ਪੰਜਾਬ ਦੇ ਇਸ ਇਲਾਕੇ ਵਿਚ ਆ ਗਿਆ ਹੜ੍ਹ, ਡੁੱਬ ਗਿਆ ਸਾਰਾ ਸਮਾਨ, ਘਰਾਂ ''ਚ 4-4 ਫੁੱਟ ਭਰਿਆ ਪਾਣੀ
Saturday, Jul 12, 2025 - 10:55 AM (IST)

ਬਠਿੰਡਾ (ਸੁਖਵਿੰਦਰ) : ਵੀਰਵਾਰ ਅੱਧੀ ਰਾਤ ਨੂੰ ਬਠਿੰਡਾ ਦੇ ਸਾਈਂ ਨਗਰ ਨੇੜੇ ਲੰਘਦੇ ਰਜਬਾਹੇ ’ਚ ਅਚਾਨਕ ਪਾੜ ਪੈਣ ਕਾਰਨ ਸਾਈਂ ਨਗਰ ਅਤੇ ਨੇੜਲੇ ਰਿਹਾਇਸ਼ੀ ਇਲਾਕੇ ਵਿਚ 2 ਤੋਂ 4 ਫੁੱਟ ਪਾਣੀ ਭਰ ਗਿਆ। ਲੋਕਾਂ ਦੇ ਘਰਾਂ ਵਿਚ ਪਾਣੀ ਦਾਖਲ ਹੋਣ ਕਾਰਨ ਸਾਰਾ ਸਾਮਾਨ ਪਾਣੀ ਵਿਚ ਡੁੱਬ ਗਿਆ ਅਤੇ ਲੋਕਾਂ ਨੂੰ ਜ਼ਰੂਰੀ ਸਾਮਾਨ ਆਦਿ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ। ਇਸ ਇਲਾਕੇ ’ਚ ਲਗਭਗ 450 ਤੋਂ 500 ਘਰ ਹਨ, ਜਿਨ੍ਹਾਂ ’ਚ ਪਾਣੀ ਭਰਨ ਕਾਰਨ ਪਰਿਵਾਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਦੱਸਿਆ ਕਿ ਰਜਬਾਹੇ ’ਚ ਪਾਣੀ ਵਧਣ ਕਾਰਨ ਰਾਤ 2 ਵਜੇ ਦੇ ਕਰੀਬ ਰਜਬਾਹੇ ਵਿਚ ਪਾੜ ਪਿਆ। ਉਸ ਸਮੇਂ ਜ਼ਿਆਦਾਤਰ ਲੋਕ ਸੌਂ ਰਹੇ ਸਨ। ਖਬਰ ਮਿਲਦੇ ਹੀ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਲੋਕਾਂ ਨੇ ਬਹੁਤ ਜ਼ਰੂਰੀ ਸਾਮਾਨ ਬਾਹਰ ਕੱਢਿਆ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਕੁਝ ਹੀ ਸਮੇਂ ਵਿਚ ਇਲਾਕਾ 2 ਤੋਂ 4 ਫੁੱਟ ਤਕ ਪਾਣੀ ਨਾਲ ਭਰ ਗਿਆ। ਪਾਣੀ ਦੇ ਵਹਾਅ ਕਾਰਨ ਕੁਝ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ, ਜਿਸ ਤੋਂ ਬਾਅਦ ਬਿਜਲੀ ਸਪਲਾਈ ਬੰਦ ਹੋ ਗਈ।
ਇਹ ਵੀ ਪੜ੍ਹੋ : ਅਬੋਹਰ ਦੇ ਵਪਾਰੀ ਸੰਜੇ ਵਰਮਾ ਕਤਲ ਕਾਂਡ ਵਿਚ ਸਨਸਨੀਖੇਜ਼ ਖ਼ੁਲਾਸਾ
ਲੋਕਾਂ ਨੇ ਦੱਸਿਆ ਕਿ ਪਾਣੀ ਕਾਰਨ ਕੁਝ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕੁਝ ਕੰਧਾਂ ਵੀ ਢਹਿ ਗਈਆਂ ਹਨ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਸੂਚਨਾ ਮਿਲਣ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਹਿਰ ਦਾ ਪਾਣੀ ਪਿੱਛੇ ਤੋਂ ਬੰਦ ਕਰਵਾ ਦਿੱਤਾ ਪਰ ਉਦੋਂ ਤਕ ਪਾਣੀ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ, ਜਦੋਂ ਕਿ ਨਹਿਰ ’ਚ ਪਈਆਂ ਤਰੇੜਾਂ ਨੂੰ ਭਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Punjab: ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਹੁਣ ਧੜਾ-ਧੜ ਕੱਟ ਹੋ ਰਹੇ ਚਲਾਨ
ਮੌਕੇ ’ਤੇ ਪਹੁੰਚੇ ਐੱਸ. ਡੀ. ਐੱਮ. ਬਲਕਰਨ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕਰ ਰਿਹਾ ਹੈ। ਲੋਕਾਂ ਲਈ ਖਾਣੇ ਅਤੇ ਅਸਥਾਈ ਰਿਹਾਇਸ਼ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜ਼ਿਲਾ ਪ੍ਰਸ਼ਾਸਨ ਪਾਣੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਵੀ ਕਰੇਗਾ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਗੇਟ ਆਦਿ ਬੰਦ ਹੋਣ ਕਾਰਨ ਪਾਣੀ ਵਧ ਗਿਆ, ਜਿਸ ਕਾਰਨ ਰਜਬਾਹੇ ਵਿਚ ਤਰੇੜਾਂ ਆ ਗਈਆਂ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਇਨ੍ਹਾਂ ਬਿਮਾਰੀਆਂ ਨੂੰ ਲੈ ਕੇ ਅਲਰਟ ਰਹਿਣ ਦੀ ਹਦਾਇਤ
ਜ਼ਿਲਾ ਸਿਹਤ ਅਧਿਕਾਰੀ ਊਸ਼ਾ ਗੋਇਲ ਨੇ ਕਿਹਾ ਕਿ ਸਿਹਤ ਵਿਭਾਗ ਨੇ ਪ੍ਰਭਾਵਿਤ ਖੇਤਰ ਵਿਚ ਆਪਣੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। 2 ਐਂਬੂਲੈਂਸਾਂ ਤੋਂ ਇਲਾਵਾ, ਡਾਕਟਰਾਂ ਦੀ ਇਕ ਟੀਮ ਨੂੰ ਵੀ ਮੌਕੇ ’ਤੇ ਤਿਆਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਵਿਭਾਗ ਮੱਛਰਾਂ ਨੂੰ ਖਤਮ ਕਰਨ ਲਈ ਨਗਰ ਨਿਗਮ ਦੀ ਮਦਦ ਨਾਲ ਫੌਗਿੰਗ ਵੀ ਕਰਵਾਈ ਜਾ ਰਹੀ ਹੈ। ਲੋਕਾਂ ਲਈ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਵੱਡੀ ਖ਼ੁਸ਼ਖਬਰੀ, ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੀ ਰਾਸ਼ੀ ਕੀਤੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e