ਪਾਵਰਕਾਮ ਦਾ ਬਿਜਲੀ ਖ਼ਪਤਕਾਰ ਨੂੰ ਤਗੜਾ ਝਟਕਾ, ਪੈਰਾਂ ਹੇਠੋਂ ਖ਼ਿਸਕਾ ਛੱਡੀ ਜ਼ਮੀਨ
Saturday, Jul 05, 2025 - 01:34 PM (IST)

ਖਰੜ (ਰਣਬੀਰ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਵੱਲੋਂ ਸਮੇਂ-ਸਮੇਂ ’ਤੇ ਖ਼ਪਤਕਾਰਾਂ ਨੂੰ ਭੇਜੇ ਜਾਣ ਵਾਲੇ ਵਧੇਰੇ ਬਿੱਲਾਂ ਦੇ ਮਾਮਲਿਆਂ ’ਚ ਤਾਜ਼ਾ ਵਾਕਿਆ ਖਰੜ ਵਿਖੇ ਸਾਹਮਣੇ ਆਇਆ ਹੈ। ਮੋਹਾਲੀ ਵਾਸੀ ਦਵਿੰਦਰ ਗੌੜ, ਜਿਨ੍ਹਾਂ ਦਾ ਸ਼ੋਅਰੂਮ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਹੈ। ਉਨ੍ਹਾਂ ਨੂੰ ਪਹਿਲਾਂ 1,28,830 ਅਤੇ ਫਿਰ 58,630 ਦੇ ਭਾਰੀ-ਭਰਕਮ ਬਿੱਲ ਭੇਜੇ ਗਏ। ਇਸ ਕਾਰਨ ਉਹ ਹੈਰਾਨੀ ਅਤੇ ਚਿੰਤਾ ’ਚ ਡੁੱਬ ਗਏ। ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਗੌੜ ਨੇ ਦੱਸਿਆ ਕਿ ਸੰਤੇਮਾਜਰਾ ਸਥਿਤ ਕਮਰਸ਼ੀਅਲ ਸ਼ੋਅਰੂਮ ਕਈ ਸਾਲਾਂ ਤੋਂ ਬੰਦ ਹੈ। ਆਮ ਤੌਰ ’ਤੇ ਹਰ 2 ਮਹੀਨੇ ’ਚ ਸਿਰਫ 3 ਤੋਂ 4 ਹਜ਼ਾਰ ਦਾ ਬਿੱਲ ਆਉਂਦਾ ਸੀ ਪਰ ਹਾਲ ਹੀ ’ਚ ਆਏ ਬਿੱਲਾਂ ਨੇ ਉਨ੍ਹਾਂ ਦੇ ਹੋਸ਼ ਉਡਾ ਦਿੱਤੇ। ਮਾਰਚ ’ਚ ਦਰਜ ਕੀਤੀ ਗਈ ਰੀਡਿੰਗ ਦੇ ਆਧਾਰ ’ਤੇ ਖ਼ਪਤਕਾਰ ਨੂੰ ਪਹਿਲਾਂ 1 ਲੱਖ 28 ਹਜ਼ਾਰ 830 ਰੁਪਏ ਦਾ ਬਿੱਲ ਜਾਰੀ ਕੀਤਾ ਗਿਆ। ਇਸ ਦੀ ਆਖ਼ਰੀ ਤਾਰੀਖ਼ 18 ਜੂਨ ਸੀ। ਹੈਰਾਨੀਜਨਕ ਹੈ ਕਿ ਇਹ ਬਿੱਲ ਖ਼ਪਤਕਾਰ ਤੱਕ ਕਦੇ ਪਹੁੰਚਿਆ ਹੀ ਨਹੀਂ। ਇਹ ਸਿਰਫ਼ ਆਨਲਾਈਨ ਪੋਰਟਲ ’ਤੇ ਹੀ ਅਪਲੋਡ ਕੀਤਾ ਗਿਆ ਸੀ। ਬਿੱਲ ਦੀ ਜਾਣਕਾਰੀ ਨਾ ਹੋਣ ਕਰਕੇ ਦਵਿੰਦਰ ਸਮੇਂ ’ਤੇ ਭੁਗਤਾਨ ਨਹੀਂ ਕਰ ਸਕੇ ਤੇ ਆਖ਼ਰੀ ਮਿਤੀ ਲੰਘਣ ’ਤੇ ਇਹ ਰਕਮ ਵੱਧ ਕੇ 1 ਲੱਖ 30 ਹਜ਼ਾਰ 762 ਰੁਪਏ ਹੋ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਬਰਸਾਤ ਦੇ ਮੌਸਮ ਦੌਰਾਨ ਨਵੇਂ ਹੁਕਮ ਜਾਰੀ! ਸੂਬਾ ਵਾਸੀ ਹੋ ਜਾਣ ALERT
ਆਮ ਤੌਰ ’ਤੇ ਆਉਂਦਾ ਸੀ 3 ਤੋਂ 4 ਹਜ਼ਾਰ ਰੁਪਏ ਬਿਲ
ਦਵਿੰਦਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਾਵਰਕਾਮ ਦੀ ਵੈੱਬਸਾਈਟ ’ਤੇ ਭਾਰੀ-ਭਰਕਮ ਬਿੱਲ ਵੇਖਿਆ ਤਾਂ ਉਹ ਤੁਰੰਤ ਸਬੰਧਿਤ ਦਫ਼ਤਰ ਪਹੁੰਚੇ। ਇਸੇ ਦੌਰਾਨ 3 ਜੁਲਾਈ ਨੂੰ ਇਕ ਹੋਰ ਨਵਾਂ ਬਿੱਲ ਜਾਰੀ ਹੋਇਆ, ਜਿਸ ਦੀ ਰਕਮ 58 ਹਜ਼ਾਰ 630 ਦਿਖਾਈ ਗਈ। ਉਨ੍ਹਾਂ ਦੱਸਿਆ ਕਿ ਸ਼ੋਅਰੂਮ ਉਨ੍ਹਾਂ ਦੇ ਪਿਤਾ ਮੋਹਨ ਸਿੰਘ ਦੇ ਨਾਂ ’ਤੇ 2006 ਤੋਂ ਰਜਿਸਟਰਡ ਹੈ ਅਤੇ ਉਸ ਵੇਲੇ ਤੋਂ ਹੀ ਮੀਟਰ ਵੀ ਉਨ੍ਹਾਂ ਦੇ ਨਾਂ ’ਤੇ ਹੀ ਹੈ। 2023 ’ਚ ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਹਰ 2 ਮਹੀਨੇ ਬਾਅਦ ਬਿੱਲ ਭਰਦੇ ਆ ਰਹੇ ਹਨ। ਉਨ੍ਹਾਂ ਨੇ ਜਨਵਰੀ 2025 ’ਚ 3450 ਰੁਪਏ ਦਾ ਆਖ਼ਰੀ ਭੁਗਤਾਨ ਵੀ ਕੀਤਾ ਸੀ, ਜਿਸ ਤੋਂ ਬਾਅਦ ਮਈ 2025 ’ਚ ਉਨ੍ਹਾਂ ਨੂੰ 2220 ਰੁਪਏ ਦਾ ਬਿੱਲ ਆਇਆ ਸੀ। ਉਨ੍ਹਾਂ ਨੇ ਖ਼ੁਦ ਮੀਟਰ ਰੀਡਿੰਗ ਦੀ ਵੀਡੀਓ ਬਣਾ ਕੇ ਵਿਭਾਗ ਨੂੰ ਵਿਖਾਈ ਹੈ। ਇਸ ’ਚ ਕੁੱਲ ਖ਼ਪਤ ਸਿਰਫ 3234 ਯੂਨਿਟ ਹੈ। ਇਸ ਦੇ ਉਲਟ ਵਿਭਾਗ ਨੇ 3 ਜੁਲਾਈ ਨੂੰ ਜਾਰੀ ਕੀਤੇ ਬਿੱਲ ’ਚ 9115 ਯੂਨਿਟ ਦੀ ਖ਼ਪਤ ਦਰਸਾਈ ਹੈ ਅਤੇ ਜਿਸਦੀ ਤੈਅ ਰਕਮ 58 ਹਜ਼ਾਰ 630 ਰੁਪਏ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ, ਆਖ਼ਰੀ ਤਾਰੀਖ਼ ਤੋਂ ਪਹਿਲਾਂ ਕਰ ਦਿਓ APPLY
ਮਾਮਲੇ ਦੀ ਕੀਤੀ ਜਾਵੇ ਨਿਰਪੱਖ ਜਾਂਚ
ਉਨ੍ਹਾਂ ਸਾਫ਼ ਕੀਤਾ ਕਿ 2022-2023 ਦੇ ਸਾਰੇ ਬਿੱਲਾਂ ਦੀਆਂ ਰਸੀਦਾਂ ਉਨ੍ਹਾਂ ਕੋਲ ਹਨ, ਫਿਰ ਵੀ ਪਾਵਰਕਾਮ ਦਾ ਦਾਅਵਾ ਹੈ ਕਿ ਪਿਛਲੇ ਸਾਲਾਂ ’ਚ ਭੁਗਤਾਨ ਨਹੀਂ ਕੀਤਾ ਗਿਆ। ਉਨ੍ਹਾਂ ਮੀਟਰ ਰੀਡਰ ਦੀ ਵੱਡੀ ਲਾਪਰਵਾਹੀ ਦੱਸਿਆ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਫਿਲਹਾਲ ਤਕਨੀਕੀ ਟੀਮ ਨੇ ਜਾਂਚ ਤੋਂ ਬਾਅਦ ਬਿੱਲ ਨੂੰ ਠੀਕ ਕੀਤਾ ਹੈ, ਜੋ ਹੁਣ ਆਨਲਾਈਨ ਪੋਰਟਲ ’ਤੇ 58,630 ਰੁਪਏ ਰਕਮ ਹੀ ਦਿਖਾ ਰਿਹਾ ਹੈ ਪਰ ਖ਼ਪਤਕਾਰ ਅਜੇ ਵੀ ਸਹੀ ਅਤੇ ਸਪਸ਼ਟ ਬਿੱਲ ਦੀ ਮੰਗ ’ਤੇ ਡਟਿਆ ਹੈ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਮੀਟਰ ਜਾਂਚ ਅਤੇ ਰੀਡਿੰਗ ਦੇ ਆਧਾਰ ’ਤੇ ਨਵਾਂ ਅਤੇ ਸਹੀ ਬਿੱਲ ਜਾਰੀ ਕਰਨ ਦੀ ਮੰਗ ਕੀਤੀ। ਹੁਣ ਦੇਖਣਾ ਹੋਵੇਗਾ ਕਿ ਕੀ ਪਾਵਰਕਾਮ ਸਮੇਂ ਸਿਰ ਖ਼ਪਤਕਾਰ ਦੀ ਸਮੱਸਿਆ ਦਾ ਹੱਲ ਕਰਦਾ ਹੈ ਜਾਂ ਫਿਰ ਗੜਬੜੀ ਦੀ ਕੀਮਤ ਖ਼ਪਤਕਾਰ ਨੂੰ ਜੇਬ ਤੋਂ ਅਦਾ ਕਰਨੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8