82 ਸਾਲਾ ਬਜ਼ੁਰਗ ਤੇ 50 ਸਾਲਾ ਬੀਬੀ ਵੀ ਚੜ੍ਹੀ ਕੋਰੋਨਾ ਦੀ ਭੇਂਟ

Friday, Sep 18, 2020 - 05:07 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਆਏ ਦਿਨ ਕੋਰੋਨਾ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਕਿਤੇ ਦਰਜਨਾਂ ਦੇ ਹਿਸਾਬ ਨਾਲ ਪਾਜ਼ੇਟਿਵ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਕਿਤੇ ਪੀੜਤਾਂ ਨੂੰ ਮੌਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਪੀੜਤ  ਚੱਲ ਰਹੀ ਇਕ ਔਰਤ ਤੇ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਦੂਜੇ ਪਾਸੇ 47 ਨਵੇਂ ਮਾਮਲਿਆਂ ਦੀ ਪੁਸ਼ਟੀ ਵੀ ਹੋਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ 25 ਕੇਸ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਹਨ, ਜਦਕਿ 2 ਕੇਸ ਜ਼ਿਲ੍ਹਾ ਜੇਲ੍ਹ ਬੂੜਾ ਗੁੱਜਰ, 9 ਕੇਸ ਮਲੋਟ, 4 ਕੇਸ ਗਿੱਦੜਬਾਹਾ, 2 ਕੇਸ ਪਿੰਡ ਤਰਖ਼ਾਣਵਾਲਾ, 3 ਕੇਸ ਮੰਡੀ ਕਿੱਲਿਆਂਵਾਲੀ, 1 ਕੇਸ ਪਿੰਡ ਲੁਹਾਰਾ ਤੇ 1 ਕੇਸ ਪਿੰਡ ਲੰਡੇ ਰੋਡੇ ਤੋਂ ਸਾਹਮਣੇ ਆਇਆ ਹੈ, ਜਿਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਅੱਜ 51 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਵੀ ਭੇਜਿਆ ਗਿਆ ਹੈ। ਅੱਜ 502 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਦਕਿ ਹੁਣ 1584 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 474 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1968 ਹੋ ਗਈ ਹੈ, ਜਿਸ ਵਿਚੋਂ  1272 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 667 ਕੇਸ ਸਰਗਰਮ ਹਨ।

ਇਕ ਔਰਤ ਤੇ ਇਕ ਬਜ਼ੁਰਗ ਦੀ ਜ਼ਿੰਦਗੀ ਨਿਗਲ ਗਿਆ ਕੋਰੋਨਾ
ਜ਼ਿਲ੍ਹੇ ਅੰਦਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਅੱਜ ਦੋ ਹੋਰ ਮੌਤਾਂ ਹੋਈਆਂ ਹਨ। ਮ੍ਰਿਤਕ ਵਿਚ ਇਕ ਵਿਅਕਤੀ ਤੇ ਇਕ ਔਰਤ ਸ਼ਾਮਲ ਹੈ, ਜੋਕਿ ਦੋਵੇਂ ਹੀ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਾਸੀ ਸਨ। ਸਥਾਨਕ ਗੁਰੂ ਅੰਗਦ ਦੇਵ ਨਗਰ ਦਾ ਰਹਿਣ ਵਾਲਾ 82 ਸਾਲਾ ਬਜ਼ੁਰਗ ਜੋ ਸਾਹ ਦੀ ਤਕਲੀਫ ਤੋਂ ਪੀੜਤ ਸੀ, ਦੀ ਅਚਾਨਕ ਤਬੀਅਤ ਵਿਗੜ ਗਈ, ਜਿਸਨੂੰ ਸਵੇਰੇ 9 ਵਜੇ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਇਲਾਜ ਦੌਰਾਨ ਇਸ ਬਜ਼ੁਰਗ ਦੀ ਅੱਜ ਸਵੇਰੇ ਕਰੀਬ 11:30 ਕੁ ਵਜੇ ਮੌਤ ਹੋ ਗਈ ਹੈ। ਮ੍ਰਿਤਕ ਵਿਚ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਦੂਜੀ ਮ੍ਰਿਤਕ ਔਰਤ, ਜੋ 50 ਸਾਲਾ ਦੱਸੀ ਜਾ ਰਹੀ ਹੈ, ਸ਼ਹਿਰ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ ਸਬੰਧਿਤ ਸੀ। ਮ੍ਰਿਤਕਾ ਪਹਿਲਾਂ ਹੀ ਸ਼ੂਗਰ ਤੋਂ ਪੀੜ੍ਹਤ ਸੀ, ਜਿਸ ਨੂੰ ਫ਼ਰੀਦਕੋਟ ਦੇ ਇਕ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਸਦਾ ਕੋਰੋਨਾ ਸੈਂਪਲ ਵੀ ਪਾਜ਼ੇਟਿਵ ਆਇਆ ਸੀ। ਅੱਜ ਅਚਾਨਕ ਇਸ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਅੱਜ ਹੋਈਆਂ ਮੌਤਾਂ ਤੋਂ ਬਾਅਦ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 29 ਹੋ ਗਈ ਹੈ।


Gurminder Singh

Content Editor

Related News