ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ 'ਡਾ. ਰਵਜੋਤ' ਦੀ ਸੌਖੀ ਨਹੀਂ ਰਾਹ

Thursday, Apr 04, 2019 - 01:27 PM (IST)

ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ 'ਡਾ. ਰਵਜੋਤ' ਦੀ ਸੌਖੀ ਨਹੀਂ ਰਾਹ

ਹੁਸ਼ਿਆਰਪੁਰ : ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਅਸਲ 'ਚ 'ਆਪ' ਦੀ ਟਿਕਟ ਤੋਂ ਹੁਸ਼ਿਆਰਪੁਰ ਤੋਂ ਚੋਣ ਲੜਨ ਵਾਲੇ ਪਰਮਜੀਤ ਸਚਦੇਵਾ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ 'ਆਪ' ਹਾਈਕਮਾਨ ਨੇ ਦੋਆਬਾ ਜੋਨ ਦੇ ਪ੍ਰਧਾਨ ਅਤੇ ਪਾਰਟੀ ਆਗੂ ਡਾ. ਰਵਜੋਤ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।
ਡਾ. ਰਵਜੋਤ ਦਾ ਸਿਆਸੀ ਸਫਰ
ਡਾ. ਰਵਜੋਤ ਸਿੰਘ ਨੇ ਕਰੀਬ 5 ਸਾਲ ਪਹਿਲਾਂ 'ਆਪ' ਦੀ ਟੋਪੀ ਪਾਈ ਸੀ ਅਤੇ ਡਾਕਟਰੀ ਦੇ ਨਾਲ-ਨਾਲ ਸਿਆਸਤ 'ਚ ਉਤਰੇ ਸਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਹੁਸ਼ਿਆਰਪੁਰ ਤੋਂ ਡਾ. ਰਵਜੋਤ ਤਗੜੇ ਦਾਅਵੇਦਾਰ ਸੀ ਪਰ ਬਾਅਦ 'ਚ ਪਾਰਟੀ ਨੇ ਉਨ੍ਹਾਂ ਦੀ ਥਾਂ ਯਾਮਿਨੀ ਗੋਮਰ 'ਤੇ ਭਰੋਸਾ ਜਤਾਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਸੀ। ਯਾਮਿਨੀ ਗੋਮਰ ਨੂੰ ਭਾਜਪਾ ਦੇ ਉਮੀਦਵਾਰ ਵਿਜੇ ਸਾਂਪਲਾ ਨੇ ਹਰਾਇਆ ਸੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਸ਼ਾਮਚੁਰਾਸੀ ਤੋਂ ਯਾਮਿਨੀ ਗੋਮਰ ਨੂੰ ਪਿੱਛੇ ਛੱਡ ਕੇ ਉਨ੍ਹਾਂ ਨੇ ਟਿਕਟ ਦੀ ਬਾਜ਼ੀ ਮਾਰ ਲਈ ਸੀ, ਜਿਸ ਤੋਂ ਖਫਾ ਹੋ ਕੇ ਯਾਮਿਨੀ ਗੋਮਰ ਨੇ 'ਆਪ' ਦੀ ਟੋਪੀ ਉਤਾਰ ਕੇ ਕਾਂਗਰਸ ਦਾ ਹੱਥ ਫੜ੍ਹ ਲਿਆ ਸੀ। ਦੱਸ ਦੇਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡਾ. ਰਵਜੋਤ ਸਿੰਘ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਆਦੀਆ ਤੋਂ ਹਾਰ ਗਏ ਸਨ।  ਡਾ. ਰਵਜੋਤ ਸਿੰਘ ਦੇ ਪਰਿਵਾਰ ਦਾ ਕੋਈ ਸਿਆਸੀ ਕੈਰੀਅਰ ਨਹੀਂ ਹੈ। ਉਹ ਮੌਜੂਦਾ ਸਮੇਂ 'ਚ 'ਆਪ' ਦੇ ਦੋਆਬਾ ਜੋਨ ਦੇ ਪ੍ਰਧਾਨ ਦੇ ਨਾਲ-ਨਾਲ ਹਾਰਟ ਸਪੈਸ਼ਲਿਸਟ ਵੀ ਹਨ।
ਤੀਲਾ-ਤੀਲਾ ਹੋਏ 'ਝਾੜੂ' ਨੂੰ ਇਕੱਠਾ ਕਰਨਾ ਮੁਸ਼ਕਲ
ਲੋਕ ਸਭਾ ਚੋਣਾਂ ਦੌਰਾਨ ਡਾ. ਰਵਜੋਤ ਸਿੰਘ ਦੀ ਰਾਹ ਆਸਾਨ ਨਹੀਂ ਹੋਵੇਗੀ ਕਿਉਂਕਿ ਦਿਨੋਂ-ਦਿਨ 'ਆਪ' ਦਾ ਪੱਧਰ ਡਿਗਦਾ ਜਾ ਰਿਹਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ 'ਆਪ' ਦੀ ਟਿਕਟ 'ਤੇ ਚੋਣ ਲੜਨ ਵਾਲੀ ਯਾਮਿਨੀ ਗੋਮਰ ਨੂੰ ਸਵਾ ਦੋ ਲੱਖ ਵੋਟਾਂ ਪਈਆਂ ਸਨ। ਹੁਣ ਪਾਰਟੀ ਦੇ ਹਾਲਾਤ ਇੰਨੇ ਵਿਗੜ ਗਏ ਹਨ ਕਿ ਕਈ ਕੱਦਵਾਰ ਨੇਤਾਵਾਂ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਕੁੱਲ ਮਿਲਾ ਕੇ ਤੀਲਾ-ਤੀਲਾ ਹੋਏ ਝਾੜੂ ਨੂੰ ਇਕੱਠਾ ਕਰਨ ਲਈ ਡਾ. ਰਵਜੋਤ ਸਿੰਘ ਨੂੰ ਬਹੁਤ ਮਿਹਨਤ ਦੀ ਲੋੜ ਪਵੇਗੀ। 


author

Babita

Content Editor

Related News