ਦਿਲਜੀਤ ਦੇ ਹੱਕ ''ਚ ਇਹ ਭਾਜਪਾ ਨੇਤਾ, ਕਿਹਾ- ਦੋਸਾਂਝਾਵਾਲੇ ਦਾ ਅਹਿਸਾਨ ਭੁੱਲਿਆ ਨਹੀਂ ਜਾ ਸਕਦਾ

Tuesday, Dec 17, 2024 - 03:34 PM (IST)

ਦਿਲਜੀਤ ਦੇ ਹੱਕ ''ਚ ਇਹ ਭਾਜਪਾ ਨੇਤਾ, ਕਿਹਾ- ਦੋਸਾਂਝਾਵਾਲੇ ਦਾ ਅਹਿਸਾਨ ਭੁੱਲਿਆ ਨਹੀਂ ਜਾ ਸਕਦਾ

ਜਲੰਧਰ (ਪਾਹਵਾ) – ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ੀਕਲ ਟੂਰ ‘ਦਿਲ ਲੁਮੀਨਾਟੀ’ ਨੂੰ ਲੈ ਕੇ ਸੁਰਖੀਆਂ ਵਿਚ ਹਨ। ਹੁਣੇ ਜਿਹੇ ਚੰਡੀਗੜ੍ਹ ’ਚ ਦਿਲਜੀਤ ਦੇ ਸ਼ੋਅ ਵਿਚ ਵੱਡੀ ਗਿਣਤੀ ’ਚ ਦਰਸ਼ਕ ਪਹੁੰਚੇ ਪਰ ਇਸ ਸ਼ੋਅ ਤੋਂ ਬਾਅਦ ਲਗਾਤਾਰ ਟਿਕਟਾਂ ਦੀ ਬਲੈਕ ਨੂੰ ਲੈ ਕੇ ਪਤਾ ਨਹੀਂ ਕਿਹੜੇ-ਕਿਹੜੇ ਦੋਸ਼ ਦਿਲਜੀਤ ਦੀ ਟੀਮ ’ਤੇ ਲੱਗ ਰਹੇ ਹਨ। ਇਸ ਵਿਚਾਲੇ ਦਿਲਜੀਤ ਦੀ ਸੋਸ਼ਲ ਮੀਡੀਆ ਪੋਸਟ ਵਿਚ 'ਪੰਜਾਬ' ਦੇ ਸਪੈਲਿੰਗ ਨੂੰ ਲੈ ਕੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਉਸ ਦੀ ਪੋਸਟ ਵਿਚ ਪੰਜਾਬ ਦੇ ਸਪੈਲਿੰਗ ‘ਪੀ. ਏ. ਐੱਨ. ਜੇ. ਏ. ਬੀ.’ ਲਿਖੇ ਗਏ ਸਨ, ਜਿਸ ਨੂੰ ਲੈ ਕੇ ਕੁਝ ਲੋਕਾਂ ਨੇ ਇਤਰਾਜ਼ ਜਤਾਇਆ ਹੈ ਅਤੇ ਕਿਹਾ ਹੈ ਕਿ ਇਹ ਸਪੈਲਿੰਗ ‘ਪੀ. ਯੂ. ਐੱਨ. ਜੇ. ਏ. ਬੀ.’ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ -  'ਭਾਰਤ 'ਚ ਕੰਸਰਟ ਨਹੀਂ ਕਰਾਂਗਾ' ਆਖ ਕੇ ਕਸੂਤੇ ਫਸੇ ਦਿਲਜੀਤ ਦੋਸਾਂਝ, ਜਾਣੋ ਕੀ ਪਿਆ ਪੰਗਾ

ਸਫਾਈ ਦਿੰਦਿਆਂ ਦਿਲਜੀਤ ਨੇ ਸਾਂਝੀ ਕੀਤੀ ਪੋਸਟ
ਦਿਲਜੀਤ ਨੇ ਇਸ ਮਾਮਲੇ ’ਚ ਸਫਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਕਿੰਨੀ ਵਾਰ ਇਹ ਸਾਬਤ ਕਰਨਾ ਪਵੇਗਾ ਕਿ ਉਹ ਭਾਰਤ ਨਾਲ ਪਿਆਰ ਕਰਦੇ ਹਨ। ਦਿਲਜੀਤ ਨੇ ਆਪਣੀ ਪੋਸਟ ਵਿਚ ਪੰਜਾਬ ਲਿਖ ਕੇ ਉਸ ਦੇ ਨਾਲ ਤਿਰੰਗੇ ਦੀ ਇਮੋਜੀ ਲਾਈ ਹੈ। ਉਨ੍ਹਾਂ ਲਿਖਿਆ– 'ਜੇ ਕਿਸੇ ਇਕ ਪੋਸਟ ਵਿਚ ਸਪੈਲਿੰਗ ਬਦਲ ਗਏ ਤਾਂ ਉਸ ਨੂੰ ਸਾਜ਼ਿਸ਼ ਨਹੀਂ ਕਿਹਾ ਜਾ ਸਕਦਾ। ਸਪੈਲਿੰਗ ਕੋਈ ਵੀ ਹੋਣ, ਪੰਜਾਬ ਪੰਜਾਬ ਹੀ ਰਹੇਗਾ।' ਵਿਰੋਧ ਕਰਨ ਵਾਲਿਆਂ ’ਤੇ ਵਿਅੰਗ ਕਰਦੇ ਹੋਏ ਦਿਲਜੀਤ ਨੇ ਲਿਖਿਆ– ''ਪੰਜ-ਆਬ ਪੰਜ ਨਦੀਆਂ, ਗੋਰਿਆਂ ਦੀ ਭਾਸ਼ਾ ਅੰਗਰੇਜ਼ੀ ਦੇ ਸਪੈਲਿੰਗ ਨਾਲ ਕਾਂਸਪੀਰੇਸੀ ਕਰਨ ਵਾਲਿਓ ਸ਼ਾਬਾਸ਼, ਮੈਂ ਤਾਂ ਭਵਿੱਖ ਵਿਚ ਪੰਜਾਬੀ ਵਿਚ ਲਿਖਾਂਗਾ ਪੰਜਾਬ। ਤੁਸੀਂ ਨਹੀਂ ਹਟੋਗੇ, ਮੈਨੂੰ ਪਤਾ ਹੈ। ਕਿੰਨੀ ਵਾਰ ਸਾਬਤ ਕਰੀਏ ਕਿ ਸਾਨੂੰ ਭਾਰਤ ਨਾਲ ਪਿਆਰ ਹੈ। ਕੋਈ ਨਵੀਂ ਗੱਲ ਕਰੋ ਯਾਰ...ਜਾਂ ਤੁਹਾਨੂੰ ਟਾਸਕ ਹੀ ਇਹੀ ਮਿਲਿਆ ਹੈ?'' ਉਨ੍ਹਾਂ ਆਪਣੀ ਇਸ ਪੋਸਟ ਵਿਚ ਪੰਜਾਬ ਯੂਨੀਵਰਸਿਟੀ ਦਾ ਪੇਜ ਵੀ ਸ਼ੇਅਰ ਕੀਤਾ ਹੈ, ਜਿੱਥੇ ਪੰਜਾਬ ਦੇ ਸਪੈਲਿੰਗ ਪੀ. ਏ. ਐੱਨ. ਜੇ. ਏ. ਬੀ. ਲਿਖੇ ਗਏ ਹਨ। ਇਹ ਵਿਵਾਦ ਇਸ ਲਈ ਸ਼ੁਰੂ ਹੋਇਆ ਹੈ ਕਿਉਂਕਿ ਪਾਕਿਸਤਾਨ ਦੇ ਹਿੱਸੇ ਵਾਲੇ ਪੰਜਾਬ ਦੇ ਸਪੈਲਿੰਗ ਪੀ. ਏ. ਐੱਨ. ਜੇ. ਏ. ਬੀ. ਦੇ ਨਾਲ ਲਿਖੇ ਜਾਂਦੇ ਹਨ, ਜਦੋਂਕਿ ਭਾਰਤ ਦੇ ਹਿੱਸੇ ਵਾਲੇ ਪੰਜਾਬ ਦੇ ਸਪੈਲਿੰਗ ਪੀ. ਯੂ. ਐੱਨ. ਜੇ. ਏ. ਬੀ. ਲਿਖੇ ਜਾਂਦੇ ਹਨ।

ਇਹ ਵੀ ਪੜ੍ਹੋ -  ਸਟੇਜ 'ਤੇ ਭੜਕੇ ਦਿਲਜੀਤ ਦੋਸਾਂਝ, ਕਿਹਾ- ਮੈਂ ਹੁਣ ਇੰਡੀਆ ਸ਼ੋਅ ਨਹੀਂ ਕਰਨਾ

ਭਾਜਪਾ ਦੇ ਆਗੂ ਹਰਜੋਤ ਕਮਲ ਨੇ ਲਿਆ ਲੰਮੇਂ ਹੱਥੀਂ
ਉੱਧਰ ਭਾਜਪਾ ਦੇ ਆਗੂ ਹਰਜੋਤ ਕਮਲ ਦੀ ਇਕ ਖ਼ਬਰ ਵਾਇਰਲ ਹੋ ਰਹੀ ਹੈ, ਜਿਸ ਵਿਚ ਉਨ੍ਹਾਂ ਦਿਲਜੀਤ ਦੋਸਾਂਝ ਦੇ ਕੰਸਰਟ ’ਤੇ ਸਵਾਲ ਉਠਾਉਣ ਵਾਲਿਆਂ ਨੂੰ ਲੰਮੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਦਿਲਜੀਤ ਦੇ ਗਾਣੇ ਸੁਣ ਕੇ ਨਾ ਤਾਂ ਜਿਹੜਾ ਸ਼ਰਾਬ ਨਹੀਂ ਪੀਂਦਾ, ਉਹ ਪੀਣੀ ਸ਼ੁਰੂ ਕਰ ਦੇਵੇਗਾ ਅਤੇ ਨਾ ਹੀ ਜਿਹੜਾ ਪੀਂਦਾ ਹੈ, ਉਹ ਪੀਣੀ ਬੰਦ ਕਰ ਦੇਵੇਗਾ। ਦਿਲਜੀਤ ਨੇ ਪੰਜਾਬ ਦਾ ਤੇ ਪੰਜਾਬੀਆਂ ਦਾ ਨਾਂ ਤੇ ਦਸਤਾਰ ਭਾਰਤ ਵਿਚ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿਚ ਬੁਲੰਦ ਕੀਤੀ ਹੈ ਅਤੇ ਇਸ ਨੂੰ ਭੁੱਲਿਆ ਨਹੀਂ ਜਾ ਸਕਦਾ।
ਹਰਜੋਤ ਕਮਲ ਨੇ ਤਾਂ ਇਹ ਵੀ ਕਿਹਾ ਕਿ ਦਿਲਜੀਤ ਨੇ ਇਕ ਸਿੱਖ ਨੂੰ ਹੀਰੋ ਦੇ ਤੌਰ ’ਤੇ ਪੇਸ਼ ਕੀਤਾ ਅਤੇ ਅਸੀਂ ਸਾਰੇ ਉਸ ਦੇ ਕਰਜ਼ਦਾਰ ਹਾਂ। ਕੰਸਰਟ ਵਿਚ ਆਵਾਜ਼ ਉੱਚੀ ਕਰਨ ਦੇ ਮਾਮਲੇ ’ਚ ਵੀ ਹਰਜੋਤ ਕਮਲ ਨੇ ਕਿਹਾ ਕਿ ਅਜਿਹਾ ਕੋਈ ਨਹੀਂ ਹੋਵੇਗਾ, ਜਿਸ ਨੇ ਇਹ ਕਿਹਾ ਹੋਵੇਗਾ ਕਿ ਸ਼ੋਅ ਸੁਣਨ ਤੋਂ ਬਾਅਦ ਉਸ ਦੇ ਕੰਨ ਖਰਾਬ ਹੋ ਗਏ ਹਨ।

ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ

ਚੰਡੀਗੜ੍ਹ ਕੰਸਰਟ 'ਤੇ ਦਿਲਜੀਤ ਦਾ ਬਿਆਨ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿਲਜੀਤ ਦਾ ਬਿਆਨ ਆਇਆ ਸੀ ਕਿ ਜਦੋਂ ਤਕ ਸਰਕਾਰ ਭਾਰਤ ਵਿਚ ਕੰਸਰਟ ਲਈ ਇਨਫ੍ਰਾਸਟ੍ਰੱਕਚਰ ਨਹੀਂ ਸੁਧਾਰਦੀ, ਉਹ ਭਾਰਤ ਵਿਚ ਕੋਈ ਕੰਸਰਟ ਨਹੀਂ ਕਰਨਗੇ। ਇਹ ਗੱਲ ਉਨ੍ਹਾਂ ਚੰਡੀਗੜ੍ਹ ਵਿਚ ਆਪਣੇ ਸ਼ੋਅ ਦੌਰਾਨ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਸਬੰਧਤ ਅਧਿਕਾਰੀਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਭਾਰਤ ਵਿਚ ਲਾਈਵ ਸ਼ੋਅ ਲਈ ਇਨਫ੍ਰਾਸਟ੍ਰੱਕਚਰ ਨਹੀਂ ਹੈ। ਇਹ ਇਕ ਵੱਡਾ ਮਾਲੀਆ ਪੈਦਾ ਕਰਨ ਵਾਲਾ ਖੇਤਰ ਹੈ ਅਤੇ ਇਸ ਤੋਂ ਕਈ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਸ ਮਾਮਲੇ ’ਚ ਧਿਆਨ ਦੇਣ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ - ਲਾਈਵ ਕੰਸਰਟ 'ਚ ਦਿਲਜੀਤ ਦੋਸਾਂਝ ਦੇ ਬੋਲ, ਕਿਹਾ- 'ਜੇ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿਵੇਂ ਝੁਕ ਜਾਵੇਗਾ'

ਬਿਆਨ ਤੋਂ ਦਿਲਜੀਤ ਨੇ ਮਾਰੀ ਪਲਟੀ
ਦਿਲਜੀਤ ਦੋਸਾਂਝ ਨੇ ਕਿਹਾ ਕਿ ਮੇਰੀ ਟਿੱਪਣੀ ਪੂਰੀ ਤਰ੍ਹਾਂ ਨਾਲ ਚੰਡੀਗੜ ਵਿਚ ਪ੍ਰੋਗਰਾਮ ਸਥਾਨ ਦੇ ਮੁੱਦਿਆਂ ਬਾਰੇ ਸੀ। ਦਿਲਜੀਤ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਆਪਣੀ ਨਵੀਂ ਪੋਸਟ ਵਿਚ ਲਿਖਿਆ, ''ਨਹੀਂ। ਮੈਂ ਕਿਹਾ ਸੀ ਕਿ ਚੰਡੀਗੜ੍ਹ (ਸੀ. ਐੱਚ. ਡੀ.) ਵਿਚ ਪ੍ਰੋਗਰਾਮ ਸਥਾਨ ਨੂੰ ਲੈ ਕੇ ਇੱਕ ਸਮੱਸਿਆ ਹੈ। ਇਸ ਲਈ ਜਦੋਂ ਤੱਕ ਮੈਨੂੰ ਸਹੀ ਸਥਾਨ ਨਹੀਂ ਮਿਲਦਾ, ਮੈਂ ਚੰਡੀਗੜ੍ਹ ਵਿਚ ਅਗਲੇ ਸ਼ੋਅ ਦੀ ਯੋਜਨਾ ਨਹੀਂ ਬਣਾਂਗਾ। ਬਸ ਇੰਨਾਂ ਹੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News