ਅੱਜ ਨਾ ਜਾਇਓ PGI, ਨਹੀਂ ਬਣਾਏ ਜਾਣਗੇ ਨਵੇਂ ਮਰੀਜ਼ਾਂ ਦੇ ਕਾਰਡ

Monday, Oct 14, 2024 - 09:45 AM (IST)

ਅੱਜ ਨਾ ਜਾਇਓ PGI, ਨਹੀਂ ਬਣਾਏ ਜਾਣਗੇ ਨਵੇਂ ਮਰੀਜ਼ਾਂ ਦੇ ਕਾਰਡ

ਚੰਡੀਗੜ੍ਹ (ਪਾਲ) : ਜੇਕਰ ਤੁਸੀਂ ਸੋਮਵਾਰ ਨੂੰ ਪੀ. ਜੀ. ਆਈ. ਨਿਊ ਓ. ਪੀ. ਡੀ. ’ਚ ਇਲਾਜ ਲਈ ਆ ਰਹੇ ਹੋ, ਤਾਂ ਨਾ ਆਓ। ਨਾ ਤਾਂ ਨਵੇਂ ਮਰੀਜ਼ਾਂ ਦੇ ਕਾਰਡ ਬਣਾਏ ਜਾਣਗੇ ਅਤੇ ਨਾ ਹੀ ਨਵੀਂ ਇਨਡੋਰ ਐਡਮਿਸ਼ਨ ਹੋਵੇਗੀ। ਪੀ. ਜੀ. ਆਈ. ’ਚ ਠੇਕਾ ਮੁਲਾਜ਼ਮਾਂ ਦੀ ਪਿਛਲੇ 4 ਦਿਨਾਂ ਤੋਂ ਹੜਤਾਲ ਜਾਰੀ ਹੈ। ਸੋਮਵਾਰ ਨੂੰ ਓ. ਪੀ. ਡੀ. ’ਚ ਸਿਰਫ਼ ਪੁਰਾਣੇ ਮਰੀਜ਼ਾਂ ਦੇ ਹੀ ਫਾਲੋਅਪ ਕਾਰਡ ਬਣਾਏ ਜਾਣਗੇ। ਪੁਰਾਣੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਵੀ ਸਵੇਰੇ 8 ਵਜੇ ਤੋਂ 10 ਵਜੇ ਤੱਕ ਸਿਰਫ਼ 2 ਘੰਟੇ ਲਈ ਕੀਤੀ ਜਾਵੇਗੀ। ਵਾਰਡ ਅਟੈਂਡੈਂਟ ਅਤੇ ਸਫਾਈ ਮੁਲਾਜ਼ਮ ਹੜਤਾਲ ’ਤੇ ਹਨ, ਜਿਸ ਕਾਰਨ ਹਸਪਤਾਲ ਦਾ ਸਾਰਾ ਸਿਸਟਮ ਹਿੱਲ ਗਿਆ ਹੈ। ਅਜਿਹੇ ’ਚ ਹਸਪਤਾਲ ਸੋਮਵਾਰ ਤੋਂ ਐੱਨ. ਐੱਸ. ਐੱਸ. ਵਲੰਟੀਅਰਾਂ ਅਤੇ ਐੱਨ. ਜੀ. ਓ. ਦੀ ਮਦਦ ਲੈਣ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮਾਛੀਵਾੜਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਦਾਦੇ ਨੇ ਰੋ-ਰੋ ਸੁਣਾਈ ਦਰਦ ਭਰੀ ਕਹਾਣੀ

ਪੀ. ਜੀ. ਆਈ. ’ਚ ਮੌਜੂਦਾ ਸਮੇਂ ’ਚ ਸਾਰਥੀ ਪ੍ਰਾਜੈਕਟ ਤਹਿਤ ਐੱਨ. ਐੱਸ. ਐੱਸ. ਵਾਲੰਟੀਅਰਸ ਹਨ, ਉਨ੍ਹਾਂ ਨੂੰ ਮਰੀਜ਼ਾਂ ਲਈ ਨਿਯੁਕਤ ਕੀਤਾ ਜਾਵੇਗਾ, ਨਾਲ ਹੀ ਵਿਸ਼ਵ ਮਾਨਵ ਰੂਹਾਨੀ ਕੇਂਦਰ, ਨਵਾਂ ਨਗਰ, ਸੁੱਖ ਫਾਊਂਡੇਸ਼ਨ ਅਤੇ ਰੋਟਰੈਕਟ ਵਰਗੀਆਂ ਐੱਨ. ਜੀ. ਓ. ਦੀ ਮਦਦ ਲਈ ਜਾਵੇਗੀ। ਵੀਰਵਾਰ ਨੂੰ ਹੜਤਾਲ ਸ਼ੁਰੂ ਹੋਈ ਸੀ। ਸ਼ੁੱਕਰਵਾਰ ਨੂੰ ਮਰੀਜ਼ਾਂ ਦੀ ਗਿਣਤੀ ਘੱਟ ਰਹੀ। ਜਦੋਂ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਸੀ। ਆਮ ਤੌਰ ’ਤੇ ਸੋਮਵਾਰ ਨੂੰ ਓ. ਪੀ. ਡੀ. ਦਾ ਪਹਿਲਾ ਦਿਨ ਹੁੰਦਾ ਹੈ, ਜਿਸ ਵਿਚ ਸਭ ਤੋਂ ਜ਼ਿਆਦਾ ਮਰੀਜ਼ ਰਜਿਸਟਰ ਕੀਤੇ ਜਾਂਦੇ ਹਨ। ਔਸਤਨ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਉਪਰ ਹੁੰਦੀ ਹੈ। ਪਿਛਲੇ ਚਾਰ ਦਿਨਾਂ ਤੋਂ ਹਸਪਤਾਲ ਵਿਚ ਸਫ਼ਾਈ ਵਿਵਸਥਾ ਖ਼ਰਾਬ ਹੋ ਰਹੀ ਹੈ। ਖ਼ਾਸ ਕਰਕੇ ਐਮਰਜੈਂਸੀ ਵਿਚ, ਜਿੱਥੇ ਸਫ਼ਾਈ ਨਹੀਂ ਹੋ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਹਾਈਵੇਅ ਹੋ ਗਏ ਜਾਮ, ਘਰੋਂ ਨਿਕਲ ਰਹੇ ਹੋ ਤਾਂ ਜ਼ਰਾ ਪੜ੍ਹ ਲਓ ਇਹ ਖ਼ਬਰ (ਤਸਵੀਰਾਂ)
ਸਾਰੀਆਂ ਸੇਵਾਵਾਂ ਨੂੰ ਪਹਿਲਾਂ ਵਾਂਗ ਚਲਾਉਣਾ ਆਸਾਨ ਨਹੀਂ
ਐਤਵਾਰ ਨੂੰ ਹੜਤਾਲ ਬਾਰੇ ਪੀ. ਜੀ. ਆਈ. ਦੇ ਡਾਇਰੈਕਟਰ ਨੇ ਕਿਹਾ ਕਿ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਨੂੰ ਜਾਰੀ ਰੱਖਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾ ਵਿਚ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਕੰਮ ਦੀ ਬਹੁਤ ਅਹਿਮੀਅਤ ਹੈ, ਜਿਸ ਨੂੰ ਅਸੀਂ ਸਮਝਦੇ ਹਾਂ। ਸਾਡੀ ਪਹਿਲੀ ਤਰਜ਼ੀਹ ਮਰੀਜ਼ਾਂ ਦਾ ਇਲਾਜ ਅਤੇ ਉਨ੍ਹਾਂ ਦੀ ਸੁਰੱਖਿਆ ਹੈ। ਇਹ ਔਖਾ ਸਮਾਂ ਹੈ, ਅਜਿਹੇ ’ਚ ਸਾਰੀਆਂ ਸੇਵਾਵਾਂ ਨੂੰ ਪਹਿਲਾਂ ਵਾਂਗ ਚਲਾਉਣਾ ਆਸਾਨ ਨਹੀਂ ਹੈ। ਅਸੀਂ ਮੁਲਾਜ਼ਮਾਂ ਨਾਲ ਗੱਲਬਾਤ ਲਈ ਤਿਆਰ ਹਾਂ ਅਤੇ ਮਾਮਲੇ ਨੂੰ ਸਹੀ ਢੰਗ ਨਾਲ ਹੱਲ ਕਰਨ ਲਈ ਸਾਰੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਰਹੇ ਹਾਂ। ਕਈ ਲੋਕਾਂ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ ਮੌਜੂਦਾ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰੋ. ਵਿਵੇਕ ਲਾਲ ਦਾ ਕਹਿਣਾ ਹੈ ਕਿ ਅਸੀਂ ਇਸ ਸਥਿਤੀ ਨਾਲ ਨਜਿੱਠਣ ਲਈ ਆਪਣੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਹਿਯੋਗ ਦੀ ਸ਼ਲਾਘਾ ਕਰਦੇ ਹਾਂ। ਮਰੀਜ਼ਾਂ ਦੀ ਭਲਾਈ ਪ੍ਰਤੀ ਸਾਡੀ ਵਚਨਬੱਧਤਾ ਅਟੁੱਟ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Babita

Content Editor

Related News