ਤਰਨਤਾਰਨ ਜ਼ਿਮਨੀ ਚੋਣ : ਪੰਥਕ ਸੀਟ ''ਤੇ ਆਏ ਹੈਰਾਨੀਜਨਕ ਨਤੀਜੇ, ਇੰਝ ਵਿਗੜੀ ਸਾਰੀ ਖੇਡ
Friday, Nov 14, 2025 - 01:08 PM (IST)
ਜਲੰਧਰ (ਵੈੱਬ ਡੈਸਕ): ਤਰਨਤਾਰਨ ਜ਼ਿਮਨੀ ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਹੋਈ ਹੈ। ਇਹ ਸੀਟ 'ਆਪ' ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਖ਼ਾਲੀ ਹੋਈ ਸੀ। ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਇਨ੍ਹਾਂ ਚੋਣਾਂ ਵਿਚ ਪ੍ਰਦਰਸ਼ਨ ਪਿਛਲੀਆਂ ਕਈ ਚੋਣਾਂ ਨਾਲੋਂ ਬਿਹਤਰ ਰਿਹਾ ਤੇ ਇਸ ਨੂੰ ਪਾਰਟੀ ਦੀ ਮੁੜ ਸੁਰਜੀਤੀ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਸ਼ੁਰੂਆਤੀ ਰੁਝਾਨਾਂ ਵਿਚ ਤਾਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ ਨੇ ਲੀਡ ਬਣਾ ਲਈ ਸੀ ਤੇ ਇਕ ਵਾਰ ਤਾਂ ਉਨ੍ਹਾਂ ਦੇ ਕਦਮ ਜਿੱਤ ਵੱਲ ਵਧਦੇ ਵੀ ਦਿਸ ਰਹੇ ਸਨ। ਪਹਿਲੇ ਤਿੰਨ ਰਾਊਂਡ ਜਿੱਥੇ ਸ਼੍ਰੋਮਣੀ ਅਕਾਲੀ ਦਲ ਹਾਵੀ ਰਿਹਾ, ਉੱਥੇ ਹੀ ਚੌਥੇ ਰਾਊਂਡ ਤੋਂ ਬਾਜ਼ੀ ਪਲਟ ਗਈ ਤੇ 'ਆਪ' ਉਮੀਦਵਾਰ ਨੇ 179 ਚੋਣਾਂ ਦੀ ਲੀਡ ਹਾਸਲ ਕਰ ਲਈ ਤੇ ਫ਼ਿਰ ਇਹ ਹੌਲ਼ੀ-ਹੌਲ਼ੀ ਕਰ ਕੇ ਵੱਧਦੀ ਹੀ ਗਈ।
ਦੂਜੇ ਪਾਸੇ ਪੰਥ ਦੇ 'ਸਾਂਝੇ ਉਮੀਦਵਾਰ' ਵਜੋਂ ਪ੍ਰਚਾਰੇ ਜਾਣ ਵਾਲੇ ਮਨਦੀਪ ਸਿੰਘ ਦਾ ਪ੍ਰਦਰਸ਼ਨ ਕਾਫ਼ੀ ਹੈਰਾਨੀਜਨਕ ਰਿਹਾ। ਭਾਵੇਂ ਉਹ ਆਮ ਆਦਮੀ ਪਾਰਟੀ ਨੂੰ ਤਾਂ ਕੋਈ ਖਾਸ ਟੱਕਰ ਨਹੀਂ ਦੇ ਸਕੇ, ਪਰ ਉਨ੍ਹਾਂ ਨੇ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ। ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਮਨਦੀਪ ਸਿੰਘ ਦੇ ਹੱਕ ਵਿਚ ਭੁਗਤਿਆ ਸਾਰਾ ਵੋਟ ਬੈਂਕ ਸ਼੍ਰੋਮਣੀ ਅਕਾਲੀ ਦਲ ਦਾ ਸੀ ਤੇ ਜੇਕਰ ਪੰਥਕ ਵੋਟ ਵੰਡੀ ਨਾ ਜਾਂਦੀ ਤਾਂ ਵੱਖਰੇ ਨਤੀਜੇ ਵੇਖਣ ਨੂੰ ਮਿਲ ਸਕਦੇ ਸਨ। ਮਨਦੀਪ ਸਿੰਘ ਨੂੰ ਪਈਆਂ ਵੋਟਾਂ ਦਾ ਸਾਰਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੋਇਆ ਤੇ ਇਸ ਦਾ ਸਿੱਧਾ ਸਿੱਧਾ ਫ਼ਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ। ਜੇਕਰ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਲੇ ਜਿੱਤ ਦੇ ਫ਼ਾਸਲੇ ਨੂੰ ਵੇਖਿਆ ਜਾਵੇ ਤਾਂ ਉਹ ਮਨਦੀਪ ਸਿੰਘ ਨੂੰ ਪਈਆਂ ਵੋਟਾਂ ਤੋਂ ਵੀ ਘੱਟ ਸੀ। ਇਸ ਲਈ ਇਹ ਗੱਲ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਜੇਕਰ ਪੰਥਕ ਸੀਟ ਤੋਂ ਅਸਲ ਵਿਚ ਪੰਥ ਦਾ ਕੋਈ 'ਸਾਂਝਾ' ਉਮੀਦਵਾਰ ਹੁੰਦਾ ਤਾਂ ਤਸਵੀਰ ਕੁਝ ਹੋਰ ਹੀ ਹੋਣੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 1,20,00,000 ਰੁਪਏ ਦੀ ਵੱਡੀ ਠੱਗੀ! ਜਾਣੋ ਪੂਰਾ ਮਾਮਲਾ
ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂਆਂ ਨੂੰ ਵੱਖੋ-ਵੱਖਰੇ ਚੁੱਲ੍ਹੇ ਸਮੇਟਣ ਦੀ ਨਸੀਹਤ ਸਾਰਥਕ ਹੁੰਦੀ ਵੀ ਨਜ਼ਰ ਆਈ। ਜੇਕਰ ਤਰਨਤਾਰਨ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਪੁਨੀਰ ਸੁਰਜੀਤ), ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਵੋਟ ਵੱਖੋ-ਵੱਖ ਉਮੀਦਵਾਰਾਂ ਵਿਚ ਵੰਡੀ ਨਾ ਜਾਂਦੀ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੁੰਦੇ। ਫ਼ਿਲਹਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਪਹਿਲਾਂ ਨਾਲੋਂ ਬਿਹਤਰ ਤਾਂ ਜ਼ਰੂਰ ਹੋਇਆ ਹੈ, ਪਰ ਫ਼ਿਰ ਵੀ ਪਾਰਟੀ ਜਿੱਤ ਦੀ ਲਕੀਰ ਪਾਰ ਕਰਨ ਤੋਂ ਖੁੰਝ ਗਈ ਹੈ ਤੇ ਉਸ ਨੂੰ 10 ਹਜ਼ਾਰ ਤੋਂ ਵੀ ਵੱਧ ਵੋਟਾਂ ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨ੍ਹਾਂ ਚੋਣ ਨਤੀਜਿਆਂ ਨੂੰ ਲੈ ਕੇ ਕਾਫ਼ੀ ਸਕਾਰਾਤਮਕ ਸਨ। ਉਹ ਹੜ੍ਹਾਂ ਦੌਰਾਨ ਜ਼ਮੀਨੀ ਪੱਧਰ 'ਤੇ ਕੀਤੇ ਗਏ ਆਪਣੇ ਕੰਮਾਂ ਅਤੇ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਪਾਰਟੀ ਅੰਦਰਲੇ ਜੋਸ਼ ਕਾਰਨ ਆਤਮ-ਵਿਸ਼ਵਾਸ ਨਾਲ ਭਰਪੂਰ ਸਨ। ਸੁਖਬੀਰ ਸਿੰਘ ਬਾਦਲ ਇੱਥੋਂ ਤਕ ਆਖ਼ ਚੁੱਕੇ ਹਨ ਕਿ ਪਹਿਲਾਂ ਵੀ ਜਿੰਨੇ ਵੀ ਨਵੇਂ ਅਕਾਲੀ ਦਲ ਬਣੇ ਹਨ, ਉਹ ਲੋਕਾਂ ਨੇ ਨਕਾਰ ਦਿੱਤੇ ਸਨ ਤੇ ਹੁਣ ਵੀ ਜਿੰਨੇ ਵੀ ਨਵੇਂ ਅਕਾਲੀ ਦਲ ਬਣ ਰਹੇ ਹਨ, ਉਹ ਵੀ ਲੋਕਾਂ ਵੱਲੋਂ ਨਕਾਰ ਦਿੱਤੇ ਜਾਣਗੇ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੀ ਚੋਣ ਵੇਲੇ ਇਹ ਗੱਲ ਆਖ਼ੀ ਸੀ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਵੱਡੇ ਫ਼ਰਕ ਨਾਲ ਜਿੱਤੇ ਸਨ। ਹੁਣ ਵੀ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਧੜਿਆਂ ਨੂੰ ਤਰਨਤਾਰਨ ਨਤੀਜਿਆਂ ਤੋਂ ਇਹੋ ਸਿੱਖਣ ਦੀ ਲੋੜ ਹੈ ਕਿ ਜੇਕਰ ਉਹ ਇਕਜੁੱਟ ਹੋ ਕੇ ਚੱਲਣ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਨਤੀਜੇ ਉਨ੍ਹਾਂ ਦੇ ਹੱਕ ਵਿਚ ਆ ਸਕਦੇ ਹਨ।
