ਤੇਜ਼ ਰਫ਼ਤਾਰ ਕਾਰ ਨੇ ਮਾਂ-ਧੀਆਂ ਨੂੰ ਮਾਰੀ ਟੱਕਰ, ਮਾਂ ਦੀ ਮੌਤ
Sunday, Jul 12, 2026 - 11:22 AM (IST)
ਲਾਲੜੂ (ਗੁਰਜੀਤ) : ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਲਾਲੜੂ ਤੋਂ ਅੱਗੇ ਸਰਸੀਣੀ ਕੱਟ ਨੇੜੇ ਸ਼ਨੀਵਾਰ ਸ਼ਾਮ ਦਰਦਨਾਕ ਹਾਦਸੇ ’ਚ ਤੇਜ਼ ਰਫ਼ਤਾਰ ਕਾਰ ਦੀ ਲਪੇਟ ’ਚ ਆਉਣ ਨਾਲ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਊਸ਼ਾ ਦੇਵੀ (46) ਪਤਨੀ ਗੋਪਾਲ ਸ਼ੁਕਲਾ ਵਜੋਂ ਹੋਈ। ਉਸ ਦੀਆਂ ਦੋ ਜਵਾਨ ਧੀਆਂ 23 ਸਾਲਾ ਸ਼ਿਵਾਨੀ ਤੇ 26 ਸਾਲਾ ਸ਼ਾਨੂ ਗੰਭੀਰ ਜ਼ਖ਼ਮੀ ਹੋ ਗਈਆਂ। ਇਨ੍ਹਾਂ ’ਚੋਂ ਇਕ ਧੀ ਦੀ ਲੱਤ ਟੁੱਟ ਗਈ। ਦੋਵਾਂ ਨੂੰ ਇਲਾਜ ਲਈ ਡੇਰਾਬਸੀ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ।
ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਹਾਦਸਾ ਸ਼ਨੀਵਾਰ ਸ਼ਾਮ ਕਰੀਬ 6 ਵਜੇ ਵਾਪਰਿਆ। ਸੜਕ ਸੁਰੱਖਿਆ ਫੋਰਸ ਨੂੰ ਇਸ ਦੀ ਸੂਚਨਾ ਸਵਾ 6 ਵਜੇ ਮਿਲੀ। ਸਰਸੀਣੀ ਪਿੰਡ ਦੀ ਰਹਿਣ ਵਾਲੀਆਂ ਦੋਵੇਂ ਧੀਆਂ ਮਾਂ ਨਾਲ ਹਾਈਵੇ ਪਾਰ ਕਰਨ ਲਈ ਸੜਕ ਕਿਨਾਰੇ ਖੜ੍ਹੀਆਂ ਸਨ। ਇਸ ਦੌਰਾਨ ਚੰਡੀਗੜ੍ਹ ਤੋਂ ਅੰਬਾਲਾ ਵੱਲ ਜਾ ਰਹੇ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀਆਂ ’ਚ ਸ਼ਾਨੂ ਦੀ ਲੱਤ ਟੁੱਟ ਗਈ। ਮੌਕੇ ’ਤੇ ਮੌਜੂਦ ਪ੍ਰਤੱਖਦਰਸ਼ੀਆਂ ਨੇ ਕਾਰ ਦਾ ਨੰਬਰ ਨੋਟ ਕਰ ਲਿਆ। ਦੋਵੇਂ ਜ਼ਖ਼ਮੀਆਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਡੇਰਾਬਸੀ ਭੇਜਿਆ ਗਿਆ ਜਦਕਿ ਟੋਲ ਪਲਾਜ਼ਾ ਦੀ ਐਂਬੂਲੈਂਸ ਰਾਹੀਂ ਊਸ਼ਾ ਦੇਵੀ ਦੀ ਲਾਸ਼ ਹਸਪਤਾਲ ਪਹੁੰਚਾਈ ਗਈ। ਲਾਲੜੂ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
