ਜੀ. ਐੱਸ. ਟੀ. ''ਚ ਘਪਲਾ ਕਰਨ ਵਾਲੇ ਸਕੂਲਾਂ ''ਤੇ ਹੋਵੇਗੀ ਕਾਰਵਾਈ

Thursday, Mar 15, 2018 - 11:22 AM (IST)

ਜਲੰਧਰ (ਸੁਮਿਤ)— ਸਿੱਖਿਆ ਵਿਭਾਗ ਵੱਲੋਂ ਸਾਰੇ ਸਰਕਾਰੀ ਸਕੂਲਾਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਕਿ ਸਕੂਲ ਵਾਲੇ ਕਿਸੇ ਵੀ ਤਰ੍ਹਾਂ ਜੀ. ਐੱਸ. ਟੀ. 'ਚ ਹੇਰ-ਫੇਰ ਨਾ ਕਰ ਸਕਣ ਜੋ ਕੱਲ ਨੂੰ ਇਕ ਵੱਡਾ ਘਪਲਾ ਬਣ ਕੇ ਸਾਹਮਣੇ ਆਵੇ। ਇਸ ਦੇ ਬਾਵਜੂਦ ਵੀ ਕੁਝ ਸਕੂਲ ਸਾਹਮਣੇ ਆਏ ਹਨ, ਜਿਨ੍ਹਾਂ ਵੱਲੋਂ ਵਰਦੀਆਂ ਦੀ ਖਰੀਦ ਕੱਚੇ ਬਿੱਲਾਂ 'ਤੇ ਕੀਤੀ ਗਈ ਹੈ ਅਤੇ ਜੀ. ਐੱਸ. ਟੀ. ਨਹੀਂ ਅਦਾ ਕੀਤਾ ਗਿਆ। ਅਜਿਹੇ ਸਕੂਲਾਂ ਨੂੰ ਇਕ ਚਿਤਾਵਨੀ ਪੱਤਰ ਜਾਰੀ ਕਰਦਿਆਂ ਸਰਵ ਸਿੱਖਿਆ ਮੁਹਿੰਮ ਪ੍ਰੋਗਰਾਮ ਮੋਹਾਲੀ ਵੱਲੋਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਲਿਖੀ ਗਈ ਹੈ ਕਿ ਜੀ. ਐੱਸ. ਟੀ. ਅਦਾ ਨਾ ਕਰਨਾ ਫਾਇਨਾਂਸ਼ੀਅਲ ਨਿਯਮਾਂ ਦੀ ਉਲੰਘਣਾ ਹੈ, ਇਸ ਨਾਲ ਜੀ. ਐੱਸ. ਟੀ. ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨੋਟਿਸ 'ਚ ਆਇਆ ਹੈ ਕਿ ਕੁਝ ਸਕੂਲ ਵਰਦੀਆਂ ਕੱਚੇ ਬਿੱਲਾਂ 'ਤੇ ਹੀ ਖਰੀਦ ਰਹੇ ਹਨ ਜੋ ਪੂਰੀ ਤਰ੍ਹਾਂ ਗਲਤ ਹੈ। ਡਾਇਰੈਕਟਰ ਜਨਰਲ ਨੇ ਚਿੱਠੀ 'ਚ ਕਿਹਾ ਕਿ ਇਹ ਜ਼ਰੂਰੀ ਬਣਾਇਆ ਜਾਵੇ ਕਿ ਜ਼ਿਲਾ ਪੱਧਰ, ਬਲਾਕ ਪੱਧਰ 'ਤੇ ਸਕੂਲ ਪੱਧਰ ਦੀ ਪੂਰੀ ਖਰੀਦਦਾਰੀ ਪੱਕੇ ਬਿੱਲਾਂ 'ਤੇ ਹੀ ਕੀਤੀ ਜਾਵੇ, ਜਿਸ ਉੱਤੇ ਦੁਕਾਨਦਾਰ ਦੇ ਸਾਈਨ, ਬਿੱਲ ਨੰਬਰ ਅਤੇ ਤਰੀਕ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਬਿੱਲ 'ਤੇ ਸਕੂਲ ਜਾਂ ਦਫਤਰ ਦਾ ਨਾਂ ਜ਼ਰੂਰ ਲਿਖਿਆ ਜਾਵੇ। ਇਸ ਦੇ ਨਾਲ ਹੀ ਖਰੀਦੀ ਗਈ ਹਰ ਚੀਜ਼ ਦਾ ਰਿਕਾਰਡ ਸਕੂਲ ਪ੍ਰਾਪਰਟੀ ਰਜਿਸਟਰ 'ਚ ਜ਼ਰੂਰ ਕੀਤਾ ਜਾਵੇ। 
ਨਾਲ ਹੀ ਚਿੱਠੀ ਵਿਚ ਇਹ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਕਿਸੇ ਵੀ ਚੀਜ਼ ਦੀ ਖਰੀਦ 'ਚ ਵਿੱਤੀ ਨਿਯਮਾਂ ਦੀ ਉਲੰਘਣਾ ਪਾਈ ਗਈ ਤਾਂ ਸਬੰਧਤ ਦਫਤਰ ਜਾਂ ਸਕੂਲ ਦੇ ਮੁਖੀ, ਫਾਇਨਾਂਸ ਪਰਸੋਨਲ ਅਤੇ ਸਬੰਧਤ ਹੋਰ ਮੁਲਾਜ਼ਮਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।


Related News