ਜ਼ਿਲ੍ਹਾ ਚੋਣ ਅਫ਼ਸਰ ਵਲੋਂ ਪੋਲਿੰਗ ਬੂਥ ਦਾ ਦੌਰਾ, ਚੋਣ ਪ੍ਰਕਿਰਿਆ ਦਾ ਲਿਆ ਜਾਇਜ਼ਾ
Sunday, Dec 14, 2025 - 04:20 PM (IST)
ਮਾਨਸਾ (ਸੰਦੀਪ ਮਿੱਤਲ) : ਅੱਜ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ 11 ਜ਼ੋਨਾਂ ਅਤੇ 4 ਬਲਾਕ ਸੰਮਤੀਆਂ ਦੇ 86 ਜ਼ੋਨਾਂ ਲਈ ਪੋਲਿੰਗ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਆਈ. ਏ. ਐੱਸ. ਵਲੋਂ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਅੱਜ ਪਿੰਡ ਖਿਆਲਾ ਕਲਾਂ, ਕੋਟੜਾ ਕਲਾਂ ਸਮੇਤ ਵੱਖ-ਵੱਖ ਪਿੰਡਾਂ 'ਚ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਵੋਟਰਾਂ, ਪੋਲਿੰਗ ਏਜੰਟਾਂ, ਪ੍ਰੀਜ਼ਾਈਡਿੰਗ ਅਫ਼ਸਰਾਂ ਤੇ ਹੋਰ ਅਮਲੇ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਐੱਮ. ਮਾਨਸਾ-ਕਮ-ਰਿਟਰਨਿੰਗ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਕਾਲਾ ਰਾਮ ਕਾਂਸਲ ਵੀ ਮੌਜੂਦ ਸਨ। ਇਸ ਦੌਰਾਨ ਵੋਟਰਾਂ ਨੇ ਪੋਲਿੰਗ ਪ੍ਰਕਿਰਿਆ ਅਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੁੱਲ 547 ਪੋਲਿੰਗ ਬੂਥ ਸਥਾਪਿਤ ਕੀਤੇ ਗਏ। ਪੰਚਾਇਤ ਸੰਮਤੀ ਬੁਢਲਾਡਾ ਵਿਚ 181 ਬੂਥ, ਝੁਨੀਰ ਵਿਚ 121 ਬੂਥ, ਮਾਨਸਾ ਵਿੱਚ 159 ਬੂਥ, ਸਰਦੂਲਗੜ੍ਹ ਵਿਚ 86 ਬੂਥ ਬਣਾਏ ਗਏ। ਵੋਟਾਂ ਦੀ ਗਿਣਤੀ 17 ਦਸੰਬਰ (ਬੁੱਧਵਾਰ) ਨੂੰ ਨਿਰਧਾਰਤ ਗਿਣਤੀ ਕੇਂਦਰਾਂ ‘ਤੇ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਮਾਨਸਾ ਲਈ ਵੋਟਾਂ ਦੀ ਗਿਣਤੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ, ਪੰਚਾਇਤ ਸੰਮਤੀ ਝੁਨੀਰ ਲਈ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ, ਪੰਚਾਇਤ ਸੰਮਤੀ ਸਰਦੂਲਗੜ੍ਹ ਲਈ ਵੋਟਾਂ ਦੀ ਗਿਣਤੀ ਸਰਦਾਰ ਬਲਰਾਜ ਸਿੰਘ ਭੂੰਦੜ ਸਰਕਾਰੀ ਮੈਮੋਰੀਅਲ ਕਾਲਜ ਸਰਦੂਲਗੜ੍ਹ, ਪੰਚਾਇਤ ਸੰਮਤੀ ਬੁਢਲਾਡਾ ਲਈ ਵੋਟਾਂ ਦੀ ਗਿਣਤੀ ਕ੍ਰਿਸ਼ਨਾ ਕਾਲਜ ਆਫ ਹਾਇਰ ਐਜੂਕੇਸ਼ਨ ਰੱਲੀ ਵਿੱਚ ਹੋਵੇਗੀ।
