ਜ਼ਿਲਾ ਪ੍ਰਸ਼ਾਸਨ ਬਾਬਾ ਸ਼ੇਖ ਫਰੀਦ ਮੇਲੇ ਦੀ ਰੌਣਕ ਕਰ ਰਿਹੈ ਫਿੱਕੀ

Thursday, Aug 30, 2018 - 02:02 AM (IST)

ਜ਼ਿਲਾ ਪ੍ਰਸ਼ਾਸਨ ਬਾਬਾ ਸ਼ੇਖ ਫਰੀਦ ਮੇਲੇ ਦੀ ਰੌਣਕ ਕਰ ਰਿਹੈ ਫਿੱਕੀ

ਫ਼ਰੀਦਕੋਟ, (ਹਾਲੀ)- ਇਤਿਹਾਸਕ ਸ਼ਹਿਰ ਫ਼ਰੀਦਕੋਟ ਵਿਖੇ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ 19 ਤੋਂ 23 ਸਤੰਬਰ ਤੱਕ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ  ਪਰ ਇਸ ਵਾਰ ਸਮੁੱਚੇ ਮੇਲੇ ਨੂੰ ਸ਼ਹਿਰ ਨਾਲੋਂ ਵੱਖ ਫਰੀਦਕੋਟ-ਕੋਟਕਪੂਰਾ ਰੋਡ ’ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਸਬੰਧੀ ਸ਼ਹਿਰ ਦੀਅਾਂ ਵੱਖ-ਵੱਖ ਜਥੇਬੰਦੀਆਂ ਸਮੇਤ ਆਮ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 
ਇਸ ਸਬੰਧੀ ਸਿੱਖ ਸਟੂਡੈਂਟਸ ਫੈੱਡਰੇਸ਼ਨ ਅਤੇ ਸਰਦਾਰੀਆਂ ਟਰੱਸਟ ਵੱਲੋਂ ਬਾਬਾ ਫਰੀਦ ਧਾਰਮਕ ਅਤੇ ਵਿਦਿਅਕ ਸੰਸਥਾਵਾਂ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ। ਮੰਗ-ਪੱਤਰ ਰਾਹੀਂ ਉਨ੍ਹਾਂ ਮੰਗ ਕੀਤੀ ਕਿ ਉਹ ਤੁਰੰਤ ਜ਼ਿਲਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰ ਕੇ ਪੂਰੇ ਮੇਲੇ ਦਾ ਪ੍ਰਬੰਧ ਸ਼ਹਿਰ ਵਿਚ ਹੀ ਕਰਵਾਉਣ ਕਿਉਂਕਿ ਹਰ ਸਾਲ ਪੰਘੂੜੇ ਅਤੇ ਬੱਚਿਆਂ ਦੇ ਮਨੋਰੰਜਨ ਦਾ ਪ੍ਰਬੰਧ ਸਟੇਡੀਅਮ ਨਜ਼ਦੀਕ, ਵਿਰਾਸਤੀ ਮੇਲਾ ਦਰਬਾਰਗੰਜ, ਖੇਡਾਂ ਨਹਿਰੂ ਸਟੇਡੀਅਮ ’ਚ ਅਤੇ ਮੇਲੇ ਦੌਰਾਨ ਆਉਣ ਵਾਲੇ ਸੂਫੀ ਗਾਇਕ, ਜੋ ਲੋਕਾਂ ਦੀ ਖਿੱਚ ਦਾ ਕੇਂਦਰ ਬਣਦੇ ਹਨ, ਵੱਲ ਝਾਤ ਮਾਰੀ ਜਾਵੇ ਤਾਂ ਜੋ ਦੁਨੀਆ ਦੇ ਸਭ ਤੋਂ ਨਿਵੇਕਲੇ ਤੇ ਇਤਿਹਾਸਕ ਮੇਲੇ ਦੀ ਧੂਮ ਦੁਨੀਆ ਦੇ ਕੋਨੇ-ਕੋਨੇ ’ਚ ਪਵੇ। 
ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਜ਼ਿਲਾ ਪ੍ਰਸ਼ਾਸਨ ਨੇ ਮੇਲੇ ਦੀ ਰੌਣਕ ਨੂੰ ਫਿੱਕਾ ਕਰਨ ਲਈ ਸਾਰੇ ਮੇਲੇ ਨੂੰ ਕੋਟਕਪੂਰਾ ਰੋਡ ’ਤੇ ਕਰਵਾਉਣ ਦਾ ਫੈਸਲਾ ਲਿਆ ਹੈ, ਜੋ ਕਿ ਲੋਕ-ਪੱਖੀ ਨਹੀਂ ਹੈ। ਫੈੱਡਰੇਸ਼ਨ ਦੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਅਤੇ ਟਰੱਸਟ ਦੇ ਪ੍ਰਧਾਨ ਭਾਈ ਜਗਰਾਜ ਸਿੰਘ ਢੱਡਰੀਆਂ ਨੇ ਕਿਹਾ ਕਿ 1986 ਤੋਂ ਬਾਬਾ ਫਰੀਦ ਵਿਦਿਅਕ ਅਤੇ ਧਾਰਮਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਆਗਮਨ ਪੁਰਬ ਸਿਰ ’ਤੇ ਹੋਣ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਨੇ ਆਪਣੇ ਪੱਧਰ ’ਤੇ ਪ੍ਰੋਗਰਾਮਾਂ ਨੂੰ ਬਦਲ ਕੇ ਕੋਟਕਪੂਰਾ ਰੋਡ ’ਤੇ ਕਰਵਾਏ ਜਾਣ ਸਬੰਧੀ ਮੀਟਿੰਗਾਂ ਦੇ ਦੌਰ ਸ਼ੁਰੂ ਕਰ ਦਿੱਤੇ ਹਨ। 
ਇਸੇ ਗੱਲ ਤੋਂ ਨਿਰਾਸ਼ ਦੋਵੇਂ ਜਥੇਬੰਦੀਆਂ ਸਮੇਤ ਆਮ ਲੋਕਾਂ ਨੇ ਅਪੀਲ ਕਰਦਿਆਂ ਕਿਹਾ ਕਿ ਫਰੀਦਕੋਟ-ਚਹਿਲ ਰੋਡ ’ਤੇ ਪੁਲ ਟੁੱਟਾ ਹੋਣ ਕਰ ਕੇ ਰਸਤਾ ਬੰਦ ਹੈ ਅਤੇ ਫਰੀਦਕੋਟ-ਤਲਵੰਡੀ ਰੋਡ ’ਤੇ ਓਵਰਬ੍ਰਿਜ ਦਾ ਕੰਮ ਅਧੂਰਾ ਹੋਣ ਕਾਰਨ ਰਸਤਾ ਬੰਦ ਹੈ, ਸਿਰਫ ਫਰੀਦਕੋਟ-ਕੋਟਕਪੂਰਾ ਰੋਡ ਦੀ ਹੀ ਆਵਾਜਾਈ ਲਈ ਖੁੱਲ੍ਹਾ ਹੈ, ਜੇਕਰ ਇਸ ਰਸਤੇ ਉੱਪਰ ਸਮੁੱਚਾ ਮੇਲਾ ਕਰਵਾਇਆ ਜਾਂਦਾ ਹੈ ਤਾਂ ਆਮ ਲੋਕ ਬੇਹੱਦ ਤੰਗ-ਪ੍ਰੇਸ਼ਾਨ ਹੋਣਗੇ। ਇਸ ਤੋਂ ਇਲਾਵਾ ਸ਼ਹਿਰ ਵਿਚ ਬੰਦ ਫੁਹਾਰੇ, ਥਾਂ-ਥਾਂ ਗੰਦਗੀ ਦੀ ਭਰਮਾਰ, ਆਵਾਰਾ ਕੁੱਤਿਆਂ ਦੀ ਸਮੱਸਿਆ, ਬਿਨਾਂ ਰੰਗ-ਰੋਗਨ ਤੋਂ ਫੁੱਟਪਾਥ, ਸਾਰੇ ਚੌਕਾਂ ’ਚ ਸੁੰਦਰਤਾ ਦੀ ਘਾਟ ਜਿਉਂ ਦੀ ਤਿਉਂ ਬਣੀ ਹੈ। ਇੰਝ ਲੱਗ ਰਿਹਾ ਹੈ, ਜਿਵੇਂ ਖੁੱਲ੍ਹੇ ਦਿਲ ਨਾਲ ਮੇਲਾ ਕਰਵਾਉਣ ਤੋਂ ਪ੍ਰਸ਼ਾਸਨ ਕੰਜੂਸੀ ਕਰ ਰਿਹਾ ਹੈ। 


Related News