ਦੁਬਈ ਭੇਜਣ ਦਾ ਝਾਂਸਾ ਦੇਕੇ 75 ਹਜ਼ਾਰ ਰੁਪਏ ਦੀ ਠੱਗੀ

Sunday, Jun 10, 2018 - 03:02 PM (IST)

ਨਵਾਂਸ਼ਹਿਰ (ਤ੍ਰਿਪਾਠੀ) : ਵਰਕ ਪਰਮਿਟ 'ਤੇ ਦੁਬਈ ਭੇਜਣ ਦਾ ਝਾਂਸਾ ਦੇ ਕੇ 75 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਫਰਜ਼ੀ ਏਜੰਟ ਖਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਰਵੀ ਕੁਮਾਰ ਪੁੱਤਰ ਕੁਲਵਿੰਦਰ ਰਾਮ ਨੇ ਵਾਸੀ ਪਿੰਡ ਫਰਾਲਾ ਥਾਣਾ ਬਹਿਰਾਮ ਨੇ ਦੱਸਿਆ ਕਿ ਉਸਨੇ ਦੁਬਈ ਜਾਣ ਦਾ ਸੌਦਾ ਏਜੰਟ ਸੁਰਿੰਦਰ ਕੁਮਰ ਪੁੱਤਰ ਪੂਰਨ ਚੰਦ ਵਾਸੀ ਨੰਗਲ ਛਾਂਗਾ ਥਾਣਾ ਰਾਹੋਂ ਹਾਲ ਵਾਸੀ ਸੈਕਟਰ 20, ਚੰਡੀਗੜ੍ਹ ਨਾਲ 1.20 ਲੱਖ ਰੁਪਏ ਵਿਚ ਕੀਤਾ ਸੀ। ਉਸਨੇ ਦੱਸਿਆ ਕਿ ਉਕਤ ਏਜੰਟ ਨੂੰ 75 ਹਜ਼ਾਰ ਰੁਪਏ ਦਿੱਤੇ ਸਨ ਜਦੋਂ ਕਿ ਬਾਕੀ ਰਾਸ਼ੀ ਦੁਬਈ ਭੇਜਣ 'ਤੇ ਦੇਣੀ ਸੀ। 
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਏਜੰਟ ਨੇ ਉਸ ਨੂੰ ਜਾਅਲੀ ਵੀਜ਼ਾ ਦਿਖਾਇਆ ਪਰ ਵਿਦੇਸ਼ ਭੇਜਣ ਲਈ ਟਿਕਟਾਂ ਨਹੀ ਦਿੱਤੀਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਕਿਹਾ ਕਿ ਉਕਤ ਏਜੰਟ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਿਸ ਕਰ ਰਿਹਾ ਹੈ। ਉਸਨੇ ਦੱਸਿਆ ਕਿ ਉਕਤ ਏਜੰਟ ਨੂੰ ਹੋਰਨਾਂ ਨੌਜਵਾਨਾਂ ਨਾਲ ਵੀ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਕੀਤੀ ਹੈ।
ਉਕਤ ਸ਼ਿਕਾਇਤ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਨਵਾਂਸ਼ਹਿਰ ਵਲੋਂ ਕਰਨ ਉਪਰੰਤ ਦਿੱਤੀ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਬੰਗਾ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News