ਡੱਲੇਵਾਲ ਦੇ ਮਰਨ ਵਰਤ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਹੰਗਾਮੀ ਮੀਟਿੰਗ
Wednesday, Dec 18, 2024 - 05:50 AM (IST)
ਚੰਡੀਗੜ੍ਹ (ਅੰਕੁਰ) : ਕਿਸਾਨ ਅੰਦੋਲਨ ਕਾਰਨ 10 ਮਹੀਨਿਆਂ ਤੋਂ ਬੰਦ ਪਏ ਸ਼ੰਭੂ ਬਾਰਡਰ ਨੂੰ ਖੋਲ੍ਹਣ ਨੂੰ ਲੈ ਕੇ 18 ਦਸੰਬਰ ਨੂੰ ਸੁਪਰੀਮ ਕੋਰਟ ’ਚ ਸੁਣਵਾਈ ਹੋਵੇਗੀ। ਇਸ ਤੋਂ ਇਲਾਵਾ ਅਦਾਲਤ 22 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਵੀ ਸੁਣਵਾਈ ਕਰੇਗੀ। ਮਰਨ ਵਰਤ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਹੰਗਾਮੀ ਮੀਟਿੰਗ ਸੱਦ ਲਈ ਹੈ।
ਇਹ ਮੀਟਿੰਗ ਬਾਅਦ ਦੁਪਹਿਰ 2 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ। ਇਸ ਮੌਕੇ ਡੱਲੇਵਾਲ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਹੋ ਸਕਦਾ ਹੈ। ਐੱਸ.ਕੇ.ਐੱਮ. ਆਗੂ ਸ਼ਾਮ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲ ਸਕਦੇ ਹਨ। ਜਾਣਕਾਰੀ ਮੁਤਾਬਕ ਰਾਜਪਾਲ ਕੋਲੋਂ ਉਨ੍ਹਾਂ ਨੂੰ ਸਮਾਂ ਮਿਲ ਗਿਆ ਹੈ। ਮੀਟਿੰਗ ’ਚ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਤੇ ਕਿਸਾਨਾਂ ’ਤੇ ਹੋ ਰਹੇ ਜਬਰ ਵਿਰੁੱਧ 23 ਦਸੰਬਰ ਨੂੰ ਵਿਰੋਧ ਦਿਵਸ ਮਨਾਉਣ ਲਈ ਰੂਪ ਰੇਖਾ ਉਲੀਕੀ ਜਾਵੇਗੀ।
ਇਸ ਤੋਂ ਇਲਾਵਾ ਬਾਰਡਰਾਂ 'ਤੇ ਜੋ ਸੰਘਰਸ਼ ਚੱਲ ਰਿਹਾ ਹੈ, ਉਸ ’ਤੇ ਵਿਚਾਰ ਚਰਚਾ ਤੇ ਨੈਸ਼ਨਲ ਪਾਲਸੀ ਫਰੇਮਵਰਕ ਆਨ ਐਗਰੀਕਲਚਰ ਮਾਰਕੀਟਿੰਗ ’ਤੇ ਐੱਸ.ਕੇ.ਐੱਮ. ਦੀ ਪਹੁੰਚ ਬਣਾਉਣ ਬਾਰੇ ਵਿਚਾਰ ਦੇ ਨਾਲ-ਨਾਲ ਪ੍ਰਧਾਨਗੀ ਮੰਡਲ ਦੀ ਆਗਿਆ ਨਾਲ ਹੋਰ ਕੋਈ ਮਤਾ ਪੇਸ਼ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਲਾਈਟ ਜਾਣ ਮਗਰੋਂ ਚਲਾਇਆ ਜਨਰੇਟਰ, ਗੈਸ ਚੜ੍ਹਨ ਕਾਰਨ 5 ਸਾਲਾ ਬੱਚੀ ਦੇ ਪਿਤਾ ਸਣੇ ਹੋਈ ਸੀ 12 ਦੀ ਮੌਤ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹੁਣ ਅੰਦੋਲਨ ਫ਼ੈਸਲਾਕੁੰਨ ਹੋ ਗਿਆ ਹੈ। ਕਿਸਾਨ ਪਿੱਛੇ ਨਹੀਂ ਹਟਣਗੇ। ਭਾਰਤੀ ਕਿਸਾਨ ਯੂਨੀਅਨ ਖੇਤ ਬਚਾਓ ਦੇ ਪ੍ਰਧਾਨ ਰਾਜਿੰਦਰ ਸਿੰਘ ਚਹਿਲ ਨੇ ਕਿਹਾ ਕਿ ਕਿਸਾਨ ਯੂਨੀਅਨ ਵੱਲੋਂ ਉਨ੍ਹਾਂ ਨੂੰ ਜੋ ਵੀ ਸੱਦਾ ਦਿੱਤਾ ਜਾਵੇਗਾ, ਉਹ ਉਸ ਦਾ ਸਮਰਥਨ ਕਰਨਗੇ। ਸਰਕਾਰ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੀ। ਆਉਣ ਵਾਲੇ ਦਿਨਾਂ ’ਚ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਡੱਲੇਵਾਲ ਦੀ ਹਾਲਤ ਕਾਫ਼ੀ ਨਾਜ਼ੁਕ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਦੀ ਟੀਮ ਨੇ ਮੈਡੀਕਲ ਜਾਂਚ ਕੀਤੀ। ਇਸ ਦੌਰਾਨ ਡਾਕਟਰਾਂ ਵੱਲੋਂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਕਮਜ਼ੋਰ ਹੋ ਰਹੀ ਹੈ। ਸਰੀਰ ’ਚ ਪਾਣੀ ਦੀ ਭਰੀ ਕਮੀ ਹੋ ਰਹੀ ਹੈ।
ਡਾਕਟਰ ਉਨ੍ਹਾਂ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਚਮੜੀ ਦਾ ਰੰਗ ਬਦਲ ਚੁੱਕਾ ਹੈ। ਲੀਵਰ ਤੇ ਗੁਰਦਿਆਂ ’ਤੇ ਵੀ ਅਸਰ ਪੈ ਰਿਹਾ ਹੈ। ਗੁਰਦੇ ਵਾਲੇ ਟੈਸਟ ’ਚ ਥੋੜ੍ਹੀ ਪਰੇਸ਼ਾਨੀ ਹੈ। ਮੰਗਲਵਾਰ ਨੂੰ ਉਨ੍ਹਾਂ ਨੂੰ ਸਟੇਜ ’ਤੇ ਨਹੀਂ ਲਿਆਂਦਾ ਗਿਆ।
ਇਹ ਵੀ ਪੜ੍ਹੋ- PTM ਮਗਰੋਂ ਸਕੂਲ ਤੋਂ ਪਰਤੀ ਕੁੜੀ ਨਾਲ ਵਾਪਰ ਗਿਆ ਦਿਲ ਦਹਿਲਾਉਣ ਵਾਲਾ ਹਾ.ਦਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e