ਐਜੂਕੇਸ਼ਨ ਚੇਰੀਟੇਬਲ ਟਰੱਸਟ ਧਬਲਾਨ ਦੀ ਵਿੱਤ ਸਕੱਤਰ ਨੇ ਦਲਿਤ ਵਿਦਿਆਰਥੀਆਂ ਦੇ ਹੜੱਪੇ ਲੱਖਾਂ ਰੁਪਏ
Sunday, Feb 07, 2021 - 02:14 AM (IST)
ਪਟਿਆਲਾ, (ਬਲਜਿੰਦਰ, ਰਾਣਾ)- ਪਟਿਆਲਾ ਨਾਭਾ ਰੋਡ ’ਤੇ ਧਬਲਾਨ ਰੋਡ ’ਤੇ ਸਥਿਤ ਮਾਲਵਾ ਆਈ. ਟੀ. ਆਈ. ਧਬਲਾਨ ਦੇ ਦਲਿਤ ਵਿਦਿਆਰਥੀਆਂ ਦੇ ਫੰਡ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਜੀਲੈਂਸ ਬਿਉਰੋ ਪਟਿਆਲਾ ਵੱਲੋਂ ਜਾਂਚ ਕਰ ਕੇ ਇਸ ਮਾਮਲੇ ’ਚ ਮਾਲਵਾ ਐਜੂਕੇਸ਼ਨ ਚੈਰੀਟੇਬਲ ਟਰੱਸਟ ਦੀ ਵਿੱਤ ਸਕੱਤਰ ਹਰਚਰਨਜੀਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਆਦਰਸ਼ ਕਾਲੋਨੀ ਖਿਲਾਫ 409, 420 ਆਈ. ਪੀ. ਸੀ. ਅਤੇ ਪ੍ਰੀਵੈਨਸ਼ਨ ਆਫ ਕਰੱਪਸ਼ਨ ਐਕਟ ਦੀ ਧਾਰਾ 7 ਅਤੇ 7 ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਕੇਸ ਡੀ. ਐੱਸ. ਪੀ. ਵਿਜੀਲੈਂਸ ਬਿਉਰੋ ਪਟਿਆਲਾ ਸਤਨਾਮ ਸਿੰਘ ਦੀ ਜਾਂਚ ਤੋਂ ਬਾਅਦ ਥਾਣਾ ਪਸਿਆਣਾ ਵਿਖੇ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਉਰੋ ਮੁਤਾਬਕ ਸਾਲ 2015 ਤੋਂ 2018 ਤੱਕ ਐੱਸ. ਸੀ. ਵਿਦਿਆਰਥੀਆਂ ਵੱਲੋਂ ਮਾਲਵਾ ਆਈ. ਟੀ. ਆਈ. ਧਬਲਾਨ ’ਚ ਕੋਰਸ ਕੀਤੇ ਗਏ ਸਨ। ਇਸ ਦੌਰਾਨ ਸਾਲ 2013-14 ਤੋਂ 2016-17 ਦੌਰਾਨ ਮਾਲਵਾ ਚੈਰੀਟੇਬਲ ਟਰੱਸਟ ਦੇ ਖਾਤੇ ’ਚ ਬੱਚਿਆਂ ਦੀ ਫੀਸ ਦੇ 19 ਲੱਖ 24 ਹਜ਼ਾਰ 814 ਰੁਪਏ ਜਮਾਂ ਕਰਵਾਏ ਗਏ ਸਨ ਪਰ ਵਿੱਤ ਸਕੱਤਰ ਹਰਚਰਨਜੀਤ ਕੌਰ ਵੱਲੋਂ ਐੱਸ. ਸੀ. ਵਿਦਿਆਰਥੀਆਂ ਤੋਂ ਜਨਰਲ ਕੈਟਾਗਿਰੀ ਦੇ ਵਿਦਿਆਰਥੀਆਂ ਮੁਤਾਬਕ ਫੀਸ ਵਸੂਲੀ ਗਈ।
ਭਾਵੇਂ ਇਸ ’ਚ ਸਰਕਾਰ ਦਾ ਕੋਈ ਵਿੱਤੀ ਨੁਕਸਾਨ ਨਹੀਂ ਹੋਇਆ ਪਰ ਸਰਕਾਰ ਵੱਲੋਂ ਇਹ ਫੀਸ ਸਬੰਧਤ ਕਾਲਜ ਨੂੰ ਭੇਜ ਦਿੱਤੀ ਗਈ ਸੀ। ਹਰਚਰਨਜੀਤ ਕੌਰ ਨੇ ਐੱਸ. ਸੀ. ਵਿਦਿਆਰਥੀਆਂ ਦੀ ਫੀਸ ਸਰਕਾਰ ਵੱਲੋਂ ਦੇਣ ਦੇ ਬਾਵਜੂਦ ਉਨ੍ਹਾਂ ਤੋਂ ਫੀਸ ਹਾਸਲ ਕਰ ਕੇ ਉਨ੍ਹਾਂ ਨਾਲ ਧੋਖਾਦੇਹੀ ਕੀਤੀ ਹੈ। ਵਿਜੀਲੈਂਸ ਵੱਲੋਂ ਜਾਂਚ ਤੋਂ ਬਾਅਦ ਕੇਸ ਦਰਜ ਕਰ ਕੇ ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ।