ਸ਼ਰਾਬੀ ਨੌਜਵਾਨਾਂ ਨੇ ਕਾਰ ਸਵਾਰਾਂ ਨਾਲ ਕੀਤੀ ਕੁੱਟਮਾਰ

Sunday, Oct 22, 2017 - 06:15 AM (IST)

ਜਲੰਧਰ, (ਸੁਨੀਲ)- ਹਰਿਗੋਬਿੰਦ ਨਗਰ-ਧੋਗੜੀ ਰੋਡ ਵਿਖੇ ਸੁਭਾਸ਼ ਮੀਟ ਸ਼ਾਪ 'ਤੇ ਲੋਕਾਂ ਨੂੰ ਸ਼ਰ੍ਹੇਆਮ ਸ਼ਰਾਬ ਪਿਲਾਈ ਜਾ ਰਹੀ ਹੈ, ਜਿਸ ਕਾਰਨ ਇਥੇ ਲੋਕ ਰੋਜ਼ਾਨਾ ਸ਼ਰਾਬ ਦੇ ਨਸ਼ੇ ਵਿਚ ਹੁੱਲੜਬਾਜ਼ੀ ਕਰਦੇ ਹਨ। ਸ਼ਰਾਬੀਆਂ ਵੱਲੋਂ ਕੀਤੀ ਜਾਂਦੀ ਹੁੱਲੜਬਾਜ਼ੀ ਕਾਰਨ ਮੁਹੱਲੇ ਦੇ ਲੋਕ ਕਾਫੀ ਪ੍ਰੇਸ਼ਾਨ ਹਨ। ਮੁਹੱਲਾ ਨਿਵਾਸੀ ਅਵਤਾਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਇਕ ਪਰਿਵਾਰ ਦੇ ਤਿੰਨ ਲੋਕ ਕਾਰ ਵਿਚ ਸਵਾਰ ਹੋ ਕੇ ਆਪਣੇ ਘਰ ਜਾ ਰਹੇ ਸਨ ਕਿ ਇਸੇ ਦੌਰਾਨ ਜਦੋਂ ਉਹ ਇਸ ਮੀਟ ਸ਼ਾਪ ਦੇ ਨੇੜਿਓਂ ਲੰਘਣ ਲੱਗੇ ਤਾਂ ਮੀਟ ਸ਼ਾਪ ਤੋਂ ਸ਼ਰਾਬ ਪੀ ਕੇ ਨਿਕਲੇ ਇਕ ਸ਼ਰਾਬੀ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਕਾਰ ਅੱਗੇ ਲਗਾ ਦਿੱਤਾ। ਜਦੋਂ ਉਸਨੂੰ ਮੋਟਰਸਾਈਕਲ ਹਟਾਉਣ ਨੂੰ ਕਿਹਾ ਗਿਆ ਤਾਂ ਉਹ ਗਾਲ੍ਹਾਂ ਕੱਢਣ ਲੱਗਾ। ਇੰਨੇ ਵਿਚ ਸ਼ਰਾਬੀ ਹਾਲਤ ਵਿਚ ਦੁਕਾਨ ਤੋਂ ਨਿਕਲੇ ਕਰੀਬ 10 ਨੌਜਵਾਨਾਂ ਨੇ ਕਾਰ ਸਵਾਰਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। 
ਮੌਕੇ 'ਤੇ ਥਾਣਾ ਮਕਸੂਦਾਂ ਦੀ ਪੁਲਸ ਨੇ ਪਹੁੰਚ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਵਿਚ ਜ਼ਖ਼ਮੀ ਹੋਏ ਇਕ ਵਿਅਕਤੀ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਸੁਭਾਸ਼ ਮੀਟ ਸ਼ਾਪ ਦਾ ਮਾਲਕ ਇਕ ਆਰਕੈਸਟਰਾ ਕੰਪਨੀ ਦੇ ਮਾਲਕ ਦੀ ਸ਼ਹਿ 'ਤੇ ਖੁੱਲ੍ਹੇਆਮ ਸ਼ਰਾਬ ਪਿਲਾਉਂਦਾ ਹੈ।
ਜਦੋਂ ਇਸ ਸਬੰਧ ਵਿਚ ਐੱਸ. ਐੱਚ. ਓ. ਮਕਸੂਦਾਂ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ  ਜੇਕਰ ਇਸ ਮੀਟ ਸ਼ਾਪ 'ਤੇ ਕੋਈ ਗਲਤ ਕੰਮ ਹੁੰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News