ਨਹੀਂ ਆਉਂਦੀ ਨੋਟਾਂ ਦੀ ਗਣਨਾ, ਮੈਸੇਜ ਪੜ੍ਹਨਾ, ਇਹ ਹੈ 76 ਫੀਸਦੀ ਨੌਜਵਾਨਾਂ ਦਾ ਹਾਲ
Saturday, Jan 20, 2018 - 05:02 AM (IST)
ਲੁਧਿਆਣਾ(ਵਿੱਕੀ)-ਐਨੂਅਲ ਸਟੇਟਸ ਆਫ ਐਜੂਕੇਸ਼ਨ (ਅਸਰ) ਸਰਵੇ ਦੀ ਰਿਪੋਰਟ ਵਿਚ ਅਜਿਹੇ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ ਹਨ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਧੁੰਦਲਾ ਕਰਦੇ ਪ੍ਰਤੀਤ ਹੁੰਦੇ ਹਨ। ਅੱਜ ਦੇ ਦੌਰ 'ਚ ਜਿੱਥੇ 2 ਸਾਲ ਦਾ ਬੱਚਾ ਮੋਬਾਇਲ ਚਲਾ ਰਿਹਾ ਹੈ, ਉਥੇ 14 ਤੋਂ 18 ਸਾਲ ਦੇ 76 ਫੀਸਦੀ ਬੱਚੇ ਅਜਿਹੇ ਦੇਖੇ ਗਏ, ਜੋ ਨੋਟ ਵੀ ਸਹੀ ਤਰ੍ਹਾਂ ਨਹੀਂ ਗਿਣ ਸਕਦੇ। ਨਵੇਂ ਭਾਰਤ ਵੱਲ ਵਧ ਰਹੇ ਦੇਸ਼ ਵਿਚ 10 ਵਿਚੋਂ 7 ਬੱਚਿਆਂ ਨੂੰ ਮੋਬਾਇਲ 'ਤੇ ਆਪਣੀ ਹੀ ਭਾਸ਼ਾ ਵਿਚ ਲਿਖਿਆ ਮੈਸੇਜ ਤੱਕ ਪੜ੍ਹਨਾ ਨਹੀਂ ਆਉਂਦਾ। ਸਰਵੇ ਵਿਚ ਜ਼ਿਆਦਾਤਰ 8ਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ। ਦੇਸ਼ ਦੇ 24 ਰਾਜਾਂ ਤੇ 28 ਜ਼ਿਲਿਆਂ ਦੇ 1641 ਪਿੰਡਾਂ ਦੇ 28,323 ਹਜ਼ਾਰ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ।
ਕਿਲੋਗ੍ਰਾਮ 'ਚ ਵਜ਼ਨ ਨਹੀਂ ਆਇਆ ਦੱਸਣਾ
ਇੱਥੇ ਹੀ ਬੱਸ ਨਹੀਂ, 14 ਤੋਂ 18 ਸਾਲ ਦੀ ਉਮਰ ਦੇ ਜ਼ਿਆਦਾਤਰ ਬੱਚਿਆਂ ਨੂੰ ਕਿਲੋਗ੍ਰਾਮ ਵਿਚ ਵਜ਼ਨ ਵੀ ਦੱਸਣਾ ਨਹੀਂ ਆਇਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਡੇਲੀ ਰੁਟੀਨ ਵਿਚ ਸ਼ਾਮਲ ਘੜੀ 'ਤੇ ਸਹੀ ਸਮਾਂ ਦੇਖਣਾ ਵੀ 40 ਫੀਸਦੀ ਬੱਚੇ ਨਹੀਂ ਜਾਣਦੇ। ਜ਼ਿਆਦਾਤਰ ਬੱਚਿਆਂ ਨੂੰ ਤਾਂ ਘੰਟੇ ਅਤੇ ਮਿੰਟ ਦੇ ਵਿਚ ਫਰਕ ਵੀ ਨਹੀਂ ਪਤਾ।
73 ਫੀਸਦੀ ਨੌਜਵਾਨਾਂ ਵਲੋਂ ਮੋਬਾਇਲ ਦੀ ਵਰਤੋਂ
ਸਰਵੇ ਵਿਚ ਪਤਾ ਲੱਗਾ ਹੈ ਕਿ 64 ਫੀਸਦੀ ਨੌਜਵਾਨਾਂ ਨੇ ਕਦੇ ਇੰਟਰਨੈੱਟ ਦੀ ਵਰਤੋਂ ਹੀ ਨਹੀਂ ਕੀਤੀ ਅਤੇ ਜਨਰਲ ਨਾਲੇਜ ਵਿਚ ਵੀ ਉਹ ਫਾਡੀ ਹਨ। ਦੇਸ਼ ਵਿਚ 73 ਫੀਸਦੀ ਨੌਜਵਾਨ ਮੌਜੂਦਾ ਸਮੇਂ ਵਿਚ ਮੋਬਾਇਲ ਵਰਤ ਰਹੇ ਹਨ। 14 ਸਾਲ ਦੀ ਉਮਰ ਵਿਚ 64 ਫੀਸਦੀ, ਜਦੋਂਕਿ 18 ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਇਹ ਅੰਕੜਾ 82 ਫੀਸਦੀ ਪੁੱਜ ਰਿਹਾ ਹੈ। ਇਥੇ ਹੀ ਬੱਸ ਨਹੀਂ, ਮੋਬਾਇਲ ਤੋਂ ਦੂਰ ਰਹਿਣ ਵਾਲਿਆਂ ਵਿਚ 22 ਫੀਸਦੀ ਲੜਕੀਆਂ ਅਤੇ 12 ਫੀਸਦੀ ਲੜਕੇ ਹਨ।
ਖਿਡੌਣੇ ਨਹੀਂ, ਮੋਬਾਇਲ ਨਾਲ ਚੁੱਪ ਹੁੰਦੈ ਰੋਂਦਾ ਬੱਚਾ
ਦੇਸ਼ ਵਿਚ ਜਿੱਥੇ 2 ਸਾਲ ਦੇ ਰੋਂਦੇ ਬੱਚੇ ਨੂੰ ਖਿਡੌਣਾ ਦੇ ਕੇ ਚੁੱਪ ਕਰਵਾਉਣਾ ਮੁਸ਼ਕਲ ਹੋ ਚੁੱਕਾ ਹੈ, ਉੱਥੇ ਜੇਕਰ ਇਕ ਵਾਰ ਉਸ ਦੇ ਹੱਥ ਵਿਚ ਮੋਬਾਇਲ ਫੋਨ ਫੜਾ ਦਿੱਤਾ ਜਾਵੇ ਤਾਂ ਮਜਾਲ ਹੈ ਕਿ ਇਕ ਬੂੰਦ ਵੀ ਹੰਝੂ ਡਿੱਗ ਪਵੇ। ਬੱਚਿਆਂ ਦਾ ਤਕਨੀਕ ਨਾਲ ਜੁੜਨਾ ਚੰਗੀ ਗੱਲ ਹੈ ਪਰ ਦੇਸ਼ ਦੇ 14 ਤੋਂ 18 ਸਾਲ ਦੇ ਬੱਚਿਆਂ ਦਾ ਹਾਲ ਇਹ ਹੈ ਕਿ ਉਹ ਮੋਬਾਇਲ ਚਲਾਉਣਾ ਤਾਂ ਜਾਣਦੇ ਹਨ ਪਰ ਉਸ 'ਤੇ ਆਪਣੀ ਹੀ ਭਾਸ਼ਾ 'ਚ ਲਿਖੇ ਸੁਨੇਹਾ ਨਹੀਂ ਪੜ੍ਹ ਸਕਦੇ।
36 ਫੀਸਦੀ ਬੱਚੇ ਨਹੀਂ ਜਾਣਦੇ ਦੇਸ਼ ਦੀ ਰਾਜਧਾਨੀ ਦਾ ਨਾਂ
ਕਰੀਬ 14 ਫੀਸਦੀ ਬੱਚਿਆਂ ਨੂੰ ਜਦੋਂ ਦੇਸ਼ ਦਾ ਮੈਪ ਦਿਖਾਇਆ ਗਿਆ ਤਾਂ ਉਨ੍ਹਾਂ ਨੂੰ ਇਸ ਸਬੰਧੀ ਪੂਰਾ ਗਿਆਨ ਹੀ ਨਹੀਂ ਸੀ। ਨਾਲ ਹੀ 36 ਫੀਸਦੀ ਬੱਚਿਆਂ ਨੂੰ ਦੇਸ਼ ਦੀ ਰਾਜਧਾਨੀ ਦਾ ਨਾਂ ਹੀ ਨਹੀਂ ਪਤਾ। ਪੇਂਡੂ ਖੇਤਰਾਂ ਨੂੰ ਵਿਕਸਿਤ ਕਰਨ 'ਤੇ ਧਿਆਨ ਦੇ ਰਹੀ ਮੋਦੀ ਸਰਕਾਰ ਦੇ ਯਤਨਾਂ ਨੂੰ ਝਟਕਾ ਹੀ ਕਿਹਾ ਜਾਵੇਗਾ ਕਿ 21 ਫੀਸਦੀ ਬੱਚਿਆਂ ਨੂੰ ਆਪਣੇ ਰਾਜਾਂ ਦਾ ਨਾਂ ਤੱਕ ਨਹੀਂ ਪਤਾ ਸੀ। ਇਸ ਨਾਲ ਦੇਸ਼ ਦੀ ਦਿਹਾਤੀ ਸਿੱਖਿਆ ਦੀ ਤਸਵੀਰ ਸਾਫ ਦਿਖ ਰਹੀ ਹੈ।
ਨਿਊ ਇੰਡੀਆ ਦੇ 59 ਫੀਸਦੀ ਨੌਜਵਾਨ ਕੰਪਿਊਟਰ ਤੋਂ ਦੂਰ
ਦੇਸ਼ ਨੂੰ ਜਿੱਥੇ ਡਿਜੀਟਲ ਇੰਡੀਆ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਹਨ, ਉਥੇ ਹਾਲ ਇਹ ਹੈ ਕਿ ਨਿਊ ਇੰਡੀਆ ਦੇ 59 ਫੀਸਦੀ ਨੌਜਵਾਨ ਹੁਣ ਵੀ ਕੰਪਿਊਟਰ ਤੋਂ ਦੂਰ ਹਨ। ਹਾਲਾਂਕਿ ਮੋਬਾਇਲ 'ਤੇ ਨੌਜਵਾਨਾਂ ਦੀ ਦਿਲਚਸਪੀ ਤੇਜ਼ੀ ਨਾਲ ਵਧ ਰਹੀ ਹੈ ਪਰ ਕੰਪਿਊਟਰ ਅਤੇ ਇੰਟਰਨੈੱਟ ਤੋਂ ਇਨ੍ਹਾਂ ਦੀ ਦੂਰੀ ਦੱਸੀ ਗਈ ਹੈ।
