ਅੱਜ ਵੀ ਦਿੱਲੀ ਕੂਚ ਨਹੀਂ ਕਰਨਗੇ ਕਿਸਾਨ
Tuesday, Dec 10, 2024 - 05:10 AM (IST)
ਚੰਡੀਗੜ੍ਹ (ਅੰਕੁਰ) : ਹਰਿਆਣਾ ਦੇ ਅਧਿਕਾਰੀਆਂ ਤੇ ਕਿਸਾਨਾਂ ਦਰਮਿਆਨ ਇਕ ਦਿਨ ਪਹਿਲਾਂ ਹੋਈ ਮੀਟਿੰਗ ਤੋਂ ਬਾਅਦ ਜਿੱਥੇ ਕਿਸਾਨਾਂ ਨੇ ਸੋਮਵਾਰ ਨੂੰ ਕੋਈ ਜਥਾ ਦਿੱਲੀ ਵੱਲ ਨਹੀਂ ਭੇਜਿਆ, ਉੱਥੇ ਹੀ ਮੰਗਲਵਾਰ ਨੂੰ ਵੀ ਕਿਸਾਨ ਦਿੱਲੀ ਕੂਚ ਨਹੀਂ ਕਰਨਗੇ। ਇਹ ਜਾਣਕਾਰੀ ਸ਼ੰਭੂ ਬਾਰਡਰ ’ਤੇ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਿੱਤੀ।
ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਅਧਿਕਾਰੀਆਂ ਨੇ ਇਕ ਦਿਨ ਦੀ ਮੋਹਲਤ ਮੰਗੀ ਸੀ, ਜਿਸ ਕਾਰਨ ਸੋਮਵਾਰ ਨੂੰ ਜਥਾ ਨਹੀਂ ਰਵਾਨਾ ਕੀਤਾ ਗਿਆ। ਇਸ ਤੋਂ ਬਾਅਦ ਦੁਬਾਰਾ ਸਾਰੇ ਕਿਸਾਨ ਆਗੂਆਂ ਨਾਲ ਮੀਟਿੰਗ ਕਰ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਲਈ 10 ਦਸੰਬਰ ਨੂੰ ਵੀ ਕਿਸਾਨ ਆਪਣਾ ਜਥਾ ਦਿੱਲੀ ਨਹੀਂ ਭੇਜਣਗੇ।
ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਦੌਰਾਨ 'ਮੌਤ ਦੇ ਮੂੰਹ' ਚੋਂ ਨਿਕਲ ਆਇਆ ਨੌਜਵਾਨ, ਬਿਆਨ-ਏ-ਹਾਲ ਸੁਣ ਕੰਬ ਜਾਵੇਗੀ ਰੂਹ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪ ਹੀ ਉਲਝੀ ਫਿਰਦੀ ਹੈ ਕਿਉਂਕਿ ਇਸ ਦਾ ਕੋਈ ਮੰਤਰੀ ਆਖਦਾ ਹੈ ਕਿ ਕਿਸਾਨ ਜਾ ਸਕਦੇ ਹਨ ਤੇ ਦੂਜਾ ਮੰਤਰੀ ਆਖਦਾ ਹੈ ਕਿ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ। ਇਸ ਕਰ ਕੇ ਪਹਿਲਾਂ ਮੰਤਰੀਆਂ ਨੂੰ ਆਪਸ ’ਚ ਸਹਿਮਤੀ ਬਣਾ ਲੈਣੀ ਚਾਹੀਦੀ ਹੈ ਕਿ ਆਖ਼ਰ ਕਹਿਣਾ ਕੀ ਹੈ।
ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨੇ 6 ਦਸੰਬਰ ਤੋਂ 101 ਕਿਸਾਨਾਂ ਦੇ ਜਥੇ ਪੜਾਅਵਾਰ ਦਿੱਲੀ ਭੇਜਣ ਦਾ ਐਲਾਨ ਕੀਤਾ ਸੀ ਪਰ 6 ਦਸੰਬਰ ਨੂੰ ਹਰਿਆਣਾ ਪੁਲਸ ਨੇ ਕਿਸਾਨਾਂ ਦੇ ਜਥੇ ਨੂੰ ਸ਼ੰਭੂ ਬਾਰਡਰ ਨਾ ਟੱਪਣ ਦਿੱਤਾ ਤੇ ਸਖ਼ਤੀ ਨਾਲ ਰੋਕ ਦਿੱਤਾ। ਇਸ ਮੌਕੇ ਜਥੇ ’ਤੇ ਅੱਥਰੂ ਗੈਸ ਦੇ ਗੋਲੇ ਦਾਗ਼ੇ ਗਏ, ਜਿਸ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ 8 ਦਸੰਬਰ ਨੂੰ ਫਿਰ 101 ਕਿਸਾਨਾਂ ਦੇ ਜਥੇ ਨੇ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਪਰ ਇਸ ਕੋਸ਼ਿਸ਼ ਨੂੰ ਵੀ ਹਰਿਆਣਾ ਪੁਲਸ ਨੇ ਸਖ਼ਤੀ ਨਾਲ ਨਾਕਾਮ ਕਰ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰਿਆਣਾ ਦੌਰੇ ਦੇ ਮੱਦੇਨਜ਼ਰ ਕੋਈ ਜਥਾ ਨਾ ਭੇਜਣ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਸ਼ਰਾਬ ਪੀਂਦਿਆਂ ਹੋਈ ਬਹਿਸ ਮਗਰੋਂ ਮਾਰ'ਤਾ ਬੰਦਾ, ਫ਼ਿਰ ਲਾਸ਼ ਨਾਲ ਵੀ ਕੀਤੀ ਅਜਿਹੀ ਕਰਤੂਤ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e