ਸਕੂਲੀ ਬੱਚੇ ਛੱਡਣ ਜਾ ਰਹੇ ਨੌਜਵਾਨ ਡਰਾਈਵਰ ਨੂੰ ਪਾਇਆ ਮੌਤ ਨੇ ਘੇਰਾ
Friday, Mar 06, 2020 - 05:04 PM (IST)
ਸੁਲਤਾਨਪੁਰ ਲੋਧੀ (ਸੋਢੀ) : ਅਕਾਲ ਗਰੁੱਪ ਆਫ ਇੰਸਟੀਚਿਊਟ ਸੁਲਤਾਨਪੁਰ ਲੋਧੀ ਦੇ ਟਰਾਂਸਪੋਰਟ ਇੰਚਾਰਜ ਤੇ ਅਕਾਲ ਅਕੈਡਮੀ ਦੇ ਅੰਮ੍ਰਿਤਧਾਰੀ ਡਰਾਈਵਰ ਗੁਰਨਾਮ ਸਿੰਘ (36) ਨਿਵਾਸੀ ਪਿੰਡ ਆਹਲੀਕਲਾਂ ਦੀ ਅੱਜ ਉਸ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜਦ ਉਹ ਸਕੂਲੀ ਬੱਚਿਆਂ ਨੂੰ ਘਰ ਛੱਡਣ ਲਈ ਬੱਸ ਵਿਚ ਬਿਠਾ ਰਿਹਾ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰਨਾਮ ਸਿੰਘ ਤੇ ਉਸਦਾ ਭਰਾ ਪ੍ਰੀਤਮ ਸਿੰਘ ਦੋਵੇਂ ਆਪਣੇ ਇਲਾਕੇ ਦੇ ਪਿੰਡਾਂ ਦੇ ਬੱਚਿਆਂ ਨੂੰ ਸਕੂਲ 'ਚ ਲਿਆਉਣ ਤੇ ਛੱਡਣ ਦੀ ਡਿਊਟੀ ਨਿਭਾਅ ਰਹੇ ਹਨ । ਮੰਡ ਖੇਤਰ ਦੇ ਵੱਖ-ਵੱਖ ਪਿੰਡਾਂ 'ਚੋਂ ਬੱਚੇ ਲਿਆਉਣ ਲਈ ਲਗਾਈ ਬੱਸ ਦੇ ਨੌਜਵਾਨ ਡਰਾਈਵਰ ਗੁਰਨਾਮ ਸਿੰਘ ਦੀ ਅੱਜ ਦੁਪਹਿਰ ਉਸ ਸਮੇਂ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਜਿਸ ਵਕਤ ਉਹ ਸਕੂਲ 'ਚ ਛੁੱਟੀ ਹੋਣ ਉਪਰੰਤ ਬੱਚਿਆਂ ਦਾ ਬੱਸ 'ਚ ਬੈਠ ਕੇ ਇੰਤਜ਼ਾਰ ਕਰ ਰਿਹਾ ਸੀ ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਲੇ ਬੱਚੇ ਬੱਸ ਵਿਚ ਚੜ੍ਹ ਰਹੇ ਸਨ ਕਿ ਸਕੂਲ ਕੰਪਲੈਕਸ ਵਿਚ ਹੀ ਉਸਨੂੰ ਦਿਲ ਦਾ ਦੌਰਾ ਪੈ ਗਿਆ ਜਿਸ 'ਤੇ ਉਸਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ । ਅਕਾਲ ਗਰੁੱਪ ਆਫ ਇੰਸਟੀਚਿਊਟ ਦੇ ਐੱਮ. ਡੀ. ਸੁਖਦੇਵ ਸਿੰਘ ਜੱਜ ਨੇ ਦੱਸਿਆ ਕਿ ਗੁਰਨਾਮ ਸਿੰਘ ਅਕਾਲ ਗਰੁੱਪ ਦੀਆਂ ਸਾਰੀ ਟਰਾਂਸਪੋਰਟ ਦਾ ਇੰਚਾਰਜ ਸੀ ਤੇ ਬਹੁਤ ਵਧੀਆ ਸੇਵਾਵਾਂ ਨਿਭਾ ਰਿਹਾ ਸੀ ਜਿਸਦੀ ਬੇਵਕਤੀ ਮੌਤ ਕਾਰਨ ਉਨ੍ਹਾਂ ਨੂੰ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਗੁਰਨਾਮ ਸਿੰਘ ਦੇ ਦੋ ਛੋਟੇ ਬੱਚੇ ਵੀ ਹਨ । ਉਨ੍ਹਾਂ ਦੀ ਮੌਤ ਕਾਰਨ ਸਮੁੱਚੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ।