ਦੁਬਈ ''ਚ ਫਸੇ ਨੌਜਵਾਨ ਤੇ ਉਸਦੇ ਦੇ ਪਰਿਵਾਰ ਲਈ ਡਾ. ਓਬਰਾਏ ''ਰੱਬ'' ਬਣ ਕੇ ਬਹੁੜੇ
Monday, Jun 15, 2020 - 06:29 PM (IST)
ਬਟਾਲਾ (ਮਠਾਰੂ) : ਧੋਖੇਬਾਜ਼ ਏਜੰਟ ਦਾ ਸ਼ਿਕਾਰ ਹੋਏ ਦੁੱਬਈ 'ਚ ਫਸੇ ਪੰਜਾਬੀ ਨੌਜਵਾਨ ਦੀ ਜਾਨ ਬਚਾਉਣ ਅਤੇ ਪਿੱਛੇ ਪਰਿਵਾਰ ਨੂੰ ਭੁੱਖਮਾਰੀ ਤੋਂ ਬਚਾਉਣ ਲਈ 'ਰੱਬ ਦੇ ਫਰਿਸ਼ਤੇ' ਬਣ ਕੇ ਬਹੁੜੇ ਹਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ, ਜਿਨ੍ਹਾਂ ਵੱਲੋਂ ਦੁਬਈ 'ਚ ਫਸੇ ਨੌਜਵਾਨ ਦੀ ਬਾਂਹ ਫੜਦਿਆਂ ਜਿਥੇ ਰੋਟੀ ਕੱਪੜਾ ਅਤੇ ਮਕਾਨ ਦੇਣ ਤੋਂ ਇਲਾਵਾ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਦਿਆਂ ਨੌਜਵਾਨ ਨੂੰ ਜੱਦੀ ਪਿੰਡ ਵਾਪਸ ਭੇਜਣ ਦਾ ਸਾਰਾ ਪ੍ਰਬੰਧ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਨਜ਼ਦੀਕ ਪਿੰਡ ਮਨੋਹਰਪੁਰ ਦਾ ਰਹਿਣ ਵਾਲਾ ਮਨਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਕੁਝ ਸਾਲ ਪਹਿਲਾਂ ਬਟਾਲਾ ਦੇ ਹੀ ਇਕ ਏਜੰਟ ਰਾਹੀਂ ਆਪਣੇ ਸੁਨਹਿਰੇ ਭਵਿੱਖ ਦੀ ਤਲਾਸ਼ 'ਚ ਪਰਿਵਾਰ ਦੇ ਪਾਲਣ ਪੋਸ਼ਣ ਖਾਤਰ ਦੁਬਈ ਗਿਆ ਸੀ, ਜਿਥੇ ਉਹ ਇਕ ਧੋਖੇਬਾਜ਼ ਏਜੰਟ ਦਾ ਸ਼ਿਕਾਰ ਹੁੰਦਿਆਂ ਫਸ ਗਿਆ ਸੀ ਜਦਕਿ ਦੁਬਈ ਦੇ ਏਜੰਟ ਵੱਲੋਂ ਮਨਜੀਤ ਦਾ ਪਾਸਪੋਰਟ ਅਤੇ ਹੋਰ ਕਾਗਜ਼ ਪੱਤਰ ਖੋਹ ਕੇ ਉਸ ਕੋਲੋਂ ਹੋਰ ਪੈਸਿਆਂ ਦੀ ਮੰਗ ਕਰਦਿਆਂ ਉਸ ਨੂੰ ਵਿਦੇਸ਼ ਦੀ ਧਰਤੀ 'ਤੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਛੱਡ ਦਿੱਤਾ ਸੀ।
ਗਰੀਬੀ ਕਾਰਣ ਬੇਹੱਦ ਮਾੜੇ ਹਲਾਤ ਦਾ ਸਹਾਮਣਾ ਕਰਦਿਆਂ ਜਦ ਪੀੜਤ ਮਨਜੀਤ ਸਿੰਘ ਨੇ ਡਾ. ਐੱਸ. ਪੀ. ਸਿੰਘ ਓਬਰਾਏ ਨਾਲ ਸੰਪਰਕ ਕਰਦਿਆਂ ਆਪਣੇ ਨਾਲ ਹੋਈ ਬੀਤੀ ਸੁਣਾਈ ਤਾਂ ਉਨ੍ਹਾਂ ਨੇ ਮਨਜੀਤ ਦੇ ਰਹਿਣ-ਸਹਿਣ, ਖਾਣ-ਪੀਣ ਦਾ ਪ੍ਰਬੰਧ ਕਰਦਿਆਂ ਉਸ ਨੂੰ ਸਹੀ ਸਲਾਮਤ ਪਰਿਵਾਰ ਕੋਲ ਭੇਜਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਰਾਹੀਂ ਪ੍ਰਕਿਰਿਆਂ ਸ਼ੁਰੂ ਕਰ ਦਿੱਤੀ।
ਦੁਬਈ ਤੋਂ ਜਲਦ ਪਹੁੰਚੇਗਾ ਮਨਜੀਤ ਆਪਣੇ ਪਰਿਵਾਰ ਕੋਲ : ਡਾ. ਓਬਰਾਏ
ਇਸ ਸਬੰਧੀ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆਂ ਕਿ ਦੁਬਈ 'ਚ ਧੋਖੇਬਾਜ਼ ਏਜੰਟ ਕਾਰਣ ਫਸੇ ਨੌਜਵਾਨ ਮਨਜੀਤ ਸਿੰਘ ਦਾ ਪਾਸਪੋਰਟ ਏਜੰਟ ਨੇ ਰੱਖ ਲਿਆ ਸੀ, ਜਦਕਿ ਹੁਣ ਟਰਸੱਟ ਵੱਲੋਂ ਮਨਜੀਤ ਦਾ ਨਵਾਂ ਪਾਸਪੋਰਟ ਬਣਾ ਦਿੱਤਾ ਹੈ ਅਤੇ ਉਸ ਨੂੰ ਜੱਦੀ ਪਿੰਡ ਵਾਪਸ ਭੇਜਣ ਲਈ ਦੁਬਈ ਦੀ ਐਬੰਸੀ ਅਤੇ ਇੰਡੀਅਨ ਕਾਊਂਸਲੇਟ ਨਾਲ ਵੀ ਸਾਰੀ ਗੱਲਬਾਤ ਕੀਤੀ ਜਾ ਰਹੀ ਹੈ। ਕੋਰੋਨਾ ਕਾਰਣ ਲਾਕਡਾਊਨ ਹੋਣ ਕਰਕੇ ਫਲਾਇਟਾਂ ਅਤੇ ਟਿਕਟਾਂ ਨਹੀਂ ਮਿਲ ਰਹੀਆਂ। ਜਦਕਿ ਬਹੁਤ ਹੀ ਜਲਦ ਇਮੀਗ੍ਰੇਸ਼ਨ ਤੋਂ ਮਨਜੀਤ ਦਾ ਆਊਟ ਪਾਸ ਬਣਾ ਕੇ ਉਸ ਨੂੰ ਜਹਾਜ਼ ਰਾਹੀਂ ਦੁਬਈ ਤੋਂ ਪੰਜਾਬ ਭੇਜ ਦਿੱਤਾ ਜਾਵੇਗਾ।