ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਪਟਿਆਲਾ ਪੁਲਸ ਵਲੋਂ 92 ਲੱਖ ਰੁਪਏ ਬਰਾਮਦ

03/15/2019 2:45:38 AM

ਪਟਿਆਲਾ, ( ਬਲਜਿੰਦਰ, ਜੋਸਨ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ  ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਅਾਰੰਭੇ ਯਤਨਾਂ ਤਹਿਤ ਬੀਤੀ ਰਾਤ ਪੁਲਸ ਨੇ 92 ਲੱਖ 50 ਹਜ਼ਾਰ ਰੁਪਏ ਦੀ ਨਕਦੀ ਜ਼ਬਤ ਕਰਨ ’ਚ  ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਹ ਜਾਣਕਾਰੀ ਇਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਹ ਸ਼ੱਕੀ ਨਕਦੀ ਜ਼ਬਤ ਕਰ ਕੇ ਇਨਕਮ ਟੈਕਸਰ ਟੀਮ ਨੂੰ ਮੌਕੇ ’ਤੇ ਬੁਲਾ ਲਿਆ। ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੂਚਿਤ ਕਰ ਦਿੱਤਾ ਗਿਆ ਹੈ।® ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਲੋਕ ਸਭਾ ਹਲਕਾ ਪਟਿਆਲਾ  ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਖੇ ਤਾਇਨਾਤ ਸਟੈਟਿਕ ਤੇ ਸਰਵੇਲੈਂਸ ਅਤੇ ਫਲਾਇੰਗ ਸਕੁਐਡ ਦੀਆਂ 9-9 ਟੀਮਾਂ ਪੂਰੀ ਮੁਸਤੈਦੀ ਨਾਲ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਚੋਣ ਜ਼ਾਬਤੇ ਦੀ ਸਖ਼ਤੀ ਪਾਲਣਾ ਨਾਲ ਕਰਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ।
ਐੱਸ. ਐੱਸ. ਪੀ. ਸਿੱਧੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਸ ਨੂੰ 92.50 ਲੱਖ ਰੁਪਏ ਬਰਾਮਦ ਕਰਨ ਦੀ  ਵੱਡੀ ਕਾਮਯਾਬੀ ਉਸ ਸਮੇਂ ਮਿਲੀ। ਜਦੋਂ ਡੀ. ਐੱਸ. ਪੀ. ਪਾਤਡ਼ਾਂ ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਏ. ਐੱਸ. ਆਈ. ਹਰਿੰਦਰਪਾਲ ਸਿੰਘ ਦੀ ਪੁਲਸ ਟੀਮ ਨੇ ਨੈਸ਼ਨਲ ਹਾਈਵੇ ਨਰਵਾਣਾ ਰੋਡ ਨੇਡ਼ੇ ਬੈਰੀਅਰ ਪਿੰਡ ਢਾਬੀ ਗੁੱਜਰਾਂ ਵਿਖੇ  ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਕਿਹਾ ਬਿਨਾਂ ਯੋਗ ਦਸਤਾਵੇਜ਼ਾਂ ਦੇ ਵੱਡੀ ਮਾਤਰਾ ’ਚ ਨਕਦੀ ਲੈ ਕੇ ਜਾਣਾ ਚੋਣ ਜ਼ਾਬਤੇ ਦੀ ਉਲੰਘਣਾ ਹੈ।
ਸ. ਸਿੱਧੂ ਨੇ ਦੱਸਿਆ ਕਿ ਬੀਤੀ ਰਾਤ   ਕਾਲੇ ਰੰਗ ਦੀ  ਇਕ ਹੁੰਡਈ ਕਰੇਟਾ ਕਾਰ ਨੰਬਰ ਪੀ ਬੀ 13 ਬੀ ਸੀ 2797 ਨਰਵਾਣਾ ਵਾਲੇ ਪਾਸੇ ਤੋਂ ਆਈ। ਕਾਰ ਨੂੰ ਰੋਕ ਕੇ ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਦੀਆਂ ਦੋਵੇਂ ਅਗਲੀਆਂ ਸੀਟਾਂ  ਥੱਲਿਓਂ 92 ਲੱਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ। ਪੁਲਸ ਨੇ ਜਦੋਂ ਕਾਰ ਚਾਲਕ ਰਵੀ  ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਸ਼ੇਰਗਡ਼੍ਹ ਅਤੇ ਨਾਲ ਵਾਲੇ ਵਿਅਕਤੀ ਸਚਿਨ ਪੁੱਤਰ ਪਵਨ ਕੁਮਾਰ ਵਾਸੀ ਖਨੌਰੀ ਤੋਂ ਇਸ ਨਕਦੀ ਬਾਬਤ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਇਸ ’ਤੇ ਆਮਦਨ ਕਰ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ। ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੂਚਿਤ ਕਰ ਦਿੱਤਾ ਗਿਆ। ਨਕਦੀ ਜ਼ਬਤ ਕਰ ਲਈ ਗਈ। ਇਸ ਬਾਰੇ ਅਗਲੇਰੀ ਪਡ਼ਤਾਲ ਕੀਤੀ ਜਾ ਰਹੀ ਹੈ ਕਿ ਇਹ ਨਕਦੀ ਕਿੱਥੋਂ ਅਤੇ ਕਿਸ ਮੰਤਵ ਲਈ ਲਿਆਂਦੀ ਗਈ? ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਅਤੇ 1 ਲੱਖ ਰੁਪਏ ਤੋਂ ਵੱਧ ਰਾਸ਼ੀ ਅਪਣੇ ਨਾਲ ਲਿਜਾਣ-ਲਿਆਉਣ ਸਮੇਂ ਪੂਰੇ ਦਸਤਾਵੇਜ਼ ਆਪਣੇ ਨਾਲ ਰੱਖਣ। ਇਸ ਮੌਕੇ ਐੱਸ. ਪੀ. (ਐੱਚ) ਰਵਜੋਤ ਗਰੇਵਾਲ ਅਤੇ ਡੀ. ਐੱਸ. ਪੀ. ਪਾਤਡ਼ਾਂ ਸ. ਸੁਖਅੰਮ੍ਰਿਤ ਸਿੰਘ ਰੰਧਾਵਾ ਵੀ ਮੌਜੂਦ ਸਨ।


Shyna

Content Editor

Related News