ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਨੂੰ ਕੁੱਟਮਾਰ ਕਰ ਕੇ ਘਰੋਂ ਕੱਢਿਆ
Tuesday, Dec 30, 2025 - 05:02 PM (IST)
ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਆਨੰਦ) : ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਵਿਆਹੁਤਾ ਦੀ ਕੁੱਟਮਾਰ ਕਰ ਕੇ ਘਰੋਂ ਕੱਢਣ ਦੇ ਦੋਸ਼ ਹੇਠ ਥਾਣਾ ਵੁਮੈਨ ਸੈੱਲ ਪੁਲਸ ਨੇ ਤਿੰਨ ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਏ. ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਪੀੜਤਾ ਸਲੋਨੀ ਵਾਸੀ ਗੁਰੂਹਰਸਹਾਏ ਨੇ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ ਫਰਵਰੀ 2013 ’ਚ ਕਰਨ ਢੀਂਗੜਾ ਵਾਸੀ ਲੁਧਿਆਣਾ ਦੇ ਨਾਲ ਹੋਇਆ ਸੀ।
ਵਿਆਹ ਵੇਲੇ ਉਸ ਦੇ ਮਾਪਿਆਂ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਆਦਿ ਦਿੱਤਾ ਸੀ। ਉਸ ਨੇ ਦੋਸ਼ ਲਾਏ ਕਿ ਉਸ ਦਾ ਪਤੀ ਕਰਨ ਢੀਂਗੜਾ, ਸੱਸ ਆਸ਼ੂ ਢੀਂਗੜਾ ਅਤੇ ਸਹੁਰਾ ਅਸ਼ਵਨੀ ਢੀਂਗੜਾ ਇਸ ਦਾਜ ਤੋਂ ਖੁਸ਼ ਨਹੀਂ ਸਨ ਅਤੇ ਅਕਸਰ ਉਸ ਨੂੰ ਹੋਰ ਦਾਜ ਲਿਆਉਣ ਦੀ ਮੰਗ ਰੱਖਦੇ ਹੋਏ ਤੰਗ ਕਰਦੇ ਰਹਿੰਦੇ ਸਨ। ਉਸ ਨੇ ਦੋਸ਼ ਲਾਏ ਕਿ ਜੁਲਾਈ ਮਹੀਨੇ ’ਚ ਇਸੇ ਮੰਗ ਕਾਰਨ ਤਿੰਨਾਂ ਨੇ ਉਸ ਦੀ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ। ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ’ਚ ਦੋਸ਼ ਸਹੀ ਪਾਏ ਜਾਣ ਉਪਰੰਤ ਤਿੰਨਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
