ਕੂੜਾ ਸੁੱਟਣ ਕਾਰਨ ਗੁਆਂਢੀਆਂ ਨਾਲ ਝਗੜਾ
Saturday, Oct 21, 2017 - 06:58 AM (IST)
ਬਟਾਲਾ, (ਬੇਰੀ, ਵਿਪਨ, ਯੋਗੀ, ਰਾਘਵ, ਭੱਲਾ)- ਅੱਜ ਬਟਾਲਾ-ਡੇਰਾ ਬਾਬਾ ਨਾਨਕ ਰੋਡ 'ਤੇ ਕੂੜਾ ਸੁੱਟਣ ਕਾਰਨ ਹੋਏ ਗੁਆਂਢੀਆਂ ਦੇ ਝਗੜੇ 'ਚ ਸਾਲੇ ਅਤੇ ਭਣੋਈਏ ਦੇ ਜ਼ਖਮੀ ਹੋਣ ਦੀ ਖਬਰ ਹੈ।
ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਅਮਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਡੇਰਾ ਰੋਡ, ਬਟਾਲਾ ਨੇ ਦੱਸਿਆ ਕਿ ਸਾਡੇ ਗੁਆਂਢੀਆਂ ਨੇ ਸਾਡੇ ਘਰ ਦੇ ਅੱਗੇ ਨਾਲੀ 'ਚੋਂ ਕੂੜਾ ਕੱਢ ਕੇ ਲਾਇਆ ਸੀ। ਜਦੋਂ ਅਸੀਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਾਡੇ ਨਾਲ ਝਗੜਨਾ ਸ਼ੁਰੂ ਕਰ ਦਿੱਤਾ ਅਤੇ ਆਸ-ਪਾਸ ਦੇ ਲੋਕਾਂ ਨੇ ਸਾਡਾ ਝਗੜਾ ਬੰਦ ਕਰਵਾ ਦਿੱਤਾ ਸੀ ਪਰ ਗੁਆਂਢੀਆਂ ਨੇ ਦਿਲ 'ਚ ਰੰਜਿਸ਼ ਰੱਖਦੇ ਹੋਏ ਬਾਅਦ 'ਚ ਸਾਡੇ ਘਰ ਅੰਦਰ ਦਾਖਲ ਹੋ ਕੇ ਜਿਥੇ ਘਰ ਦੇ ਸਾਮਾਨ ਦੀ ਭੰਨ-ਤੋੜ ਕੀਤੀ, ਉਥੇ ਨਾਲ ਹੀ ਮੈਨੂੰ ਅਤੇ ਮੇਰੇ ਸਾਲੇ ਤਜਿੰਦਰ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਸ਼ੁਕਰਪੁਰਾ, ਬਟਾਲਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਏ। ਇਸ ਸਬੰਧ 'ਚ ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਸੁਖਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਅਮਰਜੀਤ ਸਿੰਘ ਅਤੇ ਤਜਿੰਦਰ ਸਿੰਘ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।
