ਨਵਾਂਗਰਾਓਂ ’ਚ ਨਵੇਂ ਬਣੇ ਘਰਾਂ ਦੇ ਬਿਜਲੀ ਕੁਨੈਕਸ਼ਨ ਬੰਦ, ਲੋਕ ਪਰੇਸ਼ਾਨ

Saturday, Dec 14, 2024 - 12:44 PM (IST)

ਨਿਊ ਚੰਡੀਗੜ੍ਹ (ਬੱਤਾ) : ਨਵਾਂਗਰਾਓਂ ਦੇ ਲੋਕ ਪਿਛਲੇ ਢਾਈ ਸਾਲਾਂ ਤੋਂ ਬਿਜਲੀ ਦੇ ਨਵੇਂ ਮੀਟਰਾਂ ਦੇ ਕੁਨੈਕਸ਼ਨਾਂ ਲਈ ਤਰਸ ਰਹੇ ਹਨ। ਹੁਣ ਕਾਰਜ ਸਾਧਕ ਅਫ਼ਸਰ ਵੱਲੋਂ ਬਿਜਲੀ ਵਿਭਾਗ ਨੂੰ ਪੱਤਰ ਲਿਖ ਕੇ ਹਜ਼ਾਰਾਂ ਨਵੇਂ ਬਣੇ ਘਰਾਂ ਦੇ ਬਿਜਲੀ ਕੁਨੈਕਸ਼ਨ ਬੰਦ ਕਰ ਦਿੱਤੇ ਗਏ ਹਨ। ਕੁਨੈਕਸ਼ਨ ਖੋਲ੍ਹਣ ਲਈ ਲੋਕ ਆਪਣੇ ਆਗੂਆਂ ਵੱਲ ਮੂੰਹ ਕਰ ਰਹੇ ਹਨ। ਸਰਕਾਰ ਵੱਲੋਂ ਪਲਾਟਾਂ ਦੀ ਖ਼ਰੀਦੋ-ਫ਼ਰੋਖ਼ਤ ਲਈ ਐੱਨ. ਓ. ਸੀ. ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ, ਪਰ ਬਿਜਲੀ ਦੇ ਨਵੇਂ ਕੁਨੈਕਸ਼ਨ ਨਹੀਂ ਖੋਲ੍ਹੇ ਗਏ। ਨੋਟੀਫਿਕੇਸ਼ਨ ਤੋਂ ਬਾਅਦ ਵੀ ਲੋਕ ਨਿਰਾਸ਼ ਹਨ। ਸਰਕਾਰ ਨੇ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ ਗ਼ੈਰ-ਕਾਨੂੰਨੀ ਕਾਲੋਨੀਆਂ ’ਚ ਵੀ ਬਿਜਲੀ ਮੀਟਰ ਲਾਏ ਜਾਣਗੇ, ਪਰ ਇਨ੍ਹਾਂ ਹੁਕਮਾਂ ਨੂੰ ਸਿਰਫ਼ ਨਵਾਂਗਰਾਓਂ ’ਚ ਲਾਗੂ ਨਹੀਂ ਕੀਤਾ ਜਾ ਰਿਹਾ।

ਉਧਰ, ਵਕੀਲ ਕੁਲਦੀਪ ਯਾਦਵ ਨੇ ਦੱਸਿਆ ਕਿ ਕਾਰਜਕਾਰੀ ਅਧਿਕਾਰੀ ਨਵਾਂਗਰਾਓਂ ਵੱਲੋਂ ਲਿਖੇ ਪੱਤਰ ’ਚ ਸੁਖਨਾ ਕੈਚਮੈਂਟ ਦੇ ਮਾਸਟਰ ਪਲਾਨ ਦਾ ਹਵਾਲਾ ਦਿੱਤਾ ਗਿਆ ਸੀ। ਪੱਤਰ ’ਚ ਨਗਰ ਕੌਂਸਲ ਨਵਾਂਗਰਾਓਂ ਦੇ ਇਕ ਵੱਡੇ ਹਿੱਸੇ ਨੂੰ ਪੰਜਾਬ ਭੂਮੀ ਰੋਕਥਾਮ ਐਕਟ ਅਧੀਨ ਰੱਖਿਆ ਗਿਆ ਅਤੇ ਵੱਖ-ਵੱਖ ਅਦਾਲਤਾਂ ’ਚ ਚੱਲ ਰਹੇ ਸ਼ਾਮਲਾਤ ਜ਼ਮੀਨਾਂ ਦੇ ਕੇਸਾਂ ਦਾ ਹਵਾਲਾ ਦਿੰਦਿਆਂ ਨਵੀਂ ਉਸਾਰੀ ’ਤੇ ਰੋਕ ਲਾਈ ਗਈ ਪਰ ਪੱਤਰ ’ਚ ਜ਼ਿਕਰ ਕੀਤਾ ਗਿਆ ਸੀ. ਡਬਲਿਯੂ. ਪੀ. ਕੇਸ ਸਿਰਫ਼ ਕਾਂਸਲ ਪਿੰਡ ਲਈ ਲਾਗੂ ਹੈ ਨਾ ਕਿ ਪੂਰੇ ਨਵਾਂਗਰਾਓਂ ਲਈ। ਕਾਂਸਲ ਪਿੰਡ ਸੁਖਨਾ ਕੈਚਮੈਂਟ ਖੇਤਰ ’ਚ ਪੈਂਦਾ ਹੈ। ਨਵਾਂਗਰਾਓਂ ਦੇ 21 ਵਾਰਡਾਂ ’ਚੋਂ 4 ਵਾਰਡ ਕਾਂਸਲ ’ਚ ਪੈਂਦੇ ਹਨ। ਇਹ ਕਾਨੂੰਨ ਬਾਕੀ 17 ਵਾਰਡਾਂ ’ਤੇ ਲਾਗੂ ਨਹੀਂ ਹੁੰਦਾ।
ਅਦਾਲਤੀ ਹੁਕਮਾਂ ’ਤੇ ਬੰਦ ਹੋਏ ਕੁਨੈਕਸ਼ਨ : ਰਵੀ ਜਿੰਦਲ
ਕਾਰਜ ਸਾਧਕ ਅਫ਼ਸਰ ਨਵਾਂਗਰਾਓਂ ਰਵੀ ਜਿੰਦਲ ਨੇ ਦੱਸਿਆ ਕਿ ਆਦਲਤੀ ਹੁਕਮਾਂ ’ਤੇ ਕੁਨੈਕਸ਼ਨ ਬੰਦ ਕੀਤੇ ਗਏ ਹਨ। ਅਦਾਲਤ ਨੇ ਡੀ. ਸੀ. ਮੋਹਾਲੀ ਨੂੰ ਪੱਤਰ ਲਿਖ ਕੇ ਸਾਰੀ ਸਥਿਤੀ ਬਾਰੇ ਸਪੱਸ਼ਟੀਕਰਨ ਮੰਗਿਆ ਹੈ, ਜੋ ਵੀ ਉਨ੍ਹਾਂ ਵੱਲੋਂ ਹੁਕਮ ਦਿੱਤਾ ਜਾਵੇਗਾ, ਉਹ ਕੀਤਾ ਜਾਵੇਗਾ।


Babita

Content Editor

Related News