ਬਿਜਲੀ ਮੀਟਰ ਬਕਸੇ ''ਚ ਲੱਗੀ ਅੱਗ ਨਾਲ ਕਈ ਘਰਾਂ ਦੇ ਮੀਟਰ ਸੜੇ

03/09/2018 4:21:29 PM

ਭਵਾਨੀਗੜ (ਵਿਕਾਸ) — ਸ਼ਹਿਰ ਦੀ ਜੈਨ ਕਲੋਨੀ 'ਚ ਬੀਤੀ ਦੇਰ ਰਾਤ ਬਿਜਲੀ ਮੀਟਰਾਂ ਦੇ ਬਕਸੇ ਨੂੰ ਅਚਾਨਕ ਅੱਗ ਲੱਗ ਗਈ । ਅੱਗ ਲੱਗਣ ਨਾਲ ਬਕਸੇ 'ਚ ਲੱਗੇ ਬਿਜਲੀ ਦੇ ਦਰਜਨ ਤੋ ਵੱਧ ਘਰਾਂ ਦੇ ਮੀਟਰ ਸੜ ਗਏ ਉਥੇ ਹੀ ਘਟਨਾਂ ਤੋ ਬਾਅਦ ਕਈ ਘੰਟੇ ਲੋਕਾਂ ਦੇ ਘਰਾਂ ਦੀ ਬਿਜਲੀ ਸਪਲਾਈ ਬੰਦ ਰਹੀ । ਇਸ ਸਬੰਧੀ ਜੈਨ ਕਲੋਨੀ ਦੇ ਵਾਸੀਆਂ ਰਾਮ ਗੋਇਲ,ਬਲਦੇਵ ਕ੍ਰਿਸ਼ਨ ਗਰਗ ਤੇ ਰਾਜੇਸ਼ ਕੁਮਾਰ ਜਿੰਦਲ ਨੇ ਦੱਸਿਆ ਕਿ ਵੀਰਵਾਰ ਰਾਤ ਡੇਢ ਕੁ ਵਜੇ ਜ਼ੋਰਦਾਰ ਪਟਾਕਿਆਂ ਦੀਆਂ ਆਵਾਜ਼ਾਂ ਸੁਣ ਕੇ ਮੁਹੱਲੇ ਦੇ ਲੋਕਾਂ ਨੇ ਘਰਾਂ 'ਚੋਂ ਨਿਕਲ ਕੇ ਬਾਹਰ ਦੇਖਿਆ ਤਾਂ ਬਿਜਲੀ ਦਾ ਇਕ ਬਕਸਾ ਅੱਗ ਲੱਗਣ ਨਾਲ ਧੂਅ ਧੂਅ ਕੇ ਮੱਚ ਰਿਹਾ ਸੀ । ਇਸ ਉਪਰੰਤ ਉਨ੍ਹਾਂ ਤੁਰੰਤ ਪਾਵਰਕਾਮ ਦੇ ਮੁਲਾਜਮਾਂ ਨੂੰ ਅੱਗ ਸਬੰਧੀ ਸੂਚਨਾ ਦਿੱਤੀ, ਜਿਸ 'ਤੇ ਪਾਵਰਕਾਮ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਬਿਜਲੀ ਮੀਟਰਾਂ ਤੋ ਵੱਖ ਵੱਖ ਘਰਾਂ ਨੂੰ ਜਾਣ ਵਾਲੀਆਂ ਸਪਲਾਈ ਦੀਆਂ ਤਾਰਾਂ ਨੂੰ ਸਾਵਧਾਨੀ ਨਾਲ ਕੱਟ ਦਿੱਤਾ ਤਾਂ ਜੋ ਅੱਗ ਹੋਰ ਨਾ ਫੈਲ ਸਕੇ ਅਤੇ ਬਾਅਦ 'ਚ ਰੇਤ ਆਦਿ ਨਾਲ ਅੱਗ 'ਤੇ ਕਾਬੂ ਪਾਇਆ ਗਿਆ । ਇਸ ਮੌਕੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਜੇਕਰ ਸਮੇਂ 'ਤੇ ਬਿਜਲੀ ਦੇ ਬਕਸੇ ਨੂੰ ਅੱਗ ਲੱਗਣ ਬਾਰੇ ਨਾ ਪਤਾ ਚੱਲਦਾ ਤਾਂ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ । ਘਟਨਾ ਕਰਕੇ ਮੁਹੱਲੇ ਦੇ ਕਈ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ, ਜਿਸ ਨੂੰ ਮੁਲਾਜ਼ਮਾਂ ਨੇ ਸਵੇਰ ਤੱਕ ਚਾਲੂ ਕੀਤਾ । ਲੋਕਾਂ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਕੁੱਝ ਵੀ ਪਤਾ ਨਹੀ ਚੱਲ ਸਕਿਆ ।


Related News