ਸੀਨੀਅਰ ਡਿਪਟੀ ਮੇਅਰ ਦਾ ਐਕਸ਼ਨ! JCB ਨਾਲ ਪੁਟਵਾ''ਤੀ ਨਵੀਂ ਬਣੀ ਸੜਕ, ਜਾਣੋ ਵਜ੍ਹਾ
Friday, Nov 14, 2025 - 05:54 PM (IST)
ਲੁਧਿਆਣਾ (ਹਿਤੇਸ਼): ਲੁਧਿਆਣਾ ਵਿਚ ਨਗਰ ਨਿਗਮ ਵੱਲੋਂ ਘਟੀਆ ਮਟੀਰੀਅਲ ਨਾਲ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਖ਼ਿਲਾਫ਼ ਵੱਡਾ ਐਕਸ਼ਨ ਕੀਤਾ ਗਿਆ ਹੈ। ਜਗਰਾਓਂ ਪੁਲ਼ ਦੇ ਕੋਲ ਗੁਰਦੁਆਰਾ ਦੂਖ ਨਿਵਾਰਨ ਨੂੰ ਜਾਣ ਵਾਲੇ ਰਾਹ 'ਤੇ ਕੁਝ ਦਿਨ ਪਹਿਲਾਂ ਨਵੀਂ ਸੜਕ ਬਣੀ ਸੀ। ਇਹ ਸੜਕ ਕੁਝ ਦਿਨ ਬਾਅਦ ਖ਼ਿੱਲਰਨੀ ਸ਼ੁਰੂ ਹੋ ਗਈ ਸੀ। ਇਸ ਸਬੰਧੀ ਸ਼ਿਕਾਇਤ ਮਿਲਣ 'ਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵੱਲੋਂ ਮੌਕੇ 'ਤੇ ਜਾ ਕੇ ਚੈਕਿੰਗ ਕੀਤੀ ਗਈ, ਜੋ ਇਸ ਇਲਾਕੇ ਦੇ ਕੌਂਸਲਰ ਵੀ ਹਨ। ਸੀਨੀਅਰ ਡਿਪਟੀ ਮੇਅਰ ਵੱਲੋਂ ਨਗਰ ਨਿਗਮ ਦੀ ਬੀ. ਐਂਡ ਆਰ. ਬ੍ਰਾਂਚ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ।
ਉਨ੍ਹਾਂ ਵੇਖਿਆ ਕਿ ਸੜਕ ਦੇ ਨਿਰਮਾਣ ਵਿਚ ਲੁੱਕ ਦੀ ਬਹੁਤ ਘੱਟ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਸੜਕ ਖਿੱਲਰ ਗਈ ਸੀ। ਸੀਨੀਅਰ ਡਿਪਟੀ ਮੇਅਰ ਵੱਲੋਂ ਨਗਰ ਨਿਗਮ ਦੀ ਜੇ. ਸੀ. ਬੀ. ਮਸ਼ੀਨ ਮੰਗਵਾ ਕੇ ਸੜਕ ਪੁਟਵਾ ਦਿੱਤੀ ਗਈ ਤੇ ਹੁਣ ਠੇਕੇਦਾਰ ਨੂੰ ਨਵੇਂ ਸਿਰੇ ਤੋਂ ਸੜਕ ਬਣਾਉਣੀ ਪਵੇਗੀ। ਇਸ ਮਾਮਲੇ ਵਿਚ ਨਗਰ ਨਿਗਮ ਦੇ ਅਫ਼ਸਰਾਂ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ, ਜਿਨ੍ਹਾਂ ਦੀ ਹਾਜ਼ਰੀ ਵਿਚ ਇਹ ਸੜਕ ਬਣੀ ਸੀ। ਉਨ੍ਹਾਂ ਨੇ ਉਸ ਵੇਲੇ ਨਹੀਂ ਵੇਖਿਆ ਕਿ ਇਸ ਵਿਚ ਕਿੰਨੀ ਲੁੱਕ ਦੀ ਵਰਤੋਂ ਕੀਤੀ ਗਈ ਹੈ। ਉਸ ਵੇਲੇ ਉਨ੍ਹਾਂ ਆਪਣੇ ਜ਼ਿੰਮੇਵਾਰੀ ਨਿਭਾਏ ਬਗੈਰ ਠੇਕੇਦਾਰ ਨੂੰ ਸੜਕ ਬਣਾਉਣ ਦਿੱਤੀ। ਜਦੋਂ ਸੜਕ ਖ਼ਰਾਬ ਹੋਣ ਲੱਗ ਪਈ ਤਾਂ ਹੁਣ ਉਸ ਨੂੰ ਪੁੱਟ ਦਿੱਤਾ ਗਿਆ ਹੈ।
