Election Diary : ਜੇ. ਪੀ. ਕਾਰਨ ਤੀਜੇ ਡਿਪਟੀ ਪੀ. ਐੱਮ. ਬਣੇ ਸਨ ਚਰਨ ਸਿੰਘ
Tuesday, Apr 02, 2019 - 11:11 AM (IST)
ਜਲੰਧਰ— ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਵੱਲਭ ਭਾਈ ਪਟੇਲ ਬਿਨਾਂ ਚੋਣ ਲੜੇ ਅਹੁਦੇ 'ਤੇ ਬੈਠੇ ਸਨ ਤੇ ਦੂਜੇ ਉਪ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੂੰ ਇੰਦਰਾ ਗਾਂਧੀ ਨੇ ਸਿਆਸੀ ਮਜਬੂਰੀ ਕਾਰਨ ਇਹ ਅਹੁਦਾ ਦਿੱਤਾ ਸੀ ਪਰ 1977 'ਚ ਬਣੇ ਦੇਸ਼ ਦੇ ਤੀਜੇ ਉਪ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਇਹ ਅਹੁਦਾ ਹਾਸਲ ਕਰਨ ਲਈ ਕਾਫੀ ਸਿਆਸਤ ਕਰਨੀ ਪਈ ਸੀ। 1967 'ਚ ਕਾਂਗਰਸ ਤੋਂ ਵੱਖ ਹੋ ਕੇ ਨਵੀਂ ਪਾਰਟੀ ਦਾ ਗਠਨ ਕਰਨ ਵਾਲੇ ਚੌਧਰੀ ਚਰਨ ਸਿੰਘ ਉੱਤਰ ਪ੍ਰਦੇਸ਼ ਦੇ ਕਿਸਾਨ ਨੇਤਾ ਸਨ ਅਤੇ ਉਨ੍ਹਾਂ ਦੇ ਬੇਟੇ ਅਜਿਤ ਸਿੰਘ ਅੱਜ ਵੀ ਰਾਸ਼ਟਰੀ ਲੋਕ ਦਲ ਦੇ ਨਾਂ ਦੀ ਪਾਰਟੀ ਬਣਾ ਕੇ ਰਾਜਨੀਤੀ 'ਚ ਸਰਗਰਮ ਹਨ।
ਅਸਲ ਵਿਚ ਚੌਧਰੀ ਚਰਨ ਸਿੰਘ, ਮੋਰਾਰਜੀ ਦੇਸਾਈ ਅਤੇ ਹੋਰ ਨੇਤਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਿਰੁੱਧ ਮੁਹਿੰਮ ਚਲਾਉਣ ਵਾਲੇ ਨੇਤਾਵਾਂ ਵਿਚ ਸਭ ਤੋਂ ਅੱਗੇ ਸਨ। ਜਦ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਤਾਂ ਉਸ ਦਾ ਵਿਰੋਧ ਕਰਨ ਵਾਲਿਆਂ 'ਚ ਚੌਧਰੀ ਚਰਨ ਸਿੰਘ ਦਾ ਨਾਂ ਪ੍ਰਮੁੱਖ ਨੇਤਾਵਾਂ 'ਚ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਚੌਧਰੀ ਚਰਨ ਸਿੰਘ ਨੇ ਐਮਰਜੈਂਸੀ ਦੇ ਵਿਰੋਧ 'ਚ 1975 'ਚ ਜੇਲ ਵੀ ਕੱਟੀ ਸੀ।
ਐਮਰਜੈਂਸੀ ਤੋਂ ਬਾਅਦ 1977 'ਚ ਜਦ ਚੋਣਾਂ ਹੋਈਆਂ ਤਾਂ ਜਨਤਾ ਨੇ ਇੰਦਰਾ ਗਾਂਧੀ ਦੀ ਕਾਂਗਰਸ ਨੂੰ ਜੜ੍ਹੋਂ ਪੁੱਟ ਸੁੱਟਿਆ ਅਤੇ ਭਾਰਤੀ ਲੋਕਦਲ 295 ਸੀਟਾਂ ਨਾਲ ਬਹੁਮਤ 'ਚ ਆਈ। ਕਾਂਗਰਸ ਨੂੰ ਉਸ ਸਮੇਂ 154 ਸੀਟਾਂ ਹਾਸਲ ਹੋਈਆਂ ਸਨ। ਚੌਧਰੀ ਚਰਨ ਸਿੰਘ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸਨ ਪਰ ਇੰਦਰਾ ਵਿਰੁੱਧ 'ਸਿੰਘਾਸਨ ਖਾਲੀ ਕਰੋ ਕਿ ਜਨਤਾ ਆਤੀ ਹੈ' ਦਾ ਨਾਅਰਾ ਦੇਣ ਵਾਲੇ ਜੈ ਪ੍ਰਕਾਸ਼ (ਜੇ. ਪੀ.) ਨਾਰਾਇਣ ਦੀ ਪਸੰਦ ਉਸ ਸਮੇਂ ਮੋਰਾਰਜੀ ਦੇਸਾਈ ਸਨ। ਇਸ ਲਈ ਚੌ. ਚਰਨ ਸਿੰਘ ਨੂੰ ਉਪ ਪ੍ਰਧਾਨ ਮੰਤਰੀ ਅਹੁਦੇ 'ਤੇ ਹੀ ਸਬਰ ਕਰਨਾ ਪਿਆ। ਇਸ ਤੋਂ ਬਾਅਦ 1979 'ਚ ਕਾਂਗਰਸ ਨੇ ਜਨਤਾ ਪਰਿਵਾਰ 'ਚ ਫੁੱਟ ਪੁਆ ਦਿੱਤੀ ਤੇ ਮੋਰਾਰਜੀ ਦੇਸਾਈ ਦੀ ਸਰਕਾਰ ਡਿੱਗ ਪਈ।