ਸ਼੍ਰੋਮਣੀ ਕਮੇਟੀ ਨੇ ਰੋਕੀ ਦੁੱਧ-ਘਿਓ ਦੀ ਸਪਲਾਈ, ਡੇਅਰੀ ਫਾਰਮਰ ਪਰੇਸ਼ਾਨ

07/18/2020 3:09:34 PM

ਨਾਭਾ (ਰਾਹੁਲ) : ਇੱਕ ਪਾਸੇ ਜਿੱਥੇ ਪੰਜਾਬ ਦਾ ਕਿਸਾਨ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਆ ਚੁੱਕਾ ਹੈ, ਉੱਥੇ ਹੀ ਕਿਸਾਨਾਂ ਨੂੰ ਇੱਕ ਹੋਰ ਵੱਡੀ ਮਾਰ ਪਈ ਹੈ। ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ.ਪੀ.ਸੀ.) ਦੇਸੀ ਘਿਓ ਅਤੇ ਸੁੱਕਾ ਦੁੱਧ ਵੇਰਕਾ ਦੀ ਜਗ੍ਹਾ ਹੁਣ ਮਹਾਂਰਾਸ਼ਟਰ ਦੇ ਸ਼ਹਿਰ ਪੁਣੇ ਦੀ ਇਕ ਕੰਪਨੀ ਸੋਨਾਈ ਕਾਰਪੋਰੇਟ ਤੋਂ ਖਰੀਦੇਗੀ, ਜਿਸ ਕਰਕੇ ਪੰਜਾਬ ਦੇ ਕਿਸਾਨਾਂ ਤੋਂ ਵੇਰਕਾ ਪਲਾਂਟ ਨੇ ਦੁੱਧ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।

ਇਸ ਕਾਰਨ ਹੁਣ ਨਾਭਾ ਦੇ ਡੇਅਰੀ ਫਾਰਮਰ ਪੰਜਾਬ ਸਰਕਾਰ ਤੋਂ ਇਸ ਮਸਲੇ ਦਾ ਹੱਲ ਕਰਨ ਦੀ ਮੰਗ ਕਰ ਰਹੇ ਹਨ। ਨਾਭਾ ਬਲਾਕ ਦੇ ਪਿੰਡ ਚਾਸਵਾਲ ਵਿਖੇ ਅਤੇ ਵੱਖ-ਵੱਖ ਡੇਅਰੀ ਫਾਰਮਰ ਕਾਫੀ ਚਿੰਤਾ 'ਚ ਦਿਖਾਈ ਦੇ ਰਹੇ ਹਨ, ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹਿਲਾਂ ਘਿਓ ਅਤੇ ਸੁੱਕਾ ਦੁੱਧ ਪੰਜਾਬ ਦੇ ਅਦਾਰੇ ਵੇਰਕਾ ਤੋਂ ਖਰੀਦਦੀ ਸੀ, ਜਦੋਂ ਕਿ ਹੁਣ ਇਹ ਠੇਕਾ ਪੁਣੇ ਦੀ ਇਕ ਕੰਪਨੀ ਨੂੰ ਦਿੱਤਾ ਗਿਆ ਹੈ, ਜੋ ਕਿ ਸਾਰਾ ਸਾਮਾਨ ਸ਼੍ਰੋਮਣੀ ਕਮੇਟੀ ਨੂੰ ਪਹੁੰਚਾਓਣ ਲੱਗੀ ਹੈ।

ਸ਼੍ਰੋਮਣੀ ਕਮੇਟੀ ਦਾ ਤਰਕ ਹੈ ਕਿ ਟੈਡਰਾਂ 'ਚ ਸਭ ਤੋਂ ਘੱਟ ਪੁਣੇ ਦੀ ਕੰਪਨੀ ਸੋਨਾਈ ਕਾਰਪੋਰੇਟ ਨੇ ਰੇਟ ਦਿੱਤੇ ਸਨ, ਜਿਸ ਕਰਕੇ ਇਹ ਸਾਮਾਨ ਵੇਰਕਾ ਨੂੰ ਛੱਡ ਕੇ ਮਹਾਂਰਾਸ਼ਟਰ ਤੋਂ ਲੈਣਾ ਸ਼ੁਰੂ ਕੀਤਾ ਹੈ। ਵੇਰਕਾ ਨਾਲ ਪੰਜਾਬ ਦਾ ਕਿਸਾਨ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ, ਜੋ ਕਿ ਸਹਾਇਕ ਧੰਦੇ ਦੇ ਰੂਪ 'ਚ ਦੁੱਧ ਵੇਚਦਾ ਹੈ ਅਤੇ ਬਹੁਤ ਸਾਰੇ ਘਰਾਂ ਦਾ ਗੁਜ਼ਾਰਾ ਇਸ ਨਾਲ ਚੱਲਦਾ ਹੈ। ਇਕ ਵੱਡਾ ਆਰਡਰ ਰੱਦ ਹੋਣ ਨਾਲ ਇਸ ਦਾ ਅਸਰ ਸਿੱਧੇ ਰੂਪ 'ਚ ਕਿਸਾਨਾਂ 'ਤੇ ਹੀ ਪਵੇਗਾ ਕਿਉਂਕਿ ਵੇਰਕਾ ਕਿਸਾਨਾਂ ਤੋਂ ਸਸਤੇ ਭਾਅ ਦੁੱਧ ਲਵੇਗੀ ਅਤੇ ਬਾਕੀ ਦੁੱਧ ਲੈਣ ਵਾਲੀਆਂ ਕੰਪਨੀਆਂ ਵੀ ਕਿਸਾਨਾਂ ਤੋਂ ਲਏ ਜਾਣ ਵਾਲੇ ਦੁੱਧ ਦੇ ਭਾਅ ਸੁੱਟਣਗੀਆਂ।


Babita

Content Editor

Related News