ ਹੁੰਦੇ ਰਹੇ। ਹੁਣ ਸ਼ੁੱਕਰਵਾਰ ਨੂੰ ਵੀ ਪੋਰਟਲ ਦੇ ਬੰਦ ਰਹਿਣ ਕਾਰਨ ਵਿਭਾਗੀ ਕੰਮਕਾਜ ਨਹੀਂ ਹੋਵੇਗਾ। ਸ਼ਨੀਵਾਰ ਤੇ ਐਤਵਾਰ ਨੂੰ ਸਰਕਾਰੀ ਛੁੱਟੀ ਹੈ, ਜਿਸ ਕਾਰਨ ਆਰ. ਟੀ. ਓ. ਨਾਲ ਸਬੰਧਤ ਕੰਮਕਾਜ ਦੇ ਸੋਮਵਾਰ ਨੂੰ ਹੀ ਦੁਬਾਰਾ ਪਟੜੀ ’ਤੇ ਆਉਣ ਦੀ ਉਮੀਦ ਹੈ।
ਹਰ ਦਿਨ ਬਣਦੇ ਹਨ 350 ਤੋਂ 400 ਲਰਨਿੰਗ ਤੇ ਡਰਾਈਵਿੰਗ ਲਾਇਸੈਂਸ
ਜ਼ਿਕਰਯੋਗ ਹੈ ਕਿ ਜਲੰਧਰ ਵਿਚ ਆਰ. ਟੀ. ਓ. ਨਾਲ ਸਬੰਧਤ ਸਿਰਫ਼ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਚ ਰੋਜ਼ਾਨਾ 350 ਤੋਂ 400 ਲਰਨਿੰਗ ਡਰਾਈਵਿੰਗ ਲਾਇਸੈਂਸ ਬਣਦੇ ਹਨ। ਇਧਰ ਸਰਵਰ ਬੰਦ ਦਾ ਅਸਰ ਪਰਮਾਨੈਂਟ ਡਰਾਈਵਿੰਗ ਲਾਇਸੈਂਸ, ਲਰਨਿੰਗ ਲਾਇਸੈਂਸ ਦੇ ਕੰਮ ’ਤੇ ਵੀ ਪਿਆ ਹੈ। ਦੂਜੇ ਪਾਸੇ ਵਿਦੇਸ਼ ਪੜ੍ਹਾਈ ਕਰਨ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਜਾਰੀ ਹੋਣ ਵਾਲੇ ਇੰਟਰਨੈਸ਼ਨਲ ਲਾਇਸੈਂਸ ਵੀ ਨਹੀਂ ਬਣ ਸਕੇ। ਪੋਰਟਲ ਦੇ ਬੰਦ ਰਹਿਣ ਨਾਲ ਵਿਭਾਗ ਦੀ ਸਾਈਟ ਨਹੀਂ ਚੱਲ ਸਕੀ। ਲੋਕਾਂ ਦੇ 6 ਮਹੀਨੇ ਦੀ ਮਿਆਦ ਵਾਲੇ ਲਰਨਿੰਗ ਲਾਇਸੈਂਸ ਤੋਂ ਇਲਾਵਾ ਪਰਮਾਨੈਂਟ ਡਰਾਈਵਿੰਗ ਲਾਇਸੈਂਸ ਲਈ ਵੀ ਅਰਜ਼ੀਆਂ ਨਹੀਂ ਹੋ ਪਾ ਰਹੀਆਂ। ਇਸ ਤੋਂ ਪ੍ਰੇਸ਼ਾਨ ਲੋਕ ਇਧਰ-ਉਧਰ ਭਟਕਣ ਤੋਂ ਇਲਾਵਾ ਕੁਝ ਨਹੀਂ ਕਰ ਸਕੇ।
ਇਹ ਵੀ ਪੜ੍ਹੋ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਹਾਦਸਾ, ਭਰਾ ਦੀਆਂ ਅੱਖਾਂ ਸਾਹਮਣੇ ਹੋਈ ਭੈਣ ਦੀ ਦਰਦਨਾਕ ਮੌਤ
ਫਰਵਰੀ ਮਹੀਨੇ ’ਚ ਵੀ 15 ਦਿਨਾਂ ਤੋਂ ਵੱਧ ਸਮਾਂ ਪੋਰਟਲ ਰਿਹਾ ਸੀ ਬੰਦ
‘ਸਾਰਥੀ’ਪੋਰਟਲ ਦੇ ਅਕਸਰ ਬੰਦ ਰਹਿਣ ਜਾਂ ਸਰਵਰ ਸਲੋਅ ਰਹਿਣ ਕਾਰਨ ਆਉਣ ਵਾਲੀਆਂ ਦਿੱਕਤਾਂ ਕੋਈ ਨਵੀਂ ਗੱਲ ਨਹੀਂ ਹੈ। ਇਸੇ ਸਾਲ ਫਰਵਰੀ ਮਹੀਨੇ ਵਿਚ ਵੀ ‘ਸਾਰਥੀ’ ਪੋਰਟਲ 15 ਦਿਨਾਂ ਤੋਂ ਵੱਧ ਸਮੇਂ ਤਕ ਬੰਦ ਰਿਹਾ ਸੀ, ਉਦੋਂ ਵੀ ਲੋਕ ਐੱਨ. ਆਈ. ਸੀ. ਨੂੰ ਨਿੰਦਦੇ ਰਹੇ ਕਿ ਆਖਿਰ ਇੰਨਾ ਲੰਮਾ ਅਰਸਾ ਪੋਰਟਲ ਦੇ ਖਰਾਬ ਰਹਿਣ ਨਾਲ ਉਨ੍ਹਾਂ ਨੂੰ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਮਿਲ ਰਹੀਆਂ ਸਰਕਾਰੀ ਸਹੂਲਤਾਂ ਵਿਚ ਅੜਿੱਕਾ ਪੈ ਜਾਂਦਾ ਹੈ। ਉਥੇ ਹੀ ਸਮੇਂ ’ਤੇ ਲਾਇਸੈਂਸ ਅਤੇ ਵਾਹਨਾਂ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਪੁਲਸ ਵੱਲੋਂ ਰੋਕ ਜਾਣ ’ਤੇ ਚਲਾਨ ਹੋਣ ਅਤੇ ਜੁਰਮਾਨੇ ਦਾ ਭੁਗਤਾਨ ਕਰਨ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ।
ਪੋਰਟਲ ਦੇ ਅਪਡੇਟ ਹੋਣ ’ਤੇ ਰੁਟੀਨ ਐਪੁਆਇੰਟਮੈਂਟਸ ਦੇ ਨਾਲ ਪੈਂਡਿੰਗ ਐਪੁਆਇੰਟਮੈਂਟਸ ਵੀ ਕਰਾਂਗੇ ਐਡਜਸਟ : ਆਰ. ਟੀ. ਓ. ਅਮਨਪ੍ਰੀਤ ਸਿੰਘ
ਇਸ ਸਬੰਧ ’ਚ ਜਲੰਧਰ ਦੇ ਰਿਜਨਲ ਟਰਾਂਸਪੋਰਟ ਅਫ਼ਸਰ (ਆਰ. ਟੀ. ਓ.) ਅਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ‘ਸਾਰਥੀ’ਪੋਰਟਲ ਜ਼ਰੀਏ ਸਿਰਫ਼ ਜਲੰਧਰ ਹੀ ਨਹੀਂ, ਸਗੋਂ ਦੇਸ਼ ਭਰ ਦੇ ਆਰ. ਟੀ. ਓ. ਦਫ਼ਤਰਾਂ ਦਾ ਕੰਮਕਾਜ ਹੁੰਦਾ ਹੈ ਅਤੇ ਇਹ ਪੋਰਟਲ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨ. ਆਈ. ਸੀ.) ਵੱਲੋਂ ਹੈਦਰਾਬਾਦ ਤੋਂ ਸੰਚਾਲਿਤ ਕੀਤਾ ਜਾਂਦਾ ਹੈ। ਅਮਨਪ੍ਰੀਤ ਸਿੰਘ ਨੇ ਕਿਹਾ ਕਿ ਲਾਇਸੈਂਸ ਬਣਵਾਉਣ ਲਈ ਆਨਲਾਈਨ ਐਪੁਆਇੰਟਮੈਂਟਸ ਲੈ ਕੇ ਆਏ ਬਿਨੈਕਾਰਾਂ ਨੂੰ ਆਈਆਂ ਦਿੱਕਤਾਂ ਉਨ੍ਹਾਂ ਦੇ ਧਿਆਨ ਵਿਚ ਹਨ ਪਰ ਬਿਨੈਕਾਰਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। ਪੋਰਟਲ ਦੇ ਅਪਡੇਟ ਹੋਣ ਤੋਂ ਬਾਅਦ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪੋਰਟਲ ਦੇ ਬੰਦ ਹੋਣ ਦੇ ਦਿਨਾਂ ਦੇ ਬਿਨੈਕਾਰਾਂ ਨੂੰ ਸ਼ਡਿਊਲ ਦੇ ਮੁਤਾਬਕ ਟਿਕਟ ਜਾਰੀ ਕਰਕੇ ਐਡਜਸਟਮੈਂਟ ਕੀਤੀ ਜਾਵੇਗੀ ਤਾਂ ਕਿ ਰੁਟੀਨ ਐਪੁਆਇੰਟਮੈਂਟਸ ਦੇ ਨਾਲ-ਨਾਲ 2 ਦਿਨਾਂ ਦੀਆਂ ਪੈਂਡਿੰਗ ਐਪੁਆਇੰਟਮੈਂਟਸ ਨੂੰ ਵੀ ਕਲੀਅਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬਿਨੈਕਾਰ ਨੂੰ ਲਾਇਸੈਂਸ ਬਣਵਾਉਣ ਦੀ ਐਮਰਜੈਂਸੀ ਹੋਵੇਗੀ ਤਾਂ ਉਹ ਆਰ. ਟੀ. ਓ. ਦਫ਼ਤਰ ਆ ਕੇ ਉਨ੍ਹਾਂ ਨੂੰ ਮਿਲੇ, ਅਜਿਹੇ ਬਿਨੈਕਾਰਾਂ ਦੀ ਐਪੁਆਇੰਟਮੈਂਟ ਦੀ ਦਿੱਕਤ ’ਤੇ ਵਿਚਾਰ ਕਰਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਭੈਣ ਨਾਲ ਰਿਲੇਸ਼ਨ 'ਚ ਰਹਿ ਰਹੇ ਦੋਸਤ ਦਾ ਬੇਰਹਿਮੀ ਨਾਲ ਕਤਲ, ਦੋਸ਼ੀ ਬੋਲਿਆ, 'ਯਾਰੀ 'ਚ ਗੱਦਾਰੀ ਦਾ ਸਬਕ'
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8