ਸੜਕ ਤੋਂ ਰੇਤਾ ਚੁੱਕਣ ਨੂੰ ਲੈ ਕੇ ਹੋਇਆ ਵਿਵਾਦ, 19 ਸਾਲਾ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

05/06/2023 2:24:58 AM

ਜਲੰਧਰ (ਮਾਹੀ)-ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਮੁਬਾਰਕਪੁਰ ਸ਼ੇਖੇ ’ਚ ਸੜਕ ’ਚ ਰੱਖੀ ਰੇਤਾ ਚੁੱਕਣ ਨੂੰ ਲੈ ਕੇ ਹੋਏ ਝਗੜੇ ’ਚ ਹਥਿਆਰਾਂ ਤੇ ਇੱਟਾਂ-ਰੋੜਿਆਂ ਦੀ ਵਰਤੋਂ ਕਰ ਕੇ ਸਬਜ਼ੀ ਵਿਕਰੇਤਾ ਦਾ ਕਤਲ ਕਰ ਦੇਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਥਾਣਾ ਮਕਸੂਦਾਂ ਦੀ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਭਰਤ ਹਾਲ ਵਾਸੀ ਮੁਬਾਰਕਪੁਰ ਸ਼ੇਖੇ ਨੇ ਪੁਲਸ ਨੂੰ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਤੇ ਉਸ ਦੇ 4 ਬੱਚੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਗਲੀ ’ਚ ਸੜਕ ’ਤੇ ਰੇਤਾ ਸੁੱਟਿਆ ਹੋਇਆ ਸੀ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਬੀਬੀ ਜਗੀਰ ਕੌਰ ਨੇ PM ਮੋਦੀ ਨੂੰ ਲਿਖਿਆ ਪੱਤਰ, ਸਿੱਖਾਂ ਦੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਕੀਤੀ ਅਪੀਲ

ਭਰਤ ਸਿੰਘ ਨੇ ਦੱਸਿਆ ਕਿ ਉਸ ਨੇ ਜ਼ਾਕਿਰ ਮੁਹੰਮਦ ਨੂੰ ਹੀ ਕਿਹਾ ਕਿ ਉਹ ਸੜਕ ਤੋਂ ਰੇਤਾ ਚੁੱਕ ਕੇ ਸਾਈਡ ’ਤੇ ਕਰ ਦੇਵੇ। ਉਸ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਰੇਤ ਚੁੱਕਣ ਲਈ ਕਿਹਾ ਤਾਂ ਜ਼ਾਕਿਰ ਮੁਹੰਮਦ, ਜਲਾਲੂਦੀਨ, ਸਿਰਾਜ, ਅਨਵਰ ਤੇ ਖੁਸ਼ਬੂ ਨੇ ਇੱਟਾਂ, ਲੋਹੇ ਦੀਆਂ ਰਾਡਾਂ ਤੇ ਤੇਜ਼ਧਾਰ ਚਾਕੂਆਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਸ ਦਾ ਰੌਲਾ ਸੁਣ ਕੇ ਉਸ ਦੀ ਪਤਨੀ ਚਿੰਤਾ ਦੇਵੀ, ਅੰਮ੍ਰਿਤ ਸਿੰਘ ਪੁੱਤਰ ਅਵਤਾਰ ਸਿੰਘ, ਮੌਸਮ ਪੁੱਤਰ ਓਮ ਪ੍ਰਕਾਸ਼ ਵਾਸੀ ਸੰਤੋਖਪੁਰਾ, ਜੋ ਉਸ ਨੂੰ ਮਿਲਣ ਆਏ ਹੋਏ ਸਨ, ਉਸ ਨੂੰ ਛੁਡਵਾਉਣ ਲਈ ਮੌਕੇ 'ਤੇ ਆ ਗਏ ਤੇ ਉਸ ਨੇ ਅੰਮ੍ਰਿਤ ਸਿੰਘ (19) ਦੇ ਸਿਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਆਰਮੀ ਚੀਫ਼ ਬਾਜਵਾ ਦੀ ਅਸ਼ਲੀਲ ਵੀਡੀਓ ਨਾਲ ਦੇਸ਼ ’ਚ ਆਇਆ ਭੂਚਾਲ  

ਜ਼ਾਕਿਰ ਨੇ ਬੇਸ ਬੈਟ ਨਾਲ ਉਸ ਦੇ ਪੇਟ ’ਚ ਵਾਰ ਕੀਤਾ ਤੇ ਜਲਾਲੂਦੀਨ ਨੇ ਹੱਥ ’ਚ ਫੜੀ ਲੋਹੇ ਦੀ ਰਾਡ ਨਾਲ ਅੰਮ੍ਰਿਤ ਨੂੰ ਛਾਤੀ ’ਤੇ ਮਾਰਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਜ਼ਮੀਨ ’ਤੇ ਡਿੱਗ ਗਿਆ। ਹਮਲਾ ਕਰਨ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਔਰਤਾਂ ਦੇਵੀ ਭਰਤ ਤੇ ਅੰਮ੍ਰਿਤ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਗੰਭੀਰ ਜ਼ਖ਼ਮੀ ਹੋਣ ਕਾਰਨ ਅੰਮ੍ਰਿਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਭਰਤ ਦੇ ਬਿਆਨਾਂ ’ਤੇ ਪੁਲਸ ਨੇ ਜ਼ਾਕਿਰ ਮੁਹੰਮਦ ਪੁੱਤਰ ਮੁਹੰਮਦ ਅੰਸਾਰੀ, ਜਲਾਲੂਦੀਨ ਪੁੱਤਰ ਨਸੀਰੂਦੀਨ, ਸਿਰਾਜ ਪੁੱਤਰ ਮੁਹੰਮਦ ਆਲਮ, ਅਨਵਰ ਤੇ ਖੁਸ਼ਬੂ ਪਤਨੀ ਜ਼ਾਕਿਰ ਦੇ ਖਿਲਾਫ਼ ਧਾਰਾ 302, 341, 323, 148, 149 ਤਹਿਤ ਕੇਸ ਦਰਜ ਕੀਤਾ ਤੇ ਪੁਲਸ ਨੇ ਤੁਰੰਤ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਫੜ ਲਿਆ ਤੇ ਤਕਰੀਬਨ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਪਰ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਸਬੰਧੀ ਜਦੋਂ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਸੁਖਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ ਤੇ ਜਲਦ ਹੀ ਮੁਲਜ਼ਮਾਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਜਾਵੇਗਾ।
 


Manoj

Content Editor

Related News