ਖੰਨਾ ਪੁਲਸ ਵੱਲੋਂ ਵਿਦੇਸ਼ ਬੈਠੇ ਗੈਂਗਸਟਰਾਂ ਲਈ ਕੰਮ ਕਰ ਰਹੇ ਦੋ ਸਕੇ ਭਰਾ ਸ਼ੂਟਰ ਗ੍ਰਿਫ਼ਤਾਰ
Wednesday, Feb 04, 2026 - 11:48 PM (IST)
ਖੰਨਾ (ਬਿਪਿਨ ਭਾਰਦਵਾਜ) - ਖੰਨਾ ਪੁਲਸ ਨੇ ਸੰਗਠਿਤ ਅਪਰਾਧ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਲਈ ਸ਼ੂਟਰ ਵਜੋਂ ਕੰਮ ਕਰ ਰਹੇ ਸਨ। ਫੜੇ ਗਏ ਦੋਸ਼ੀ ਅਮਰੀਕਾ ’ਚ ਬੈਠੇ ਸਰਬਜੀਤ ਸਿੰਘ ਸਾਬੀ ਅਤੇ ਕੈਨੇਡਾ ’ਚ ਬੈਠੇ ਗੋਲਡੀ ਬਰਾੜ ਗੈਂਗ ਦੇ ਸੰਪਰਕ ਵਿੱਚ ਸਨ ਅਤੇ ਪੰਜਾਬ ਵਿੱਚ ਟਾਰਗੇਟ ਕਿਲਿੰਗ ਤੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਵਿਸ਼ਾਲ (25) ਅਤੇ ਉਸ ਦੇ ਛੋਟੇ ਭਰਾ ਗੋਰਾ (23) ਵਾਸੀ ਨਿਜ਼ਾਮੂਦੀਨ ਬਸਤੀ, ਫਿਰੋਜ਼ਪੁਰ ਵਜੋਂ ਹੋਈ ਹੈ। ਦੋਵੇਂ ਕਾਫ਼ੀ ਸਮੇਂ ਤੋਂ ਪੁਲਸ ਦੀ ਰਾਡਾਰ ’ਤੇ ਸਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਕਈ ਹਾਈ-ਪ੍ਰੋਫ਼ਾਈਲ ਮਾਮਲਿਆਂ ਦੇ ਰਾਜ ਖੁਲ੍ਹੇ ਹਨ।
ਐੱਸ.ਐੱਸ.ਪੀ. ਖੰਨਾ ਡਾ. ਅਰਪਣ ਆਹਲੂਵਾਲੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਜਨਵਰੀ 2026 ਨੂੰ ਖੰਨਾ ਵਿੱਚ ਕੱਪੜਾ ਵਪਾਰੀ ਆਸ਼ੂ ਵਿਜਨ ਦੇ ਘਰ ’ਤੇ ਹੋਈ ਫਾਇਰਿੰਗ ਅਤੇ ਕਾਰ ਨੂੰ ਅੱਗ ਲਗਾਉਣ ਦੀ ਘਟਨਾ ਵਿੱਚ ਮੁੱਖ ਦੋਸ਼ੀ ਵਿਸ਼ਾਲ ਹੈ। ਇਸ ਵਾਰਦਾਤ ਨੂੰ ਵਿਸ਼ਾਲ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਅੰਜਾਮ ਦਿੱਤਾ ਸੀ। ਹਾਲਾਂਕਿ ਉਸ ਦਾ ਸਾਥੀ ਇਸ ਸਮੇਂ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਵਿਸ਼ਾਲ ਦੇ ਨਾਲ ਉਸਦਾ ਛੋਟਾ ਭਰਾ ਗੋਰਾ ਵੀ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਸੀ। ਗੋਰਾ ਨੇ ਜੁਲਾਈ 2025 ਵਿੱਚ ਮਾਛੀਵਾੜਾ ਸਾਹਿਬ ਵਿੱਚ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਉਸਨੇ ਚਮਕੌਰ ਸਾਹਿਬ ਵਿੱਚ ਵੀ ਫਾਇਰਿੰਗ ਕਰਨ ਦੀ ਗੱਲ ਕਬੂਲ ਕੀਤੀ ਹੈ। ਇਹ ਸਾਰੀਆਂ ਵਾਰਦਾਤਾਂ ਸਰਬਜੀਤ ਸਿੰਘ ਸਾਬੀ ਦੇ ਕਹਿਣ ’ਤੇ ਕੀਤੀਆਂ ਗਈਆਂ ਸਨ।
ਐੱਸ.ਐੱਸ.ਪੀ. ਦੇ ਮੁਤਾਬਕ ਦੋਵੇਂ ਦੋਸ਼ੀ ਪੇਸ਼ੇਵਰ ਸ਼ੂਟਰ ਹਨ ਅਤੇ ਟਾਰਗੇਟ ਕਿਲਿੰਗ ਦਾ ਕੰਮ ਕਰਦੇ ਰਹੇ ਹਨ। ਖੰਨਾ ਵਿੱਚ ਕੱਪੜਾ ਵਪਾਰੀ ’ਤੇ ਫਾਇਰਿੰਗ ਦੇ ਮਾਮਲੇ ਵਿੱਚ ਵਿਦੇਸ਼ ’ਚ ਬੈਠੇ ਵਿੱਕੀ ਟਹਿਲਾ ਨੇ ਵਿਸ਼ਾਲ ਅਤੇ ਉਸਦੇ ਸਾਥੀ ਨੂੰ ਹਾਇਰ ਕੀਤਾ ਸੀ, ਜਦਕਿ ਮਾਛੀਵਾੜਾ ਸਾਹਿਬ ਅਤੇ ਹੋਰ ਮਾਮਲਿਆਂ ਵਿੱਚ ਸਰਬਜੀਤ ਸਿੰਘ ਸਾਬੀ ਵੱਲੋਂ ਗੋਰਾ ਨੂੰ ਹਾਇਰ ਕੀਤਾ ਗਿਆ ਸੀ।
ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਖੰਨਾ ਦੀ ਵਾਰਦਾਤ ਦੇ ਬਦਲੇ ਦੋਸ਼ੀਆਂ ਨੂੰ 20 ਹਜ਼ਾਰ ਰੁਪਏ ਮਿਲੇ ਸਨ, ਜਦਕਿ ਮਾਛੀਵਾੜਾ ਸਾਹਿਬ ਦੀ ਫਾਇਰਿੰਗ ਦੇ ਬਦਲੇ 2 ਲੱਖ ਰੁਪਏ ਦਿੱਤੇ ਗਏ ਸਨ। ਇਹ ਰਕਮ ਦੋਵੇਂ ਭਰਾਵਾਂ ਨੇ ਆਪਸ ਵਿੱਚ ਵੰਡ ਲਈ। ਪੈਸਿਆਂ ਦੇ ਲਾਲਚ ਵਿੱਚ ਦੋਵੇਂ ਨੇ ਕਈ ਖ਼ਤਰਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ।
ਪੁਲਿਸ ਹੁਣ ਦੋਸ਼ੀਆਂ ਦੇ ਮੋਬਾਈਲ ਫ਼ੋਨ, ਬੈਂਕ ਲੈਣ-ਦੇਣ ਅਤੇ ਵਿਦੇਸ਼ ’ਚ ਬੈਠੇ ਹੈਂਡਲਰਾਂ ਨਾਲ ਸੰਪਰਕਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਨਾਲ ਹੀ ਫ਼ਰਾਰ ਸਾਥੀ ਦੀ ਗ੍ਰਿਫ਼ਤਾਰੀ ਅਤੇ ਪੂਰੇ ਗੈਂਗ ਨੈੱਟਵਰਕ ਨੂੰ ਤੋੜਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।
ਐੱਸ.ਐੱਸ.ਪੀ. ਡਾ. ਅਰਪਣ ਆਹਲੂਵਾਲੀਆ ਨੇ ਸਪਸ਼ਟ ਕੀਤਾ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਕਿਸੇ ਵੀ ਕੀਮਤ ’ਤੇ ਫੈਲਣ ਨਹੀਂ ਦਿੱਤਾ ਜਾਵੇਗਾ। ਜੋ ਵੀ ਅਪਰਾਧੀ ਵਿਦੇਸ਼ਾਂ ’ਚ ਬੈਠ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆਂਦਾ ਜਾਵੇਗਾ।
