ਪੰਜਾਬ ''ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਕਾਰਨ ਚੱਲੀਆਂ ਗੋਲੀਆਂ

Monday, Dec 22, 2025 - 09:57 PM (IST)

ਪੰਜਾਬ ''ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਕਾਰਨ ਚੱਲੀਆਂ ਗੋਲੀਆਂ

ਅੰਮ੍ਰਿਤਸਰ - ਅੰਮ੍ਰਿਤਸਰ ਦੇ ਥਾਣਾ ਛੇਹਰਟਾ ਇਲਾਕੇ ਵਿੱਚ ਗੋਲੀਆਂ ਚਲਣ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਵਿੱਚ ਜਸਪਾਲ ਸਿੰਘ ਨਾਮਕ ਨੌਜਵਾਨ ਲੱਤ ’ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ, ਗੋਲੀ ਲੱਗਣ ਤੋਂ ਬਾਅਦ ਜਸਪਾਲ ਸਿੰਘ ਤਕਰੀਬਨ 15 ਤੋਂ 20 ਮਿੰਟ ਪਹਿਲਾਂ ਖੁਦ ਥਾਣੇ ਪਹੁੰਚਿਆ, ਜਿਥੋਂ ਪੁਲਸ ਵੱਲੋਂ ਤੁਰੰਤ ਉਸਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਪੁਲਸ ਮੁਲਾਜ਼ਮ ਉਸਦੇ ਨਾਲ ਸਰਕਾਰੀ ਗੱਡੀ ਰਾਹੀਂ ਹਸਪਤਾਲ ਤੱਕ ਗਏ।

ਪੁਲਸ ਅਧਿਕਾਰੀਆਂ ਦੇ ਅਨੁਸਾਰ, ਜਸਪਾਲ ਸਿੰਘ ਨੇ ਬਿਆਨ ਦਿੱਤਾ ਹੈ ਕਿ ਹਰਪ੍ਰੀਤ ਹੈਪੀ ਨਾਂ ਦੇ ਨੌਜਵਾਨ ਨਾਲ ਉਸਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਘਟਨਾ ਵਾਲੇ ਦਿਨ ਹਰਪ੍ਰੀਤ ਆਪਣੇ ਇੱਕ ਸਾਥੀ ਨਾਲ ਮੌਕੇ ’ਤੇ ਪਹੁੰਚਿਆ, ਜਦਕਿ ਦੋ ਹੋਰ ਵਿਅਕਤੀ ਇੱਕ ਐਕਸਯੂਵੀ ਗੱਡੀ ਵਿੱਚ ਸਵਾਰ ਸਨ। ਦੋਸ਼ੀਆਂ ਵੱਲੋਂ ਅਚਾਨਕ ਦੋ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਜਸਪਾਲ ਸਿੰਘ ਦੀ ਲੱਤ ’ਚ ਲੱਗੀ।

ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਗੱਡੀ ’ਚੋਂ ਉਤਰ ਕੇ ਸਿੱਧੀਆ ਗੋਲੀਆਂ ਚਲਾਉਂਦਾ ਹੈ। ਪੁਲਸ ਨੇ ਮੌਕੇ ਤੋਂ ਦੋ ਖਾਲੀ ਖੋਲ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚੋਂ ਇੱਕ ਖੋਲ ਜਸਪਾਲ ਸਿੰਘ ਵੱਲੋਂ ਖੁਦ ਪੁਲਸ ਕੋਲ ਪੇਸ਼ ਕੀਤਾ ਗਿਆ।

ਇਸ ਮੌਕੇ ਪੁਲਸ ਅਧਿਕਾਰੀ ਲਵਪ੍ਰੀਤ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਦੋਸ਼ੀ ਇਲਾਕੇ ਦੇ ਹੀ ਨਾਲ ਲੱਗਦੀ ਗਲੀ ਦੇ ਰਹਿਣ ਵਾਲੇ ਹਨ, ਪਰ ਘਟਨਾ ਤੋਂ ਬਾਅਦ ਉਹਨਾਂ ਦੇ ਘਰ ਨੂੰ ਤਾਲੇ ਲੱਗੇ ਹੋਏ ਮਿਲੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਰਾਣੀ ਰੰਜਿਸ਼ ਅਤੇ ਹੋਰ ਸੰਭਾਵਿਤ ਲਿੰਕਾਂ ਸਮੇਤ ਵਿਦੇਸ਼ੀ ਕਨੈਕਸ਼ਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Inder Prajapati

Content Editor

Related News