ਦੂਸ਼ਿਤ ਪਾਣੀ ਕਾਰਨ ਤੰਬੂਵਾਲਾ ''ਚ ਮਾਪੇ ਨਹੀਂ ਕਰਦੇ ਧੀਆਂ ਦੇ ਰਿਸ਼ਤੇ

Monday, Apr 02, 2018 - 05:27 AM (IST)

ਜਲਾਲਾਬਾਦ, (ਗੋਇਲ)— ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਚਲਾਈ ਜਾ ਰਹੀ ਸਵੱਛ ਭਾਰਤ ਮੁਹਿੰਮ ਅਤੇ ਸੂਬਾ ਸਰਕਾਰ ਵੱਲੋਂ ਪੇਂਡੂ ਇਲਾਕੇ ਵਿਚ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਵਿਚਕਾਰ ਉਪਮੰਡਲ ਦਾ ਪਿੰਡ ਤੰਬੂਵਾਲਾ ਪਿਛਲੇ ਪੰਜ ਸਾਲਾਂ ਤੋਂ ਪੀਣ ਦੇ ਸਾਫ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਿਹਾ ਹੈ। ਸਾਫ ਪਾਣੀ ਨਾ ਮਿਲਣ ਕਾਰਨ ਇਥੇ ਕਰੀਬ ਡੇਢ ਸਾਲ ਵਿਚ ਦੋ ਦਰਜਨ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਪਰ ਦਾਅਵੇ ਅਤੇ ਵਾਅਦੇ ਕਰਦੇ ਹੋਏ ਨਾ ਥੱਕਣ ਵਾਲੀ ਕੇਂਦਰ ਅਤੇ ਸੂਬਾ ਸਰਕਾਰ ਦੇ ਸਿਰ 'ਤੇ ਇਨ੍ਹਾਂ ਅਮੁੱਲੀਆਂ ਮੌਤਾਂ ਦਾ ਕੋਈ ਅਸਰ ਹੋਇਆ ਨਹੀਂ ਜਾਪਦਾ ਹੈ।
ਪਿੰਡ ਤੰਬੂਵਾਲਾ ਵਿਚ ਜ਼ਮੀਨੀ ਪਾਣੀ ਇੰਨਾ ਜ਼ਿਆਦਾ ਗੰਦਾ ਅਤੇ ਜ਼ਹਿਰੀਲਾ ਹੋ ਚੁੱਕਾ ਹੈ ਕਿ ਲੋਕ ਕਈ ਖਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਹ ਪਾਣੀ ਪੀਣ ਯੋਗ ਨਾ ਹੋਣ ਕਾਰਨ ਪਿੰਡ 'ਚ ਕੈਂਸਰ ਅਤੇ ਪੀਲੀਆ ਜਿਹੀਆਂ ਬੀਮਾਰੀਆਂ ਨਾਲ ਹੁਣ ਤੱਕ 20 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਨਹੀਂ ਜਾਗਿਆ ਹੈ ਅਤੇ ਪਿੰਡ ਵਿਚ ਸਾਫ ਪਾਣੀ ਨਾ ਮਿਲਣ ਦੀ ਸਮੱਸਿਆ ਹਾਲੇ ਤੱਕ ਬਰਕਰਾਰ ਹੈ।
ਨੌਜਵਾਨਾਂ ਦੇ ਨਹੀਂ ਹੁੰਦੇ ਵਿਆਹ
ਜਲਾਲਾਬਾਦ ਤੋਂ ਕਰੀਬ 14 ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਪਿੰਡ ਤੰਬੂਵਾਲਾ ਦੀ ਆਬਾਦੀ ਕਰੀਬ 3500 ਤੋਂ 4000 ਹੈ ਪਰ ਗੰਦੇ ਪਾਣੀ ਕਾਰਨ ਪਿੰਡ ਦੀ ਹਾਲਾਤ ਅਜਿਹੀ ਹੋ ਗਈ ਹੈ ਕਿ ਮਾਪੇ ਹੁਣ ਆਪਣੀਆਂ ਧੀਆਂ ਦੇ ਰਿਸ਼ਤੇ ਇਸ ਪਿੰਡ ਵਿਚ ਕਰਨ ਤੋਂ ਘਬਰਾਉਂਦੇ ਹਨ। ਇਸ ਦੇ ਪਿੱਛੇ ਮਾਪਿਆਂ ਦੀ ਚਿੰਤਾ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀਆਂ ਧੀਆਂ ਨੂੰ ਸਾਫ ਪਾਣੀ ਲਿਆਉਣ ਲਈ ਕਈ ਮੀਲਾਂ ਤੱਕ ਚੱਲਣਾ ਪਵੇਗਾ। ਅਜਿਹੇ 'ਚ ਪਿੰਡ ਦੇ ਨੌਜਵਾਨਾਂ ਨੂੰ ਆਪਣਾ ਵਿਆਹ ਕਰਵਾਉਣ ਵਿਚ ਭਾਰੀ ਪ੍ਰੇਸ਼ਾਨੀ ਵੀ ਆਉਣ ਲੱਗੀ ਹੈ।
ਜ਼ਮੀਨੀ ਪਾਣੀ 'ਚ ਸ਼ੋਰਾ
'ਜਗ ਬਾਣੀ' ਵੱਲੋਂ ਪਿੰਡ ਦੇ ਕੀਤੇ ਗਏ ਦੌਰੇ ਦੌਰਾਨ ਸਾਹਮਣੇ ਆਇਆ ਕਿ ਪਿੰਡ 'ਚ ਜ਼ਮੀਨੀ ਪਾਣੀ ਬਹੁਤ ਜ਼ਿਆਦਾ ਖਰਾਬ ਹੈ। ਪਾਣੀ ਵਿਚ ਸ਼ੋਰੇ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਪੀਣ ਦਾ ਸਾਫ ਪਾਣੀ ਨਹੀਂ ਮਿਲ ਰਿਹਾ ਹੈ। ਲੋਕਾਂ ਨੇ ਆਪਣੇ ਭਾਂਡਿਆਂ ਵਿਚ ਭਰੇ ਜ਼ਮੀਨੀ ਪਾਣੀ ਤੋਂ ਨਿਕਲਿਆ ਸ਼ੋਰਾ ਵਿਖਾਉਂਦੇ ਹੋਏ ਕਿਹਾ ਕਿ ਪਤਾ ਨਹੀਂ ਉਨ੍ਹਾਂ ਦੇ ਕਦੋਂ ਚੰਗੇ ਦਿਨ ਆਉਣਗੇ।
ਅੱਜ ਤੱਕ ਪੱਕਾ ਹੱਲ ਨਹੀਂ
ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਇਹ ਪਿੰਡ ਤੰਬੂਵਾਲਾ ਸਾਬਕਾ ਉਪ ਮੁੱਖ ਮੰਤਰੀ ਅਤੇ ਮੌਜੂਦਾ ਵਿਧਾਇਕ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਖੇਤਰ ਜਲਾਲਾਬਾਦ ਦੇ ਅਧੀਨ ਪੈਂਦਾ ਹੈ ਪਰ ਇਸ ਦੇ ਬਾਵਜੂਦ ਇਸ ਪਿੰਡ ਦੀ ਅੱਜ ਤੱਕ ਕਦੇ ਸਾਰ ਨਹੀਂ ਲਈ ਗਈ ਹੈ। ਅਕਾਲੀ-ਭਾਜਪਾ ਸਰਕਾਰ ਸਮੇਂ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਨੇ ਵੀ ਸ਼ਾਇਦ ਪਿੰਡ ਵਿਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ।
ਪਾਣੀ ਲਈ 4 ਕਿਲੋਮੀਟਰ  ਦਾ ਸਫਰ
ਡਿਜੀਟਲ ਇੰਡੀਆ ਅਤੇ ਵਧੇਗਾ ਇੰਡੀਆ ਦੇ ਦਾਅਵੇ ਅਤੇ ਨਾਅਰਿਆਂ ਦੇ ਵਿਚ ਇਸ ਪਿੰਡ ਦੇ ਲੋਕਾਂ ਨੂੰ ਸਾਫ ਪਾਣੀ ਲਈ ਪਿੰਡ ਤੋਂ ਚਾਰ ਕਿਲੋਮੀਟਰ ਦੂਰ ਰਾਜਸਥਾਨ ਫੀਡਰ ਨਹਿਰ 'ਤੇ ਜਾਣਾ ਪੈਂਦਾ ਹੈ। ਘਰ ਵਿਚ ਪਾਣੀ ਲਿਆਉਣ ਦੀ ਡਿਊਟੀ ਮਰਦਾਂ ਦੀ ਲਾਈ ਗਈ ਹੈ ਕਿਉਂਕਿ ਔਰਤਾਂ ਦਾ ਇੰਨਾ ਵੱਡਾ ਪੈਂਡਾ ਕਰ ਕੇ ਬਾਲਟੀਆਂ ਅਤੇ ਹੋਰ ਭਾਂਡਿਆਂ 'ਚ ਪਾਣੀ ਲਿਆਉਣਾ ਸੌਖਾ ਨਹੀਂ ਹੈ।
ਕਿਸੇ ਨੇ ਨਹੀਂ ਲਈ ਸਾਰ
ਪਿੰਡ ਤੰਬੂਵਾਲਾ ਦੇ ਵਾਸੀਆਂ 'ਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਭਾਰੀ ਗੁੱਸਾ ਹੈ। ਪਿੰਡ ਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਸਰਕਾਰ ਉਨ੍ਹਾਂ ਦੀ ਸਮੱਸਿਆ ਤੋਂ ਚੰਗੀ ਤਰ੍ਹਾਂ ਜਾਣੂ ਹੈ ਪਰ ਅੱਜ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਪਿੰਡ ਦੇ ਮਨਜਿੰਦਰ ਸਿੰਘ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਲਈ ਕਿਸੇ ਵੀ ਸਰਕਾਰ ਅਤੇ ਲੀਡਰ ਨੇ ਗੰਭੀਰਤਾ ਨਾਲ ਕੋਈ ਕਦਮ ਨਹੀਂ ਚੁੱਕਿਆ।
ਹਰੇਕ ਪਿੰਡ ਦਾ ਵਿਕਾਸ ਕਰਵਾਇਆ : ਸੁਖਬੀਰ ਬਾਦਲ
ਇਸ ਸਬੰਧੀ ਜਲਾਲਾਬਾਦ ਦੇ ਵਿਧਾਇਕ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਕਾਰਜਕਾਲ ਵਿਚ ਹਰੇਕ ਪਿੰਡ ਦਾ ਬਿਨਾਂ ਕਿਸੇ ਭੇਦ-ਭਾਵ ਵਿਕਾਸ ਕਰਵਾਇਆ ਗਿਆ ਅਤੇ ਹਰੇਕ ਪਿੰਡ ਵਿਚ ਮੁਢੱਲੀਆਂ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਗਈਆਂ।
ਭੇਜਾਂਗੀ ਸਪੈਸ਼ਲ ਟੀਮ : ਡੀ. ਸੀ
ਇਸ ਸਬੰਧੀ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨਾਲ ਗੱਲ ਕਰਨ 'ਤੇ ਉਨ੍ਹਾਂ ਅਜਿਹੀ ਕੋਈ ਸਮੱਸਿਆ ਸਬੰਧੀ ਜਾਣਕਾਰੀ ਹੋਣ ਤੋਂ ਨਾਂਹ ਕਰਦਿਆਂਕਿਹਾ ਕਿ ਉਨ੍ਹਾਂ ਨੂੰ ਮੀਡੀਆ ਤੋਂ ਇਸ ਸਮੱਸਿਆ ਬਾਰੇ ਪਤਾ ਲੱਗਾ ਹੈ। ਜਲਦ ਹੀ ਪਿੰਡ ਵਿਚ ਸਪੈਸ਼ਲ ਟੀਮ ਦੇ ਜ਼ਰੀਏ ਜਾਂਚ ਕਰਵਾਈ ਜਾਵੇਗੀ ਅਤੇ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ।


Related News