ਦੀਵਾਲੀ ਮੌਕੇ ਮਠਿਆਈ ਨਾਲੋਂ ਡਰਾਈ ਫਰੂਟ ਤੇ ਮੁਰੱਬਿਆਂ ਵੱਲ ਵਧਿਆ ਲੋਕਾਂ ਦਾ ਰੁਝਾਨ

Wednesday, Oct 30, 2024 - 02:03 PM (IST)

ਤਲਵੰਡੀ ਭਾਈ (ਪਾਲ) : ਦੀਵਾਲੀ ਦਾ ਤਿਉਹਾਰ ਆਉਂਦਿਆ ਹੀ ਹਮੇਸ਼ਾ ਰੰਗ-ਬਿਰੰਗੀਆਂ ਮਠਿਆਈਆਂ ਵੇਚਣ ਵਾਲੇ ਦੁਕਾਨਦਾਰਾਂ ਦੇ ਚਿਹਰੇ ਖਿੜ੍ਹੇ ਰਹਿੰਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੈ, ਕਿਉਂਕਿ ਮਠਿਆਈ ’ਚ ਮਿਲਾਵਟ ਦੇ ਮਾਮਲਿਆਂ ਅਤੇ ਕੀਮਤਾਂ ’ਚ ਆਈ ਤੇਜ਼ੀ ਕਾਰਨ ਗਾਹਕਾਂ ਦਾ ਰੁਝਾਨ ਹੁਣ ਮਠਿਆਈ ਨਾਲੋਂ ਫਲ-ਫਰੂਟ, ਡਰਾਈ ਫਰੂਟ ਤੇ ਬੰਦ ਪੈਕਿੰਗ ਮੁਰੱਬਿਆਂ ਵੱਲ ਹੋ ਗਿਆ ਹੈ। ਇਸ ਸਬੰਧੀ ਵੱਖ-ਵੱਖ ਦੁਕਾਨਦਾਰਾਂ, ਆਮ ਲੋਕਾਂ ਤੇ ਸਾਮਾਨ ਖ਼ਰੀਦ ਰਹੇ ਗਾਹਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਠਿਆਈ ਬਣਾਉਣ ’ਚ ਡਿਟਰਜੈਂਟ ਪਾਊਡਰ, ਯੂਰੀਆ, ਤੇਜ਼ਾਬ, ਤੇਜ਼ ਕੈਮੀਕਲਾਂ ਵਾਲੇ ਰੰਗ, ਮਿਲਾਵਟੀ ਖੋਆ ਤੇ ਮਹੀਨਾ ਮਹੀਨਾ ਪਹਿਲਾਂ ਹੀ ਤਿਆਰ ਕਰ ਕੇ ਰੱਖੀਆਂ ਬਹੀਆਂ ਹੋ ਚੁੱਕੀਆਂ ਮਠਿਆਈਆਂ ਦੇ ਰੂਪ ’ਚ ਮਿੱਠੇ ਜ਼ਹਿਰ ਦੀਆਂ ਖ਼ਬਰਾਂ ਆਮ ਹੀ ਪ੍ਰਕਾਸ਼ਿਤ ਹੋਣ ਨਾਲ ਹੁਣ ਲੋਕ ਮਠਿਆਈਆਂ ਖ਼ਰੀਦਣ ਤੋਂ ਕੰਨੀ ਕਤਰਾਉਣ ਲੱਗੇ ਹਨ।

ਜ਼ਿਕਰਯੋਗ ਹੈ ਕਿ ਜ਼ਿਆਦਾਤਰ ਲੋਕ ਆਪਣੇ ਸਾਕ-ਸਬੰਧੀਆਂ ਤੇ ਹੋਰ ਥਾਈਂ ਮਠਿਆਈ ਦੀ ਬਜਾਏ ਡਰਾਈ ਫਰੂਟ ਤੇ ਮੁਰੱਬਿਆਂ ਦੇ ਡੱਬੇ ਖ਼ਰੀਦਦੇ ਹਨ। ਇਸ ਤੋਂ ਇਲਾਵਾ ਸਰਦੇ-ਪੁੱਜਦੇ ਬਹੁਤੇ ਲੋਕ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਨ ਵੀ ਮਿੱਠੇ ਤੋਂ ਦੂਰ ਹੀ ਰਹਿਣਾ ਪਸੰਦ ਕਰਦੇ ਹਨ। ਰਹੀ ਗਰੀਬ ਲੋਕਾਂ ਦੀ ਗੱਲ ਅੰਤਾਂ ਦੀ ਵੱਧਦੀ ਜਾ ਰਹੀ ਮਹਿੰਗਾਈ ਕਾਰਨ ਦੁੱਧ, ਘਿਓ, ਖੰਡ, ਰਿਫਾਇੰਡ ਆਦਿ ਦੀਆਂ ਕੀਮਤਾਂ ਆਸਮਾਨੀ ਛੂਹਣ ਕਾਰਨ ਮਠਿਆਈ ਮਹਿੰਗੇ ਭਾਅ ਖਰੀਦਣੀ ਗਰੀਬ ਤੇ ਆਮ ਵਿਅਕਤੀ ਦੇ ਵੱਸੋਂ ਹੀ ਬਾਹਰ ਹੁੰਦੀ ਜਾ ਰਹੀ ਹੈ।

ਇਸ ਲਈ ਜਿਹੜੇ ਲੋਕ ਮਠਿਆਈ ਖਾ ਕੇ ਹਜ਼ਮ ਕਰ ਸਕਦੇ ਹਨ, ਉਨ੍ਹਾਂ ਨੂੰ ਤਾਂ ਮਹਿੰਗਾਈ ਮਾਰ ਰਹੀ ਹੈ ਅਤੇ ਜਿਹੜੇ ਵਿਅਕਤੀ ਮਹਿੰਗਾਈ ਦੀ ਪ੍ਰਵਾਹ ਕੀਤੇ ਬਗੈਰ ਸਭ ਕੁੱਝ ਮਠਿਆਈਆਂ ਖ਼ਰੀਦ ਸਕਦੇ ਹਨ, ਉਨ੍ਹਾਂ ਨੂੰ ਚਿੰਬੜੀਆਂ ਸ਼ੂਗਰ, ਬੀ. ਪੀ. ਤੇ ਹਾਰਟ ਵਗੈਰਾ ਦੀਆਂ ਬਿਮਾਰੀਆਂ ਪੇਸ਼ ਨਹੀਂ ਜਾਣ ਦੇ ਰਹੀਆਂ। ਇਸ ਲਈ ਕਿਸੇ ਨੂੰ ਮਹਿੰਗਾਈ ਤੇ ਕਿਸੇ ਨੂੰ ਮਨਾਹੀ ਮਠਿਆਈਆਂ ਤੋਂ ਦੂਰ ਲੈ ਜਾਂਦੀ ਨਜ਼ਰੀ ਪੈ ਰਹੀ ਹੈ।
 


Babita

Content Editor

Related News