ਹਸਪਤਾਲ ਬਾਹਰ ਮਰੀਜ਼ ਦੀ ਲਾਸ਼ ਸੁੱਟਣ ਦੇ ਮਾਮਲੇ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ
Thursday, Jul 16, 2026 - 03:01 PM (IST)
ਚੰਡੀਗੜ੍ਹ (ਮਨਪ੍ਰੀਤ)- ਫ਼ਰੀਦਕੋਟ ਹਸਪਤਾਲ ਦੇ ਸਟਾਫ ਵੱਲੋਂ ਇਕ ਅਣਪਛਾਤੇ ਮਰੀਜ਼ ਦੀ ਲਾਸ਼ ਨੂੰ ਹਸਪਤਾਲ ਦੇ ਬਾਹਰ ਸ਼ਮਸ਼ਾਨਘਾਟ ਨੇੜੇ ਸੁੱਟਣ ਦੇ ਬੇਹੱਦ ਗੰਭੀਰ ਮਾਮਲੇ ਦਾ ਪੰਜਾਬ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਕਮਿਸ਼ਨ ਨੇ ਇਸ ਅਣਮਨੁੱਖੀ ਘਟਨਾ ਦਾ ਸੂਓ-ਮੋਟੋ ਨੋਟਿਸ ਲੈਂਦਿਆਂ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਤੋਂ ਪਾਲਣਾ ਰਿਪੋਰਟ ਤਲਬ ਕੀਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਫ਼ਰੀਦਕੋਟ ਹਸਪਤਾਲ ’ਚ ਡਿਊਟੀ ’ਤੇ ਮੌਜੂਦ ਸਟਾਫ ਨੇ ਇਕ ਅਣਪਛਾਤੇ ਮਰੀਜ਼ ਦੀ ਲਾਸ਼ ਨੂੰ ਵੀਲ੍ਹ ਚੇਅਰ ਰਾਹੀਂ ਬਾਹਰ ਕੱਢ ਕੇ ਸ਼ਮਸ਼ਾਨਘਾਟ ਨੇੜੇ ਸੁੱਟ ਦਿੱਤਾ ਸੀ। ਮਾਮਲਾ ਉਜਾਗਰ ਹੋਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਤੁਰੰਤ ਹਰਕਤ ’ਚ ਆਇਆ ਅਤੇ ਲਾਸ਼ ਨੂੰ ਵਾਪਸ ਲਿਆ ਕੇ ਮੁਰਦਾਘਰ ’ਚ ਰਖਵਾਇਆ। ਇਸ ਘਟਨਾ ’ਚ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਡਾਕਟਰ ਤੇ ਸਬੰਧਤ ਸਟਾਫ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਪੂਰੇ ਘਟਨਾਕ੍ਰਮ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼, ਮੈਂਬਰ ਜਸਟਿਸ ਗੁਰਬੀਰ ਸਿੰਘ ਅਤੇ ਮੈਂਬਰ ਜਤਿੰਦਰ ਸਿੰਘ ਸ਼ੰਟੀ ’ਤੇ ਆਧਾਰਤ ਬੈਂਚ ਨੇ ਸ਼ਿਕਾਇਤ ਨੰਬਰ 11186/3/2026 ਤਹਿਤ ਕਾਰਵਾਈ ਸ਼ੁਰੂ ਕੀਤੀ ਹੈ।
ਕਮਿਸ਼ਨ ਨੇ ਹੁਕਮ ਜਾਰੀ ਕੀਤੇ ਹਨ ਕਿ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਇਸ ਮਾਮਲੇ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਆਪਣੀ ਮੁਕੰਮਲ ਰਿਪੋਰਟ ਪੇਸ਼ ਕਰਨ। ਇਸ ਮਾਮਲੇ ਦੀ ਅਗਲੀ ਸੁਣਵਾਈ 24 ਅਗਸਤ ਲਈ ਤੈਅ ਕੀਤੀ ਗਈ ਹੈ।
