ਨਸ਼ੇ ''ਚ ਧੁੱਤ ਨੌਜਵਾਨਾਂ ਵਲੋਂ ਪੂਰਬਾ ਅਪਾਰਟਮੈਂਟ ''ਚ ਹੰਗਾਮਾ

Wednesday, Dec 27, 2017 - 08:00 AM (IST)

ਨਸ਼ੇ ''ਚ ਧੁੱਤ ਨੌਜਵਾਨਾਂ ਵਲੋਂ ਪੂਰਬਾ ਅਪਾਰਟਮੈਂਟ ''ਚ ਹੰਗਾਮਾ

ਮੋਹਾਲੀ  (ਰਾਣਾ) - ਸੋਮਵਾਰ ਦੇਰ ਰਾਤ ਸੈਕਟਰ-89 ਸਥਿਤ ਪੂਰਬਾ ਅਪਾਰਟਮੈਂਟ ਵਿਚ ਨਸ਼ੇ 'ਚ ਧੁੱਤ ਤਿੰਨ ਨੌਜਵਾਨਾਂ ਨੇ ਜੰਮ ਕੇ ਹੰਗਾਮਾ ਕੀਤਾ । ਇਸ ਦੌਰਾਨ ਜਦੋਂ ਸਕਿਓਰਿਟੀ ਗਾਰਡਾਂ ਨੇ ਉਨ੍ਹਾਂ ਨੂੰ ਚੈਕਿੰਗ ਲਈ ਰੋਕਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ ।ਇਸ ਤੋਂ ਬਾਅਦ ਮੌਕੇ 'ਤੇ ਪੀ. ਸੀ. ਆਰ. ਦੀਆਂ ਤਿੰਨ ਗੱਡੀਆਂ ਪਹੁੰਚੀਆਂ ਪਰ ਉਸ ਤੋਂ ਬਾਅਦ ਵੀ ਕਈ ਘੰਟੇ ਤਿੰਨਾਂ ਨੌਜਵਾਨਾਂ ਦਾ ਡਰਾਮਾ ਚੱਲਦਾ ਰਿਹਾ, ਜਿਸ ਤੋਂ ਬਾਅਦ ਮੌਕੇ 'ਤੇ ਡੀ. ਐੱਸ. ਪੀ. ਰਮਨਦੀਪ ਸਿੰਘ ਪੁੱਜੇ, ਤਾਂ ਜਾ ਕੇ ਮਾਮਲਾ ਸ਼ਾਂਤ ਹੋਇਆ ।
ਉਥੇ ਹੀ ਲੋਕਾਂ ਨੇ ਇਸ ਸਬੰਧੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪਤਾ ਲੱਗਾ ਹੈ ਕਿ ਪੂਰਬਾ ਅਪਾਰਟਮੈਂਟ ਦੇ ਇਕ ਟਾਵਰ ਵਿਚ ਸਥਿਤ ਫਲੈਟ ਕਿਰਾਏ 'ਤੇ ਦਿੱਤਾ ਹੋਇਆ ਹੈ । ਕਿਰਾਏ 'ਤੇ ਰਹਿ ਰਹੇ ਵਿਅਕਤੀ ਦੇ ਤਿੰਨ ਦੋਸਤ ਕਾਰਾਂ ਵਿਚ ਸਵਾਰ ਹੋ ਕੇ ਰਾਤ ਸਾਢੇ 12 ਵਜੇ ਅਪਾਰਟਮੈਂਟ ਦੇ ਗੇਟ 'ਤੇ ਪੁੱਜੇ, ਜਿਨ੍ਹਾਂ ਨੂੰ ਸਕਿਓਰਿਟੀ ਗਾਰਡਾਂ ਨੇ ਰੋਕਿਆ ਤੇ ਉਥੇ ਲੱਗੇ ਰਜਿਸਟਰ ਵਿਚ ਐਂਟਰੀ ਕਰਨ ਲਈ ਕਿਹਾ । ਇਹ ਗੱਲ ਸੁਣਦਿਆਂ ਹੀ ਉਹ ਭੜਕ ਗਏ । ਇਸ ਤੋਂ ਬਾਅਦ ਉਨ੍ਹਾਂ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ।
ਸਕਿਓਰਿਟੀ ਗਾਰਡ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਬਿਨਾਂ ਐਂਟਰੀ ਅੰਦਰ ਨਹੀਂ ਜਾਣ ਦੇਣਗੇ, ਜਦੋਂਕਿ ਨੌਜਵਾਨ ਐਂਟਰੀ ਨਾ ਕਰਨ 'ਤੇ ਤੁਲੇ ਹੋਏ ਸਨ । ਇਸ ਦੌਰਾਨ ਉਹ ਸਕਿਓਰਿਟੀ ਗਾਰਡਾਂ ਨਾਲ ਭਿੜ ਗਏ ਤੇ ਕੁੱਟਮਾਰ ਕੀਤੀ । ਇਸ ਦੌਰਾਨ ਜਦੋਂ ਭਾਜੜ ਮਚੀ ਤਾਂ ਇਲਾਕੇ ਦੇ ਲੋਕ ਵੀ ਇਕੱਠੇ ਹੋ ਗਏ ਤੇ ਪੁਲਸ ਨੂੰ ਸੂਚਿਤ ਕੀਤਾ ।
ਮੌਕੇ 'ਤੇ ਪਹਿਲਾਂ ਪੁਲਸ ਦੀ ਇਕ ਗੱਡੀ ਪਹੁੰਚੀ ਪਰ ਨੌਜਵਾਨ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸਨ । ਇਸ ਤੋਂ ਬਾਅਦ ਤਿੰਨ ਹੋਰ ਪੀ. ਸੀ. ਆਰ. ਤੇ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ ਤਾਂ ਜਾ ਕੇ ਨੌਜਵਾਨ ਸ਼ਾਂਤ ਹੋਏ । ਇਸ ਤੋਂ ਬਾਅਦ ਦੋਵਾਂ ਪੱਖਾਂ ਨੂੰ ਸੋਹਾਣਾ ਥਾਣੇ ਲਿਜਾਇਆ ਗਿਆ ।  
ਸੰਪਰਕ ਕਰਨ 'ਤੇ ਡੀ. ਐੱਸ. ਪੀ. ਸਿਟੀ-2 ਮੋਹਾਲੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੂਰਬਾ ਅਪਾਰਟਮੈਂਟ ਵਿਚ ਝਗੜੇ ਦਾ ਪਤਾ ਲਗਦਿਆਂ ਹੀ ਉਹ ਮੌਕੇ 'ਤੇ ਪਹੁੰਚੇ। ਉਥੇ ਸਕਿਓਰਿਟੀ ਗਾਰਡਾਂ ਤੇ ਨੌਜਵਾਨਾਂ ਵਿਚ ਕੁੱਟਮਾਰ ਹੋ ਰਹੀ ਸੀ । ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ, ਜਿਹੜੇ ਸਕਿਓਰਿਟੀ ਗਾਰਡਾਂ ਨਾਲ ਕੁੱਟਮਾਰ ਹੋਈ ਹੈ ਉਨ੍ਹਾਂ ਨੇ ਮੈਡੀਕਲ ਵੀ ਨਹੀਂ ਕਰਵਾਇਆ, ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News