ਗੈਂਗਸਟਰਾਂ ਨੂੰ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲਾ ਅਸਲਾ ਡੀਲਰ ਜੇਲ ''ਚ
Thursday, Aug 24, 2017 - 07:57 AM (IST)
ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਪੰਜਾਬ ਦੀ ਅਤਿ-ਆਧੁਨਿਕ ਨਾਭਾ ਜੇਲ 'ਚੋਂ ਭੱਜੇ ਗੈਂਗਸਟਰਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਸਪਲਾਈ ਕਰਨ ਵਾਲੇ ਮੋਗਾ ਦੇ 'ਪੰਜਾਬ ਗੰਨ ਹਾਊਸ' ਦੇ ਮਾਲਕ ਕਿਰਨਪਾਲ ਸਿੰਘ ਭਾਵੇਂ 14 ਫਰਵਰੀ ਤੋਂ ਜੇਲ 'ਚ ਬੰਦ ਹਨ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਅਸਲਾ ਡੀਲਰ ਕੋਲ ਆਪਣੇ ਹਥਿਆਰ ਜਮ੍ਹਾ ਕਰਵਾਉਣ ਵਾਲੇ ਸੈਂਕੜੇ ਲੋਕ ਆਪਣੇ ਹਥਿਆਰ ਹਾਸਲ ਕਰਨ ਲਈ ਬੇਹੱਦ ਪ੍ਰੇਸ਼ਾਨੀ ਦੇ ਆਲਮ 'ਚੋਂ ਲੰਘ ਰਹੇ ਹਨ। ਦੱਸਣਯੋਗ ਹੈ ਕਿ ਕਿਰਨਪਾਲ ਸਿੰਘ 'ਤੇ ਦੋਸ਼ ਸੀ ਕਿ ਉਸ ਨੇ ਪੰਜਾਬ ਦੇ ਮਸ਼ਹੂਰ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਹੋਰਨਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਦੀ ਸਪਲਾਈ ਕੀਤੀ ਹੈ। ਇਸ ਦੌਰਾਨ ਪੁਲਸ ਨੇ ਦੋਸ਼ੀ ਅਸਲਾ ਡੀਲਰ ਦੀ ਗ੍ਰਿਫ਼ਤਾਰੀ ਕਰਨ ਦੇ ਨਾਲ-ਨਾਲ ਸਟਾਕ ਰਜਿਸਟਰ, ਸੇਫ ਕਸਟਡੀ ਰਜਿਸਟਰ, ਰੋਜ਼ਾਨਾ ਖਰੀਦ-ਵੇਚ ਰਜਿਸਟਰ ਅਤੇ ਬਿੱਲ ਬੁੱਕ ਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ ਸੀ। ਸੂਤਰਾਂ ਦਾ ਦੱਸਣਾ ਹੈ ਕਿ ਅਜੀਤਵਾਲ ਖੇਤਰ ਦੇ ਕੁਝ ਪਿੰਡਾਂ ਦੇ ਲੋਕ ਤਾਂ ਅਜਿਹੇ ਵੀ ਹਨ, ਜਿੱਥੋਂ ਦੇ ਬਹੁ-ਗਿਣਤੀ ਲੋਕਾਂ ਨੇ 'ਪੰਜਾਬ ਗੰਨ ਹਾਊਸ' ਵਿਚ ਹੀ ਆਪਣਾ ਅਸਲਾ ਜਮ੍ਹਾ ਕਰਵਾਇਆ ਸੀ ਅਤੇ ਹੁਣ ਇਨ੍ਹਾਂ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਕੋਲ ਆਪਣੇ ਜਮ੍ਹਾ ਕਰਵਾਏ ਹਥਿਆਰ ਵਾਪਸ ਲੈਣ ਲਈ ਲਿਖਤੀ ਤੌਰ 'ਤੇ ਅਰਜ਼ੀ ਦਾਖਲ ਕਰਨ ਦੇ ਨਾਲ-ਨਾਲ ਨਿੱਜੀ ਤੌਰ 'ਤੇ ਫਰਿਆਦ ਵੀ ਕੀਤੀ ਹੈ।
ਜਾਣਕਾਰੀ ਮਿਲੀ ਹੈ ਕਿ ਪਟਿਆਲਾ ਪੁਲਸ ਨੇ ਸਥਾਨਕ ਜ਼ਿਲਾ ਮੈਜਿਸਟ੍ਰੇਟ ਨੂੰ ਮਾਮਲੇ 'ਚ ਨਾਮਜ਼ਦ ਦੋਸ਼ੀ ਦੇ ਨਿੱਜੀ ਹਥਿਆਰ ਦਾ ਲਾਇਸੈਂਸ ਅਤੇ ਹਥਿਆਰਾਂ ਦੀ ਦੁਕਾਨ ਦਾ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕਰਨ ਤੋਂ ਇਲਾਵਾ ਗੰਨ ਹਾਊਸ ਦੀ ਕਿਸੇ ਸਮਰਥ ਅਧਿਕਾਰੀ ਤੋਂ ਪੜਤਾਲ ਕਰਵਾਉਣ ਲਈ ਕਿਹਾ ਹੈ। ਇਸ ਮਗਰੋਂ ਬਚੇ ਹਥਿਆਰਾਂ ਅਤੇ ਗੋਲੀ-ਸਿੱਕੇ ਦੇ ਮਾਮਲੇ ਨੂੰ ਜ਼ਿਲਾ ਪੱਧਰ 'ਤੇ ਹੀ ਨਿਪਟਾਉਣ ਲਈ ਪੱਤਰ ਵੀ ਲਿਖਿਆ ਹੈ।
ਇਸ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟ੍ਰੇਟ ਦਿਲਰਾਜ ਸਿੰਘ ਨੇ ਕਿਹਾ ਕਿ ਪਟਿਆਲਾ ਪੁਲਸ ਵੱਲੋਂ ਕਿਰਨਪਾਲ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਸਟਾਕ ਰਜਿਸਟਰ ਵੀ ਕਬਜ਼ੇ 'ਚ ਲਿਆ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਵਾਪਸ ਲੈਣ ਲਈ ਪਟਿਆਲਾ ਅਦਾਲਤ 'ਚ ਅਰਜ਼ੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਦਾਲਤ 'ਚੋਂ ਰਿਕਾਰਡ ਮਿਲਣ ਮਗਰੋਂ ਹੀ ਹਥਿਆਰ ਵਾਪਸ ਕੀਤੇ ਜਾ ਸਕਣਗੇ।
