PGI ਨੇ ਰਚਿਆ ਇਤਿਹਾਸ, ਪਹਿਲੀ ਵਾਰ ਬਿਨਾਂ ਬੇਹੋਸ਼ ਕੀਤੇ 8 ਸਾਲ ਦੀ ਬੱਚੀ ਦਾ ਕੱਢਿਆ ਬ੍ਰੇਨ ਟਿਊਮਰ
Monday, Dec 16, 2024 - 11:54 AM (IST)
ਚੰਡੀਗੜ੍ਹ (ਅਧੀਰ ਰੋਹਾਲ) : ਪੀ.ਜੀ.ਆਈ. ਦੇ ਡਾਕਟਰਾਂ ਨੇ ਪਹਿਲੀ ਵਾਰ ਮਹਿਜ਼ 8 ਸਾਲ ਦੀ ਬੱਚੀ ਨੂੰ ਬੇਹੋਸ਼ ਕੀਤੇ ਬਿਨਾਂ ਸਿਰ ਦਾ ਕੁਝ ਹਿੱਸਾ ਖੋਲ੍ਹ ਕੇ (ਕ੍ਰੈਨੀਓਟੋਮੀ ਰਾਹੀਂ) ਬ੍ਰੇਨ ਟਿਊਮਰ ਕੱਢਣ ਦੀ ਸਫ਼ਲ ਸਰਜਰੀ ਕੀਤੀ ਹੈ। ਆਮ ਤੌਰ ’ਤੇ ਵੱਡੀ ਉਮਰ ਦੇ ਮਰੀਜ਼ਾਂ ’ਤੇ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਸਰਜਰੀਆਂ ਤੋਂ ਬਾਅਦ ਹੁਣ ਪੀ.ਜੀ.ਆਈ. ਨੇ 8 ਸਾਲ ਦੀ ਬੱਚੀ ਦੀ ਇਸ ਔਖੀ ਸਰਜਰੀ ਨੂੰ ਪੂਰਾ ਕੀਤਾ ਹੈ। ਇਸ ਸਰਜਰੀ ਦੌਰਾਨ ਬੱਚੀ ਨਾਲ ਗੱਲਾਂ ਕਰਦਿਆਂ ਦਿਮਾਗ਼ ਦੇ ਬੇਹੱਦ ਹੇਠਲੇ ਹਿੱਸੇ ਤੋਂ ਟਿਊਮਰ ਕੱਢਿਆ ਗਿਆ। ਬੱਚੀ ਦੀ ਉਮਰ ਛੋਟੀ ਹੋਣ ਕਾਰਨ ਜਾਗਦੇ ਹੋਏ ਇਹ ਆਪ੍ਰੇਸ਼ਨ ਕਰਨਾ ਇੰਨਾ ਔਖਾ ਸੀ ਕਿ ਜੇ ਕੋਈ ਮਾਮੂਲੀ ਜਿਹੀ ਵੀ ਗ਼ਲਤੀ ਹੋ ਜਾਂਦੀ ਤਾਂ ਬੱਚੀ ਸਾਰੀ ਉਮਰ ਬੋਲਣ ਜਾਂ ਤੁਰਨ-ਫਿਰਨ ਦੇ ਯੋਗ ਨਾ ਰਹਿੰਦੀ। ਇਨ੍ਹਾਂ ਔਖੇ ਹਾਲਾਤ ਦੇ ਬਾਵਜੂਦ ਬੱਚੀ ਨੂੰ ਬੇਹੋਸ਼ ਕੀਤੇ ਬਿਨਾਂ ਇਹ ਸਰਜਰੀ ਕਰਨੀ ਜ਼ਰੂਰੀ ਸੀ। ਢਾਈ ਘੰਟੇ ਦੀ ਇਸ ਗੁੰਝਲਦਾਰ ਸਰਜਰੀ ਤੋਂ ਬਾਅਦ ਹੁਣ ਇਹ 8 ਸਾਲਾ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ ਤੇ ਆਉਣ ਵਾਲੇ ਦਿਨਾਂ ’ਚ ਬੱਚੀ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਬ੍ਰੇਨ ਟਿਊਮਰ ਕਾਰਨ ਆਉਂਦੇ ਸੀ ਸੀਜਰ ਦੇ ਅਟੈਕ
8 ਸਾਲ ਦੀ ਇਸ ਬੱਚੀ ਨੂੰ ਕਾਫ਼ੀ ਸਮੇਂ ਤੋਂ ਇਕ ਲੱਤ ’ਚ ਸੀਜ਼ਰ ਯਾਨੀ ਅਚਾਨਕ ਝਟਕੇ ਦੇ ਦੌਰੇ ਪੈਂਦੇ ਸਨ। ਇਸ ਕਾਰਨ ਇਕ ਲੱਤ ’ਤੇ ਚੱਲਣਾ ਵੀ ਮੁਸ਼ਕਲ ਹੋ ਰਿਹਾ ਸੀ। ਮਾਪਿਆਂ ਨੇ ਜਦੋਂ ਪੀ.ਜੀ.ਆਈ. ’ਚ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਬੱਚੀ ਦੇ ਦਿਮਾਗ਼ ’ਚ ਟਿਊਮਰ ਹੈ। ਛੋਟੀ ਉਮਰ ਹੋਣ ਕਾਰਨ ਬੱਚੀ ਦਾ ਦਿਮਾਗ਼ ਛੋਟਾ ਸੀ ਤੇ ਟਿਊਮਰ ਬੇਹੱਦ ਹੇਠਾਂ ਸੀ। ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਪੈਡਿਐਟ੍ਰਿਕ ਨਿਊਰੋਸਰਜਰੀ ਦੇ ਡਾਕਟਰਾਂ ਨੇ ਦੇਖਿਆ ਕਿ ਇਸ ਟਿਊਮਰ ਨੂੰ ਸਰਜਰੀ ਰਾਹੀਂ ਹੀ ਕੱਢਣਾ ਸੰਭਵ ਹੈ ਕਿਉਂਕਿ ਜੇ ਇਸ ਟਿਊਮਰ ਨੂੰ ਨਾ ਕੱਢਿਆ ਜਾਂਦਾ ਤਾਂ ਆਉਣ ਵਾਲੇ ਦਿਨਾਂ ’ਚ ਬੱਚੀ ਦੇ ਦਿਮਾਗ਼ ’ਚ ਟਿਊਮਰ ਵਧਣ ਕਾਰਨ ਤੁਰਨ-ਫਿਰਨ ਦੀ ਤਾਕਤ ਖ਼ਤਮ ਹੋ ਜਾਂਦੀ। ਇਸ ਲਈ ਡਾਕਟਰਾਂ ਨੇ ਬੱਚੀ ਦੀ ਸਰਜਰੀ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ- ਭੈਣ ਨੂੰ ਲੈਣ ਜਾ ਰਹੇ ਭਰਾ ਨੂੰ ਕਾਲ਼ ਨੇ ਪਾਇਆ ਘੇਰਾ, 24 ਸਾਲਾ ਨੌਜਵਾਨ ਦੀ ਰੂਹ ਕੰਬਾਊ ਮੌਤ
ਇਸ ਲਈ ਕੀਤੀ ਗਈ ਬੇਹੋਸ਼ ਕੀਤੇ ਬਿਨਾਂ ਸਰਜਰੀ
ਬੱਚੀ ਦੀ ਸਰਜਰੀ ਦੀ ਯੋਜਨਾ ਬਣਾਉਣ ਸਮੇਂ ਚੁਣੌਤੀ ਇਹ ਸੀ ਕਿ ਜੇ ਬੱਚੀ ਨੂੰ ਬੇਹੋਸ਼ ਕਰ ਕੇ ਉਸ ਦੀ ਸਰਜਰੀ ਕੀਤੀ ਗਈ ਤਾਂ ਸਰਜਰੀ ਦੌਰਾਨ ਕਈ ਵਾਰ ਦਿਮਾਗ਼ ਦੇ ਬਾਕੀ ਟਿਸ਼ੂਆਂ ’ਚ ਸੱਟ ਦੇ ਰਿਸਕ ਦਾ ਪਤਾ ਨਹੀਂ ਲੱਗੇਗਾ। ਡਾ. ਰਾਜੀਵ ਚੌਹਾਨ ਦੱਸਦੇ ਹਨ ਕਿ ਬੱਚੀ ਨੂੰ ਬੇਹੋਸ਼ ਕਰ ਕੇ ਸਰਜਰੀ ਕਰਦੇ ਸਮੇਂ ਦਿਮਾਗ਼ ਦੇ ਬੇਹੱਦ ਹੇਠਲੇ ਹਿੱਸੇ ਤੋਂ ਟਿਊਮਰ ਕੱਢਣ ਸਮੇਂ ਦਿਮਾਗ਼ ਦੇ ਕਿਸੇ ਛੋਟੇ ਤੋਂ ਛੋਟੇ ਟਿਸ਼ੂ ’ਚ ਵੀ ਸੱਟ ਦਾ ਪਤਾ ਨਹੀਂ ਲੱਗਦਾ ਤੇ ਬੱਚੀ ਜ਼ਿੰਦਗੀ ਭਰ ਬੋਲ ਜਾਂ ਤੁਰ-ਫਿਰ ਨਾ ਸਕਦੀ। ਇਸ ਲਈ ਬੱਚੀ ਨੂੰ ਬੇਹੋਸ਼ ਕੀਤੇ ਬਿਨਾਂ ਸਰਜਰੀ ਕਰਨ ਦਾ ਫ਼ੈਸਲਾ ਲਿਆ ਗਿਆ। ਸਰਜਰੀ ਦੌਰਾਨ ਬੱਚੀ ਗੱਲਾਂ ਕਰ ਰਹੀ ਸੀ ਤੇ ਬੱਚੀ ਦੀ ਬਾਂਹ ਤੇ ਲੱਤ ’ਤੇ ਲੱਗੀਆਂ ਸੂਈਆਂ ਜਿਵੇਂ ਸਰਜੀਕਲ ਇਕਊਪਮੈਂਟ ਨਿਊਰੋ ਮਨੀਟਰ ’ਤੇ ਸਾਫ਼ ਪਤਾ ਲੱਗ ਰਿਹਾ ਸੀ ਕਿ ਸਰਜਰੀ ਦੌਰਾਨ ਕਿਸੇ ਵੀ ਟਿਸ਼ੂ ਨੂੰ ਨਹੀਂ ਛੇੜਿਆ ਜਾ ਰਿਹਾ। ਵੱਡੀ ਉਮਰ ਦੇ ਲੋਕਾਂ ’ਚ ਦਿਮਾਗ਼ ਵਿਕਸਿਤ ਹੋਣ ਕਾਰਨ ਟਿਊਮਰ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ। ਇਸ ਬੱਚੀ ਦਾ ਦਿਮਾਗ਼ ਘੱਟ ਉਮਰ ਕਾਰਨ ਛੋਟਾ ਹੋਣ ਤੇ ਟਿਊਮਰ ਬੇਹੱਦ ਹੇਠਾਂ ਹੋਣ ਕਾਰਨ ਟਿਸ਼ੂ ’ਚ ਸੱਟ ਦਾ ਖ਼ਤਰਾ ਸੀ ਪਰ ਸਰਜਰੀ ਕਰਦੇ ਸਮੇਂ ਬੱਚੀ ਨਾਲ ਗੱਲਾਂ-ਬਾਤਾਂ ਕਰਦੇ ਰਹਿਣ ਤੇ ਨਿਊਰੋ-ਮਨੀਟਰਿੰਗ ’ਚ ਹਾਂ-ਪੱਖੀ ਸੰਕੇਤ ਮਿਲਣ ਤੋਂ ਪਤਾ ਲੱਗਦਾ ਰਿਹਾ ਕਿ ਸਰਜਰੀ ਦੌਰਾਨ ਟਿਸ਼ੂ ਨੂੰ ਬਿਲਕੁਲ ਵੀ ਛੂਹਿਆ ਨਹੀਂ ਗਿਆ। ਇਸ ਤਰ੍ਹਾਂ ਢਾਈ ਘੰਟੇ ਦੀ ਇਸ ਸਰਜਰੀ ਤੋਂ ਬਾਅਦ ਬੱਚੀ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ।
ਇਹ ਵੀ ਪੜ੍ਹੋ- ਪੰਜਾਬ-ਚੰਡੀਗੜ੍ਹ 'ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ
8 ਜਣਿਆਂ ਦੀ ਟੀਮ ਨੇ ਹਾਸਲ ਕੀਤੀ ਕਾਮਯਾਬੀ
ਪੀ.ਜੀ.ਆਈ. ਦੇ ਨਿਊਰੋਸਰਜਰੀ ਵਿਭਾਗ ਦੇ ਸਰਜਨ ਪ੍ਰੋ. ਸੰਤੋਸ਼ ਕੁਮਾਰ ਸਾਹੂ, ਡਾ. ਲਲਿਤ ਤੋਮਰ ਤੇ ਨਿਊਰੋ ਐਨਸਥੀਸੀਆ ਟੀਮ ਨੂੰ ਲੀਡ ਕਰਨ ਵਾਲੇ ਡਾ. ਰਾਜੀਵ ਚੌਹਾਨ, ਡਾ. ਮਿਥਲੇਸ਼ ਤੇ ਡਾ. ਮੰਜਰੀ ਤੋਂ ਇਲਾਵਾ ਨਿਊਰੋ ਮਨੀਟਰਿੰਗ ਟੈਕਨੀਸ਼ੀਅਨ ਹਿਤੇਸ਼ ਠਾਕੁਰ, ਨਰਸਿੰਗ ਅਸਿਸਟੈਂਟ ਕਮਲ ਤੇ ਓ.ਟੀ. ਟੈਕਨੀਸ਼ੀਅਨ ਡਾ. ਗੁਰਪ੍ਰੀਤ ਦੀ ਟੀਮ ਨੇ ਇਸ ਮੁਸ਼ਕਲ ਸਰਜਰੀ ਨੂੰ ਸਫ਼ਲ ਬਣਾਇਆ। ਡਾ. ਰਾਜੀਵ ਚੌਹਾਨ ਦੱਸਦੇ ਹਨ ਕਿ ਢਾਈ ਘੰਟੇ ਦੀ ਇਸ ਸਰਜਰੀ ’ਚ ਹਰ ਟੀਮ ਮੈਂਬਰ ਵਿਚਕਾਰ ਟੀਮ ਵਰਕ ਦੇ ਨਾਲ-ਨਾਲ ਨਿੱਜੀ ਤੌਰ ’ਤੇ ਹਰੇਕ ਵਿਅਕਤੀ ਦੀ ਬਹੁਤ ਗੰਭੀਰ ਭੂਮਿਕਾ ਸੀ। ਸਾਰਿਆਂ ਦੇ ਯਤਨਾਂ ਸਦਕਾ ਇਹ ਸਰਜਰੀ ਸੰਭਵ ਹੋ ਸਕੀ। ਸਰਜਰੀ ਤੋਂ ਪਹਿਲਾਂ ਨਿਊਰੋ ਐਨਸਥੀਸੀਆ ਦੀ ਟੀਮ ਨੇ ਸਰਜਰੀ ਦੌਰਾਨ ਜਾਗਦੀ ਹੋਈ ਬੱਚੀ ਨਾਲ ਅਵੇਕ ਸੈਡੇਸ਼ਨ ਯਾਨੀ ਦਿਮਾਗ਼ ਨੂੰ ਪੂਰੀ ਤਰ੍ਹਾਂ ਸ਼ਾਂਤ ਕਰਨ ਵਾਲੀ ਕਿਰਿਆ ਦੀ ਵਰਤੋਂ ਕੀਤੀ ਤਾਂ ਜੋ ਸਰਜਰੀ ਦੌਰਾਨ ਬੱਚੀ ਪੂਰੀ ਤਰ੍ਹਾਂ ਸੁਚੇਤ ਰਹਿ ਕੇ ਡਾਕਟਰਾਂ ਨੂੰ ਹੁੰਗਾਰਾ ਭਰਦੀ ਰਹੇ। ਦਿਮਾਗ਼ ਦੇ ਉੱਪਰਲੇ ਹਿੱਸੇ ’ਚ ਇਲੈਕਟ੍ਰੀਕਲ ਸਟਿਮੁਲੇਸ਼ਨ ਦਿੱਤੇ ਜਾਣ ਨਾਲ ਦਿਮਾਗ ਦੇ ਹਰ ਹਿੱਸੇ ਦੇ ਸਹੀ ਤੋਂ ਕੰਮ ਕਰਨ ਬਾਰੇ ਜਾਣਕਾਰੀ ਮਿਲਦੀ ਰਹੀ। ਇਸ ਤਕਨੀਕ ਨੂੰ ਅਪਣਾਉਣ ਤੋਂ ਬਾਅਦ ਕਈ ਵਾਰ ਪੇਸ਼ ਆਉਣ ਵਾਲੇ ਪੋਸਟ ਓਪ੍ਰੇਟਿਵ ਯਾਨੀ ਸਰਜਰੀ ਤੋਂ ਬਾਅਦ ਦੇ ਇਲਾਜ ਦੀ ਕੋਈ ਲੋੜ ਨਹੀਂ ਪਈ ਤੇ ਸਰਜਰੀ ਤੋਂ ਬਾਅਦ ਬੱਚੀ ਪੂਰੀ ਤਰ੍ਹਾਂ ਐਕਟਿਵ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਚਾਕੂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8